ਮੁੰਬਈ (ਬਿਊਰੋ)— ਅਭਿਨੇਤਰੀ ਸੋਨਮ ਕਪੂਰ ਆਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਦੇ ਸੈੱਟ 'ਤੇ ਕਥਿਤ ਰੂਪ ਨਾਲ ਕੈਟ ਫਾਈਟ ਨੂੰ ਲੈ ਕੇ ਉਡ ਰਹੀਆਂ ਅਫਵਾਹਾਂ ਤੋਂ ਕਾਫੀ ਨਾਰਾਜ਼ ਹੈ। ਫਿਲਮ 'ਚ ਕਰੀਨਾ ਕਪੂਰ ਖਾਨ, ਸਵਰਾ ਭਾਸਕਰ ਤੇ ਸ਼ਿਖਾ ਤਲਸਾਨੀਆ ਵੀ ਅਭਿਨੈ ਕਰ ਰਹੀਆਂ ਹਨ। ਸੋਨਮ ਦੀ ਪ੍ਰਤੀਕਿਰਿਆ ਇਕ ਮਨੋਰੰਜਨ ਵੈੱਬਸਾਈਟ ਦੀ ਇਕ ਬੇਬੁਨਿਆਦ ਖਬਰ ਤੋਂ ਬਾਅਦ ਆਈ ਹੈ।
ਸੋਨਮ ਨੇ ਟਵਿਟਰ 'ਤੇ ਇਕ ਪੋਸਟ 'ਚ ਲਿਖਿਆ, 'ਪਿਆਰੀਆਂ ਵੈੱਬਸਾਈਟਸ, ਤੁਸੀਂ ਕਈ 'ਬੇਬੁਨਿਆਦ ਖਬਰਾਂ' ਨੂੰ ਬਾਹਰ ਲੈ ਕੇ ਆ ਰਹੇ ਹੋ ਕਿਉਂਕਿ ਤੁਸੀਂ ਮਹਿਲਾਵਾਂ ਨੂੰ ਇਕ-ਦੂਜੇ ਖਿਲਾਫ ਖੜ੍ਹਾ ਕਰਨਾ ਚਾਹੁੰਦੇ ਹੋ। ਇਹ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦਾ ਹੈ ਪਰ ਇਹ ਸੱਚ ਨਹੀਂ ਹੈ।'
ਉਸ ਨੇ ਕਿਹਾ, 'ਅਸੀਂ ਅਸਲ ਦੋਸਤ ਬਣੇ ਰਹਾਂਗੇ ਤੇ ਫਿਲਮ ਨੂੰ ਜ਼ਬਰਦਸਤ ਤਰੀਕੇ ਨਾਲ ਬਣਾਵਾਂਗੇ ਤੇ ਇਹ ਸਾਬਿਤ ਕਰਾਂਗੇ ਕਿ ਮਹਿਲਾਵਾਂ ਇਕ-ਦੂਜੇ ਨਾਲ ਕੰਮ ਕਰ ਸਕਦੀਆਂ ਹਨ, ਇਕੱਠੀਆਂ ਰਹਿ ਸਕਦੀਆਂ ਹਨ ਤੇ ਪਰਦੇ 'ਤੇ ਵੀ ਧਮਾਕਾ ਕਰ ਸਕਦੀਆਂ ਹਨ ਕਿਉਂਕਿ ਅਸੀਂ ਕਰ ਸਕਦੇ ਹਾਂ ਤੇ ਅਸੀਂ ਅਜਿਹਾ ਕਰਦੇ ਰਹਾਂਗੇ। ਕਿਰਪਾ ਕਰਕੇ ਧਿਆਨ ਰੱਖੋ ਕਿ ਤੁਹਾਡਾ ਨਜ਼ਰੀਆ ਕਿੰਨਾ ਪੁਰਾਣਾ, ਗੈਰ-ਜ਼ਿੰਮੇਵਾਰ ਤੇ ਹਾਨੀਕਾਰਕ ਹੈ ਤੇ ਮਹਿਲਾਵਾਂ ਦੀ ਸੰਸਕ੍ਰਿਤੀ ਲਈ ਕਿੰਨੀ ਨਿਰਾਸ਼ਾਜਨਕ ਹੈ, ਜੋ ਅਸਲ 'ਚ ਇਕੱਠੀਆਂ ਕੰਮ ਕਰਨਾ ਚਾਹੁੰਦੀਆਂ ਹਨ।'
ਇਸ ਫਿਲਮ ਦੀ ਨਿਰਮਾਤਾ ਰੇਆ ਕਪੂਰ ਤੇ ਏਕਤਾ ਕਪੂਰ ਹਨ। ਫਿਲਮ ਦਾ ਪਹਿਲਾ ਹਿੱਸਾ ਦਿੱਲੀ 'ਚ ਪੂਰਾ ਕੀਤਾ ਜਾ ਚੁੱਕਾ ਹੈ। ਸ਼ਸ਼ਾਂਕ ਘੋਸ਼ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਸੋਨਮ ਤੇ ਰੇਆ ਦੇ ਪਿਤਾ ਤੇ ਦਿੱਗਜ ਅਭਿਨੇਤਾ ਅਨਿਲ ਕਪੂਰ ਨੇ ਵੀ ਇਨ੍ਹਾਂ ਅਫਵਾਹਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।