ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੇ ਮਸ਼ਹੂਰ ਪਲੇਬੈਕ ਸਿੰਗਰ ਸੋਨੂੰ ਨਿਗਮ ਨੂੰ ਪਿੱਠ 'ਚ ਕਾਫੀ ਦਰਦ ਹੋਣ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸੋਨੂੰ ਨਿਗਮ ਨੇਪਾਲ ਦੇ ਪੋਖਰਾ 'ਚ ਕੰਸਰਟ ਲਈ ਪਹੁੰਚੇ ਸਨ, ਜਿਥੇ ਉਨ੍ਹਾਂ ਦੀ ਪਿੱਠ 'ਚ ਕਾਫੀ ਜ਼ਿਆਦਾ ਦਰਦ ਉੱਠਿਆ। ਉਨ੍ਹਾਂ ਨੂੰ ਕਾਠਮਾਂਡੂ ਦੇ ਨੌਰਵਿਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸੂਤਰਾਂ ਮੁਤਾਬਕ, ਹਸਪਤਾਲ ਦੇ ਕਾਰਪੋਰੇਟ ਕਮਿਊਨਿਕੇਸ਼ਨ ਦੀ ਡਿਪਟੀ ਜਰਨਲ ਮੈਨੇਜਰ ਆਰ. ਪੀ. ਮੈਨਾਲੀ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਮੈਨਾਲੀ ਨੇ ਦੱਸਿਆ, ''ਸੋਨੂੰ ਨਿਗਮ ਨੂੰ ਹਸਪਤਾਲ ਦੇ ਵੀ. ਆਈ. ਪੀ. 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਪਿੱਠ 'ਚ ਕਾਫੀ ਦਰਦ ਹੋ ਰਿਹਾ ਸੀ। ਐੱਮ. ਆਰ. ਆਈ. ਕੀਤਾ ਜਾ ਚੁੱਕਾ ਹੈ ਤੇ ਹੁਣ ਰਿਪੋਰਟਸ ਦਾ ਇੰਤਜ਼ਾਰ ਕਰ ਰਹੇ ਹਾਂ। ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਨ੍ਹਾਂ ਨੂੰ ਕਿਹੜਾ ਟ੍ਰੀਟਮੈਂਟ ਦਿੱਤਾ ਜਾਣਾ ਚਾਹੀਦਾ ਹੈ।''
ਦੱਸਣਯੋਗ ਹੈ ਕਿ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਤੇ ਸੋਨੂੰ ਨਿਗਮ ਨੇ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਸੀ, ''ਲੋਕ ਅਫਸੋਸ ਕਿਉਂ ਕਰ ਰਹੇ ਹਨ? ਭਾਰਤ ਦੇ ਟੁਕੜੇ ਵਾਲੀ ਗੱਲ ਕਹਿਣ ਵਾਲੇ ਤਾਂ ਧਰਮ ਨਿਰਪੱਖ ਹਨ। ਸੁਣਿਆ ਹੈ ਲੋਕ ਹੰਗਾਮਾ ਕਰ ਰਹੇ ਹਨ। ਦੁੱਖ ਪ੍ਰਗਟਾ ਰਹੇ ਹਨ ਕਿਉਂਕਿ ਸੀ. ਆਰ. ਪੀ. ਐੱਫ. ਦੇ ਲੋਕ ਮਰ ਗਏ ਹਨ। ਹੁਣ ਉਹ 44 ਹੋਣ ਜਾਂ 440, ਤੁਸੀਂ ਕਿਉਂ ਦੁੱਖ ਮਨਾ ਰਹੇ ਹੋ। ਇਸ 'ਚ ਦੁੱਖ ਵਾਲੀ ਕਿਹੜੀ ਗੱਲ ਹੈ। ਤੁਸੀਂ ਉਹ ਕਰੋ ਜੋ ਦੇਸ਼ ਲਈ ਸਹੀ ਹੈ। ਦੁੱਖ ਮਨਾਉਣਾ ਭਾਜਪਾ, ਸੰਘ, ਹਿੰਦੂਤਵਵਾਦੀ, ਰਾਸ਼ਟਰਵਾਦੀਆਂ 'ਤੇ ਛੱਡ ਦਿਓ।''