ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਾਲੀ ਬੇਂਦਰੇ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੀ ਹੈ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਕੀਤਾ ਹੈ। ਸੋਨਾਲੀ ਨਿਊਯਾਰਕ 'ਚ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਅਦਾਕਾਰਾ ਸੋਨਾਲੀ ਬੇਂਦਰੇ ਪਿਛਲੇ ਕਈ ਸਾਲਾਂ ਤੋਂ ਲਾਈਮਲਾਈਟ ਤੋਂ ਦੂਰ ਹੈ। ਉਨ੍ਹਾਂ ਨੂੰ 'ਸਰਫਰੋਸ਼', 'ਹਮ ਸਾਥ-ਸਾਥ ਹੈਂ' ਅਤੇ 'ਲੱਜਾ' ਵਰਗੀਆਂ ਚਰਚਿਤ ਫਿਲਮਾਂ 'ਚ ਯਾਦਗਾਰ ਕਿਰਦਾਰਾਂ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਸਾਂਝੀ ਕੀਤੀ ਪੋਸਟ ਰਾਹੀਂ ਸੋਨਾਲੀ ਨੇ ਆਪਣੀ ਇਸ ਬੀਮਾਰੀ ਬਾਰੇ ਦੱਸਿਆ ਹੈ।
ਉਨ੍ਹਾਂ ਨੇ ਇੰਸਟਾਗਰਾਮ 'ਤੇ ਇਕ ਪੋਸਟ ਲਿਖ ਕੇ ਖੁਦ ਨੂੰ ਕੈਂਸਰ ਹੋਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਹਾਈ ਗ੍ਰੇਡ ਕੈਂਸਰ ਨਾਲ ਜੂਝ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਦੀ ਫੈਮਿਲੀ ਅਤੇ ਕਲੋਜ਼ ਫ੍ਰੈਂਡਜ਼ ਉਨ੍ਹਾਂ ਦਾ ਪੂਰਾ ਧਿਆਨ ਰੱਖ ਰਹੇ ਹਨ ਅਤੇ ਉਹ ਫਿਲਹਾਲ ਨਿਊਯਾਰਕ 'ਚ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਉਹ ਇਸ ਲੜ੍ਹਾਈ ਨਾਲ ਲੜਣ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲ ਹੀ 'ਚ ਟੀ. ਵੀ. ਸ਼ੋਅ 'ਇੰਡੀਆਜ਼ ਬੈਸਟ ਡਰਾਮੇਬਾਜ਼' 'ਚ ਉਨ੍ਹਾਂ ਦੀ ਜਗ੍ਹਾ ਹੁਮਾ ਕੁਰੈਸ਼ੀ ਨੂੰ ਰਿਪਲੇਸ ਕੀਤਾ ਗਿਆ ਹੈ, ਜਿਸ ਦਾ ਕਾਰਨ ਉਨ੍ਹਾਂ ਦੀ ਇਹੀ ਬੀਮਾਰੀ ਦੱਸੀ ਜਾ ਰਹੀ ਹੈ।