ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਇਕ ਅਜਿਹੇ ਕਲਾਕਾਰ ਹਨ ਜੋ ਬਾਲੀਵੁੱਡ, ਕਾਲੀਵੁੱਡ ਅਤੇ ਟਾਲੀਵੁੱਡ ਤਿੰਨਾਂ 'ਚ ਕੰਮ ਕਰ ਚੁੱਕੇ ਹਨ। ਸੋਨੂੰ ਸੂਦ ਅੱਜ ਆਪਣਾ 46ਵਾਂ ਜਨਮਦਿਨ ਮਨਾ ਰਹੇ ਹਨ। ਸੋਨੂੰ ਸੂਦ ਦਾ ਜਨਮ 30 ਜੁਲਾਈ, 1973 'ਚ ਪੰਜਾਬ ਦੇ ਮੋਗਾ ਜ਼ਿਲੇ 'ਚ ਹੋਇਆ ਸੀ। ਜਨਮ ਤੋਂ ਬਾਅਦ ਉਨ੍ਹਾਂ ਦੀ ਪੜ੍ਹਾਈ ਨਾਗਪੁਰ 'ਚ ਪੂਰੀ ਹੋਈ ਸੀ। ਸੋਨੂੰ ਨੇ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਇੰਜੀਨੀਅਰ ਬਣਨ ਤੋਂ ਬਾਅਦ ਸੋਨੂੰ ਨੇ ਮਾਡਲਿੰਗ ਦੀ ਸ਼ੁਰੂਆਤ ਕੀਤੀ ਅਤੇ ਮਿਸਟਰ ਇੰਡੀਆ ਕਾਨਟੈਸਟ 'ਚ ਮੁਕਾਬਲੇਬਾਜ਼ ਰਹੇ।
ਸੋਨੂੰ ਸੂਦ ਨੇ ਕਈ ਐਕਸ਼ਨ ਕਿਰਦਾਰ ਨਿਭਾਏ ਹਨ। ਆਪਣੇ ਹੁਨਰ ਕਰਕੇ ਉਨ੍ਹਾਂ ਨੂੰ ਲਗਾਤਾਰ ਫਿਲਮਾਂ 'ਚ ਕੰਮ ਮਿਲਦਾ ਰਹਿੰਦਾ ਹੈ। ਬਾਲੀਵੁੱਡ 'ਚ ਰੋਮਾਂਟਿਕ, ਕਾਮੇਡੀ ਤੇ ਵਿਲੇਨ ਕਈ ਤਰ੍ਹਾਂ ਦਾ ਕਿਰਦਾਰ ਨਿਭਾਉਣ ਵਾਲੇ ਸੋਨੂੰ ਸੂਦ ਬਾਰੇ ਕਈ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ।
ਸੋਨੂੰ ਨੇ ਅਭਿਨੈ ਦੀ ਸ਼ੁਰੂਆਤ 1999 ਦੀ ਤਾਮਿਲ ਫਿਲਮ 'ਕਲਾਝਾਗਰ' ਨਾਲ ਕੀਤੀ ਸੀ। ਸਾਊਥ 'ਚ ਫਿਲਮਾਂ ਕਰਦੇ ਹੋਏ ਸੋਨੂੰ ਨੇ ਆਪਣੀ ਪਹਿਲੀ ਹਿੰਦੀ ਫਿਲਮ 2002 'ਚ 'ਸ਼ਹੀਦ ਏ ਆਜ਼ਮ' ਕੀਤੀ ਸੀ, ਜਿਸ 'ਚ ਉਨ੍ਹਾਂ ਸ਼ਹੀਦ ਭਗਤ ਸਿੰਘ ਦਾ ਕਿਰਦਾਰ ਨਿਭਾਇਆ ਸੀ। ਸੋਨੂੰ ਨੇ ਆਪਣੇ ਫਿਲਮੀ ਕਰੀਅਰ ਦੌਰਾਨ ਤਾਮਿਲ, ਤੇਲਗੂ, ਕੰਨੜ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ 'ਚ ਫਿਲਮਾਂ ਕੀਤੀਆਂ ਹਨ।
ਸੋਨੂੰ ਸੂਦ ਨੂੰ 2010 'ਚ ਰਿਲੀਜ਼ ਹੋਈ ਫਿਲਮ 'ਦਬੰਗ' 'ਚ ਨੈਗਟਿਵ ਕਿਰਦਾਰ ਲਈ ਉਸ ਸਾਲ ਦਾ ਆਈਫਾ ਐਵਾਰਡ ਮਿਲਿਆ ਸੀ। ਇਸ ਫਿਲਮ 'ਚ ਸੋਨੂੰ ਨੇ ਸਲਮਾਨ ਖਾਨ ਦੇ ਆਪੋਜ਼ਿਟ ਵਿਲੇਨ ਦਾ ਕਿਰਦਾਰ ਨਿਭਾਇਆ ਸੀ।
ਸੋਨੂੰ ਨੇ ਫਿਲਮ 'ਸ਼ੂਟਆਊਟ ਏਟ ਵਡਾਲਾ' ਅਤੇ 'ਹੈਪੀ ਨਿਊ ਈਅਰ' 'ਚ ਅਹਿਮ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਸੋਨੂੰ 'ਯੁਵਾ', 'ਆਸ਼ਿਕ ਬਣਾਯਾ ਆਪ ਨੇ', 'ਜੋਧਾ ਅਕਬਰ', 'ਹੈਪੀ ਨਿਊ ਈਅਰ', 'ਗੱਬਰ ਇਜ਼ ਬੈਕ' ਤੇ 'ਸਿੰਬਾ' 'ਚ ਨਜ਼ਰ ਆ ਚੁੱਕੇ ਹਨ।
ਸੋਨੂ ਨੇ ਸਾਲ 1996 'ਚ ਸੋਨਾਲੀ ਨਾਲ ਵਿਆਹ ਕਰਵਾਇਆ ਸੀ। ਸੋਨੂੰ ਦੀ ਪਤਨੀ ਸੋਨਾਲੀ ਹਮੇਸ਼ਾ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ ਪਰ ਸੋਨੂੰ ਨਾਲ ਉਹ ਕਈ ਈਵੈਂਟ 'ਚ ਨਜ਼ਰ ਆ ਚੁੱਕੀ ਹੈ। ਸੋਨੂੰ ਅਤੇ ਸੋਨਾਲੀ ਦੇ ਦੋ ਬੇਟੇ ਈਸ਼ਾਂਤ ਅਤੇ ਅਯਾਨ ਸੂਦ ਹਨ।