FacebookTwitterg+Mail

ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਮੁੜ ਅੱਗੇ ਆਏ ਸੋਨੂੰ ਸੂਦ, ਘਰ ਪਹੁੰਚਾਉਣ ਦਾ ਚੁੱਕਿਆ ਬੀੜਾ

sonu sood helping people labours to reach home in lockdown
23 May, 2020 01:07:24 PM

ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਦਾ ਕਹਿਰ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਪਰ ਲੋਕਾਂ ਦੇ ਹੌਂਸਲੇ ਵੀ ਬੁਲੰਦ ਹਨ। ਜਿਥੇ ਇਕ ਪਾਸੇ ਕੋਰੋਨਾ ਨਾਲ ਲੜਨ 'ਚ ਕੋਰੋਨਾ ਵਾਰੀਅਰਜ਼ ਆਪਣੀ ਭੂਮਿਕਾ ਮਜ਼ਬੂਤੀ ਨਾਲ ਨਿਭਾ ਰਹੇ ਹਨ ਤਾਂ ਉਥੇ ਹੀ ਬਾਲੀਵੁੱਡ ਸਿਤਾਰੇ ਵੀ ਲੋਕਾਂ ਦੀ ਮਦਦ ਲਈ ਹਰ ਸੰਭਵ ਯਤਨ ਕਰ ਰਹੇ ਹਨ। ਸੋਨੂੰ ਸੂਦ ਵੀ ਉਨ੍ਹਾਂ ਸਿਤਾਰਿਆਂ 'ਚੋਂ ਇੱਕ ਹਨ, ਜਿਹੜੇ ਦਿਲ ਖੋਲ੍ਹ ਕੇ ਇਸ ਲਾਕਡਾਊਨ 'ਚ ਲੋਕਾਂ ਦੀ ਸਹਾਇਤਾ ਕਰ ਰਹੇ ਹਨ। ਕਈ ਮਜ਼ਦੂਰ ਪੈਦਲ ਹੀ ਆਪਣੇ-ਆਪਣੇ ਘਰਾਂ ਨੂੰ ਜਾ ਰਹੇ ਹਨ। ਅਜਿਹੇ 'ਚ ਸੋਨੂੰ ਸੂਦ ਨੇ ਕਈ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਬੀੜਾ ਚੁੱਕਿਆ ਹੈ। ਇੱਕ ਵਾਰ ਫਿਰ ਸੋਨੂੰ ਸੂਦ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਘਰ ਜਾਣ ਵਾਲੇ ਬੇਵਸ ਲੋਕਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੀ ਮਦਦ ਕੀਤੀ ਹੈ।

ਦਰਅਸਲ, ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਟਵੀਟ ਕਰਕੇ ਦੱਸਿਆ ਕਿ ਉਸ ਨੇ ਨੇੜਲੀ ਪੁਲਸ ਚੌਕੀ ਦੇ ਕਈ ਚੱਕਰ ਲਗਾਏ ਸਨ। ਹੁਣ ਵੀ ਉਹ ਧਾਰਾਵੀ 'ਚ ਰਹਿੰਦਾ ਹੈ ਪਰ ਮਦਦ ਦੀ ਕੋਈ ਉਮੀਦ ਨਹੀਂ ਹੈ। ਉਸ ਵਿਅਕਤੀ ਦੇ ਟਵੀਟ 'ਤੇ ਸੋਨੂੰ ਸੂਦ ਨੇ ਉਸ ਨੂੰ ਆਪਣੀ ਡਿਟੇਲ (ਪੂਰੀ ਜਾਣਕਾਰੀ) ਭੇਜਣ ਲਈ ਕਿਹਾ। ਸੋਨੂੰ ਸੂਦ ਨੇ ਲਿਖਿਆ, ''ਭਰਾ ਚੱਕਰ ਲਾਉਣੇ ਬੰਦ ਕਰ ਅਤੇ ਸਾਂਤ ਹੋ ਜਾ। ਦੋ ਦਿਨਾਂ 'ਚ ਬਿਹਾਰ ਆਪਣੇ ਘਰ ਦਾ ਪਾਣੀ ਪੀਓਗੇ, ਪੂਰਾ ਪਤਾ ਭੇਜ।''

ਇਕ ਹੋਰ ਵਿਅਕਤੀ ਨੇ ਟਵੀਟ ਕਰਕੇ ਸੋਨੂੰ ਸੂਦ ਤੋਂ ਮਦਦ ਮੰਗੀ। ਉਸ ਨੇ ਲਿਖਿਆ, ''ਸਰ ਪਲੀਜ ਈਸਟ ਯੂਪੀ 'ਚ ਕਿਤੇ ਵੀ ਭੇਜ ਦਿਓ, ਉਥੋ ਮੈਂ ਪੈਦਲ ਹੀ ਆਪਣੇ ਘਰ ਚੱਲ ਜਾਵਾਂਗਾ।'' ਇਸ 'ਤੇ ਸੋਨੂੰ ਸੂਦ ਨੇ ਲਿਖਿਆ, ''ਪੈਦਲ ਕਿਉਂ ਜਾਓਗੇ ਦੋਸਤ? ਨੰਬਰ ਭੇਜੋ।''

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੋਨੂੰ ਸੂਦ ਨੇ ਬਿਹਾਰ ਦੇ ਕਈ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ। ਟਵਿੱਟਰ ਦੇ ਜ਼ਰੀਏ ਜਿਹੜੇ ਲੋਕ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ, ਉਹ ਹਰ ਕਿਸੇ ਦੀ ਮਦਦ ਕਰ ਰਹੇ ਹਨ। ਉਨ੍ਹਾਂ ਨੇ ਮੁੰਬਈ ਦੇ ਜੁਹੂ ਸਥਿਤ ਹੋਟਲ ਦੇ ਦਰਵਾਜ਼ੇ ਵੀ ਸਿਹਤ ਕਾਮਿਆਂ ਲਈ ਖੋਲ੍ਹੇ। ਇਸ ਤੋਂ ਪਹਿਲਾਂ ਜਦੋਂ ਦੇਸ਼ 'ਚ ਲਾਕਡਾਊਨ ਲਗਾ ਤਾਂ ਉਨ੍ਹਾਂ ਨੇ ਆਪਣੇ ਪਿਤਾ ਸ਼ਕਤੀ ਸਾਗਰ ਸੂਦ ਦੇ ਨਾਂ 'ਤੇ ਇਕ ਸਕੀਮ ਲਾਂਚ ਕੀਤੀ ਸੀ, ਜਿਸ ਦੇ ਤਹਿਤ ਉਹ ਰੋਜ਼ਾਨਾ 45 ਹਜ਼ਾਰ ਲੋਕਾਂ ਨੂੰ ਭੋਜਨ ਖੁਆ ਰਹੇ ਸਨ।
 


Tags: Sonu SoodHelping PeopleLaboursLockdownTwitterBollywood Celebrity

About The Author

sunita

sunita is content editor at Punjab Kesari