FacebookTwitterg+Mail

'ਜਗ ਬਾਣੀ' ਨਾਲ ਇੰਟਰਵਿਊ ਦੌਰਾਨ ਬੋਲੇ ਸੋਨੂੰ ਸੂਦ, ਅਗਲੇ ਸਾਲ ਪੰਜਾਬੀ ਫਿਲਮ ਕਰਨ ਦਾ ਇਰਾਦਾ

sonu sood paltan
25 August, 2018 08:56:13 AM

ਪੰਜਾਬ ਦੇ ਮੋਗਾ ਨਾਲ ਸਬੰਧ ਰੱਖਣ ਵਾਲੇ ਫਿਲਮ ਅਭਿਨੇਤਾ ਸੋਨੂੰ ਸੂਦ ਚੀਨ ਵੱਲੋਂ ਭਾਰਤ ਵਿਚ 1967 ਵਿਚ ਕੀਤੀ ਗਈ ਘੁਸਪੈਠ 'ਤੇ ਬਣੀ ਫਿਲਮ 'ਪਲਟਨ' ਵਿਚ ਮੇਜਰ ਬਿਸ਼ਨ ਸਿੰਘ ਦੇ ਕਿਰਦਾਰ ਵਿਚ ਨਜ਼ਰ ਆ ਰਹੇ ਹਨ। ਇਹ ਫਿਲਮ 7 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੋਨੂੰ ਸੂਦ ਅੱਜ-ਕਲ ਫਿਲਮ ਦੇ ਪ੍ਰਮੋਸ਼ਨ ਲਈ ਕੰਮ ਕਰ ਰਹੇ ਹਨ। ਜਲੰਧਰ ਵਿਚ ਜਗ ਬਾਣੀ ਦਫਤਰ ਪਹੁੰਚੇ ਸੋਨੂੰ ਸੂਦ ਦੇ ਨਾਲ ਸਾਡੀ ਪ੍ਰਤੀਨਿਧੀ ਹਰਲੀਨ ਕੌਰ ਨੇ ਪਲਟਨ ਤੋਂ ਇਲਾਵਾ ਉੁਨ੍ਹਾਂ ਦੀ ਆਉਣ ਵਾਲੀ ਫਿਲਮ 'ਸਿੰਬਾ' ਅਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਸਬੰਧੀ ਗੱਲ ਕੀਤੀ। ਪੇਸ਼ ਹੈ ਪੂਰੀ ਗੱਲਬਾਤ :
ਫਿਲਮ 'ਪਲਟਨ' ਦੀ ਕਹਾਣੀ ਕਿਹੋ ਜਿਹੀ ਹੈ, ਫਿਲਮ 'ਚ ਤੁਹਾਡਾ ਕਿਰਦਾਰ ਕੀ ਹੈ?
ਸੰਨ 1962 'ਚ ਭਾਰਤ-ਚੀਨ ਦਰਮਿਆਨ ਹੋਈ ਜੰਗ ਨਾਲ ਤਾਂ ਹਰ ਕੋਈ ਵਾਕਿਫ ਹੈ ਪਰ 1967 'ਚ ਚੀਨ ਵੱਲੋਂ ਭਾਰਤ 'ਚ ਨਾਥੂਲਾ ਦੱਰੇ ਰਾਹੀਂ ਕੀਤੀ ਗਈ ਘੁਸਪੈਠ ਦੀ ਕਹਾਣੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਉਸ ਸਮੇਂ ਚੀਨ ਨੇ ਨਾਥੂਲਾ ਰਸਤੇ ਸਿੱਕਮ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਾਡੀ ਫੌਜ ਦੀ ਬਟਾਲੀਅਨ ਨੇ ਚੀਨ ਦੇ ਇਸ ਨਾਪਾਕ ਇਰਾਦੇ ਨੂੰ ਨਾਕਾਮ ਕਰ ਦਿੱਤਾ। ਜੇਕਰ ਉਸ ਵੇਲੇ ਇਹ ਪਲਟਨ ਨਾ ਹੁੰਦੀ ਤਾਂ ਸ਼ਾਇਦ ਸਿੱਕਮ ਭਾਰਤ ਤੋਂ ਅਲੱਗ ਹੋ ਜਾਂਦਾ। ਅੱਜ ਜੇਕਰ ਸਿੱਕਮ ਭਾਰਤ ਦਾ ਹਿੱਸਾ ਹੈ ਤਾਂ ਉਹ ਇਸ ਪਲਟਨ ਦੀ ਬਦੌਲਤ ਹੈ। ਫਿਲਮ 'ਚ ਇਸ ਪਲਟਨ ਦੀ ਬਹਾਦਰੀ ਨੂੰ ਦਿਖਾਇਆ ਗਿਆ ਹੈ। ਮੈਂ ਫਿਲਮ 'ਚ ਮੇਜਰ ਬਿਸ਼ਨ ਸਿੰਘ ਦਾ ਕਿਰਦਾਰ ਨਿਭਾਇਆ ਹੈ, ਜਿਸ ਨੂੰ ਟਾਈਗਰ ਨਾਥੂਲਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ। 
ਆਉਣ ਵਾਲੀ ਫਿਲਮ 'ਸਿੰਬਾ' 'ਚ ਰਣਵੀਰ ਸਿੰਘ ਨਾਲ ਕਮਿਸਟਰੀ ਕਿਸ ਤਰ੍ਹਾਂ ਦੀ ਹੈ?
ਉਨ੍ਹਾਂ ਨਾਲ ਕੰਮ ਕਰਨ ਵਿਚ ਬਹੁਤ ਮਜ਼ਾ ਆ ਰਿਹਾ ਹੈ। ਫਿਲਮ ਦੀ ਸ਼ੂਟਿੰਗ ਦਾ ਪਹਿਲਾ ਦੌਰ ਪੂਰਾ ਹੋ ਚੁੱਕਾ ਹੈ ਅਤੇ ਹੁਣ ਮੁੰਬਈ ਵਿਚ ਸ਼ੂਟਿੰਗ ਦਾ ਦੂਜਾ ਦੌਰ ਸ਼ੁਰੂ ਹੋ ਰਿਹਾ ਹੈ। ਫਿਲਮ ਦੀ ਪੂਰੀ ਟੀਮ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਰੋਹਿਤ ਸ਼ੈੱਟੀ ਅਤੇ ਰਣਵੀਰ   ਸਿੰਘ ਬਹੁਤ ਤਜਰਬੇਕਾਰ ਹੈ ਅਤੇ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਫਿਲਮ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ ਪਰ ਆਪਣੇ ਕਿਰਦਾਰ ਲਈ ਮਰਾਠੀ ਸਿੱਖਣਾ ਅਤੇ ਇਕ ਮਰਾਠਾ ਦੇ ਅੰਦਾਜ਼ ਵਿਚ ਉਸ ਨੂੰ ਬੋਲਣਾ ਬਹੁਤ ਵੱਡੀ ਚੁਣੌਤੀ ਹੈ, ਜਿਸ ਲਈ ਮੈਂ ਅਭਿਆਸ ਕਰ ਰਿਹਾ ਹਾਂ।
ਕੀ ਪੰਜਾਬੀ ਫਿਲਮ ਕਰਨ ਦਾ ਇਰਾਦਾ ਹੈ?
ਮੈਂ ਆਪਣੇ ਸਰਕਲ ਵਿਚ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਕੋਲ ਪੰਜਾਬੀ ਦੀ ਕੋਈ ਦਮਦਾਰ ਸਕ੍ਰਿਪਟ ਹੈ ਤਾਂ ਉਸ ਨੂੰ ਮੇਰੇ ਨਾਲ ਜ਼ਰੂਰ ਸਾਂਝਾ ਕਰਨ, ਕਿਉਂਕਿ ਮੇਰੀ ਪਹਿਲ ਸਕ੍ਰਿਪਟ ਹੁੰਦੀ ਹੈ। ਜੇਕਰ ਸਕ੍ਰਿਪਟ ਦਮਦਾਰ ਹੋਈ ਤਾਂ ਪੰਜਾਬੀ ਫਿਲਮ ਵਿਚ ਜ਼ਰੂਰ ਕੰਮ ਕਰਾਂਗਾ ਕਿਉਂਕਿ ਮੈਂ ਖੁਦ ਪੰਜਾਬ ਤੋਂ ਹਾਂ। ਅਗਲੇ ਸਾਲ ਯਕੀਨੀ ਤੌਰ 'ਤੇ ਇਕ ਪੰਜਾਬੀ ਫਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਵਾਂਗਾ।
ਮੋਗਾ ਤੋਂ ਨਾਗਪੁਰ, ਨਾਗਪੁਰ ਤੋਂ ਚੇਨਈ ਅਤੇ ਚੇਨਈ ਤੋਂ ਮੁੰਬਈ ਦਾ ਸਫਰ ਕਿਹੋ ਜਿਹਾ ਰਿਹਾ?
ਮੈਂ ਆਪਣੀ ਸਕੂਲੀ ਪੜ੍ਹਾਈ ਮੋਗਾ ਵਿਚ ਕੀਤੀ ਅਤੇ ਇਲੈਕਟ੍ਰਾਨਿਕ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਨਾਗਪੁਰ ਚਲਾ ਗਿਆ ਸੀ। ਇਸ ਦੌਰਾਨ ਮੈਨੂੰ ਲੱਗਾ ਕਿ ਮੈਨੂੰ ਫਿਲਮਾਂ ਵਿਚ ਕੰਮ ਕਰਨਾ ਚਾਹੀਦਾ ਹੈ। ਮੈਂ ਆਪਣਾ ਮਾਤਾ-ਪਿਤਾ ਨੂੰ ਆਪਣੀ ਇੱਛਾ ਬਾਰੇ ਦੱਸਿਆ  ਤਾਂ ਉਨ੍ਹਾਂ ਨੇ ਮੇਰੇ ਸੁਪਨੇ ਨੂੰ ਸਾਕਾਰ ਕਰਨ ਵਿਚ ਮੇਰਾ ਪੂਰਾ ਸਾਥ ਦਿੱਤਾ। ਮੈਂ ਮੁੰਬਈ ਗਿਆ ਅਤੇ ਉਥੇ ਸੰਘਰਸ਼ ਕੀਤਾ। ਇਸ ਦੌਰਾਨ ਮੈਨੂੰ ਸਾਊਥ ਦੀਆਂ ਫਿਲਮਾਂ ਦੇ ਆਫਰ ਆਏ ਅਤੇ ਮੈਨੂੰ ਚੇਨਈ ਜਾਣਾ ਪਿਆ। ਮੈਂ ਸਾਊਥ ਦੀਆਂ ਕਈ ਫਿਲਮਾਂ ਵਿਚ ਕੰਮ ਕੀਤਾ। ਅੱਜ ਮੈਂ ਬਾਲੀਵੁੱਡ ਵਿਚ ਕੰਮ ਕਰ ਰਿਹਾ ਹਾਂ ਪਰ ਮੈਂ ਤਾਮਿਲ, ਤੇਲਗੂ, ਮਲਿਆਲਮ ਅਤੇ ਹੋਰ ਭਾਸ਼ਾਵਾਂ ਦੇ ਨਾਲ-ਨਾਲ ਫਿਲਮਾਂ ਦੇ ਬੇਸਿਕਸ ਸਾਊਥ ਤੋਂ ਹੀ ਸਿੱਖੇ ਹਨ। ਇਹ ਮੇਰੀ ਜ਼ਿੰਦਗੀ ਦਾ ਬਹੁਤ ਚੰਗਾ ਦੌਰ ਰਿਹਾ ਹੈ। ਮੈਂ 100 ਤੋਂ ਜ਼ਿਆਦਾ ਫਿਲਮਾਂ ਕੀਤੀਆਂ ਹਨ ਅਤੇ ਇਹ ਮੈਂ ਸਾਊਥ ਤੋਂ ਹਾਸਲ ਕੀਤੇ ਤਜਰਬੇ ਦੇ ਆਧਾਰ 'ਤੇ ਹੀ ਕਰ ਸਕਿਆ ਹਾਂ। 
ਕੀ ਕਦੇ ਅਜਿਹਾ ਦੌਰ ਆਇਆ ਕਿ ਫਿਲਮ ਦੀ ਸ਼ੂਟਿੰਗ ਅਤੇ ਪਰਿਵਾਰ ਵਿਚੋਂ ਕਿਸੇ ਨੂੰ ਚੁਣਨਾ ਪਿਆ ਹੋਵੇ?
ਜ. ਇਕ ਅਦਾਕਾਰ ਲਈ ਇਹ ਬਹੁਤ ਮੁਸ਼ਕਲ ਦੌਰ ਹੁੰਦਾ ਹੈ, ਜਦੋਂ ਉਸ ਨੂੰ ਪਰਿਵਾਰ ਜਾਂ ਆਪਣੀ ਫਿਲਮ ਦੀ ਸ਼ੂਟਿੰਗ ਵਿਚੋਂ ਕਿਸੇ ਇਕ ਦੀ ਚੋਣ ਕਰਨੀ ਹੁੰਦੀ ਹੈ। 2007 ਵਿਚ ਮੇਰੀ ਮਾਂ ਦੀ ਮੌਤ ਦੇ ਬਾਅਦ ਮੈਂ 'ਸਿੰਘ ਇਜ਼ ਕਿੰਗ' ਦੀ ਸ਼ੂਟਿੰਗ ਕਰ ਰਿਹਾ ਸੀ ਅਤੇ ਫਿਲਮ ਵਿਚ ਮੇਰਾ ਕਿਰਦਾਰ ਕਾਮਿਕ ਸੀ। ਇਸ ਲਈ ਮੈਂ ਆਪਣੇ ਕਿਰਦਾਰ ਵਿਚ ਰਹਿ ਕੇ ਕੰਮ ਕਰਨਾ ਸੀ। ਸ਼ੂਟ ਤੋਂ ਪਹਿਲਾਂ ਕਮਰੇ ਦੇ ਬਾਹਰ ਮੈਂ ਰੋਂਦਾ ਸੀ ਅਤੇ ਸ਼ੂਟ ਦੌਰਾਨ ਮੈਨੂੰ ਆਪਣੇ ਚਿਹਰੇ 'ਤੇ ਖੁਸ਼ੀ ਦਿਖਾਉਣੀ ਪੈਂਦੀ ਸੀ। ਕੈਮਰਾ ਹਰ ਚੀਜ਼ ਫੜ ਲੈਂਦਾ ਹੈ ਅਤੇ ਇਕ ਅਦਾਕਾਰ ਨੂੰ ਆਪਣਾ ਗਮ ਕੈਮਰੇ ਦੇ ਸਾਹਮਣੇ ਲੁਕਾਉਣਾ ਪੈਂਦਾ ਹੈ। 
ਤੁਸੀਂ ਸਵੇਰੇ ਸਾਢੇ ਪੰਜ ਵਜੇ ਉਠ ਕੇ ਰੋਜ਼ਾਨਾ ਜਿਮ ਕਿਵੇਂ ਕਰ ਲੈਂਦੇ ਹੋ?
ਇਸ ਦਾ ਸਿਹਰਾ ਮੇਰੀ ਮਾਂ ਸਰੋਜ ਸੂਦ ਨੂੰ ਜਾਂਦਾ ਹੈ। ਉਹ ਕਾਲਜ ਵਿਚ ਇਤਿਹਾਸ ਅਤੇ ਅੰਗਰੇਜ਼ੀ ਦੀ ਲੈਕਚਰਾਰ ਸੀ। ਸਵੇਰੇ ਜਲਦੀ ਉੱਠਣਾ ਉਨ੍ਹਾਂ ਦੀ ਆਦਤ ਵਿਚ ਸ਼ਾਮਲ ਸੀ ਅਤੇ ਸਵੇਰੇ ਸਾਢੇ 5 ਵਜੇ ਸਾਡੇ ਘਰ ਟਿਊਸ਼ਨ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਕਤਾਰ ਲੱਗ ਜਾਂਦੀ ਸੀ। ਇਹ ਆਦਤ ਉਸ ਸਮੇਂ ਤੋਂ ਕਾਇਮ ਹੈ ਅੱਜ ਵੀ ਜੇਕਰ ਮੈਂ ਦੇਰ ਨਾਲ ਵੀ ਸੌਵਾਂ ਤਾਂ 5 ਵਜੇ ਉਠ ਕੇ ਸਾਢੇ ਪੰਜ ਵਜੇ ਜਿਮ ਪਹੁੰਚ ਜਾਂਦਾ ਹਾਂ ਅਤੇ ਰੋਜ਼ਾਨਾ ਢਾਈ ਘੰਟੇ ਜਿਮ ਵਿਚ ਬਤੀਤ ਕਰਦਾ ਹਾਂ।
ਫਿਲਮ ਦੀ ਚੋਣ ਕਿਸ ਆਧਾਰ 'ਤੇ ਕਰਦੇ ਹੋ?
ਮੇਰੀ ਪ੍ਰਮੁੱਖਤਾ ਫਿਲਮ ਦੀ ਸਕ੍ਰਿਪਟ ਹੁੰਦੀ ਹੈ। ਸਕ੍ਰਿਪਟ ਦੇਖ ਕੇ ਜੇਕਰ ਮੇਰੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਇਹ ਫਿਲਮ ਕਰਨੀ ਚਾਹੀਦੀ ਹੈ ਤਾਂ ਮੈਂ ਫਿਲਮ ਸਾਈਨ ਕਰਦਾ ਹਾਂ ਨਹੀਂ ਤਾਂ ਮੈਂ ਫਿਲਮ ਨੂੰ ਠੁਕਰਾ ਦਿੰਦਾ ਹਾਂ। 'ਦਬੰਗ-2' ਫਿਲਮ ਵੀ ਮੈਂ ਸਕ੍ਰਿਪਟ ਦੇ ਆਧਾਰ 'ਤੇ ਹੀ ਠੁਕਰਾਈ ਸੀ। 
ਕੀ ਜ਼ਿੰਦਗੀ ਵਿਚ ਕਦੇ ਅਜਿਹਾ ਹੋਇਆ ਕਿ ਤੁਹਾਡੀ ਠੁਕਰਾਈ ਫਿਲਮ ਹਿੱਟ ਹੋਈ ਹੋਵੇ ਅਤੇ ਤੁਹਾਨੂੰ ਅਫਸੋਸ ਹੋਇਆ ਹੋਵੇ?
ਨਹੀਂ, ਅਜਿਹਾ ਕਦੇ ਨਹੀਂ ਹੋਇਆ ਕਿ ਮੈਂ ਕਦੇ ਫਿਲਮ ਠੁਕਰਾਈ ਹੋਵੇ ਅਤੇ ਉਹ ਫਿਲਮ ਹਿੱਟ ਹੋ ਗਈ ਹੋਵੇ। ਅਜਿਹਾ ਜ਼ਰੂਰ ਹੋਇਆ ਹੈ ਕਿ ਮੇਰੀਆਂ ਠੁਕਰਾਈਆਂ ਫਿਲਮਾਂ ਫਲਾਪ ਹੋਈਆਂ ਹਨ, ਜਿਸ ਨਾਲ ਮੈਨੂੰ ਇਹ ਸੰਤੁਸ਼ਟੀ ਮਿਲੀ ਕਿ ਮੇਰਾ ਫਿਲਮ ਠੁਕਰਾਉਣ ਦਾ ਫੈਸਲਾ ਸਹੀ ਸੀ।
ਸੋਨੂੰ ਨਾਲ ਖੇਡਿਆ ਗਿਆ ਰੈਪਿਡ ਫਾਇਰ ਰਾਊਂਡ 
ਕੀ ਪਸੰਦ ਹੈ    ਜਵਾਬ
ਜਿਮ ਜਾਂ ਲੱਸੀ    ਜਿਮ
ਪੰਜਾਬ ਜਾਂ ਮੁੰਬਈ    ਪੰਜਾਬ
ਪਾਰਟੀ ਜਾਂ ਮੂਵੀਜ਼    ਮੂਵੀਜ਼
ਛੇਦੀ ਸਿੰਘ ਜਾਂ ਜੈਗ    ਛੇਦੀ ਸਿੰਘ
ਫਿਲਮ ਐਵਾਰਡ ਜਾਂ ਫੈਮਿਲੀ    ਫੈਮਿਲੀ
ਪੁਰਾਣੇ ਘਰ ਨੂੰ ਪੂਰੀ ਤਰ੍ਹਾਂ ਸੰਭਾਲ ਰਹੇ ਹਨ ਸੋਨੂੰ ਸੂਦ
ਸੋਨੂੰ ਸੂਦ ਭਾਵੇਂ ਵੀ ਪਿਛਲੇ 2 ਦਹਾਕਿਆਂ ਤੋਂ ਮੁੰਬਈ ਵਿਚ ਬਾਲੀਵੁੱਡ ਵਿਚ ਕੰਮ ਕਰ ਰਹੇ ਹੋਣ ਪਰ ਉਨ੍ਹਾਂ ਦੇ ਸਬੰਧ ਮੋਗਾ ਨਾਲ ਜਿਓਂ ਦੇ ਤਿਓਂ ਹਨ। ਖਾਸ ਤੌਰ 'ਤੇ ਉਹ ਆਪਣੇ ਪੁਰਾਣੇ ਘਰ ਦਾ ਰੱਖ ਰਖਾਅ ਪੂਰੀ ਜ਼ਿੰਮੇਵਾਰੀ ਨਾਲ ਕਰ ਰਹੇ ਹਨ। ਇਸੇ ਘਰ ਵਿਚ ਰਹਿੰਦੇ ਹੋਏ ਸੋਨੂੰ ਨੇ ਬਚਪਨ ਵਿਚ ਆਪਣੇ ਪਿਤਾ ਨੂੰ ਸੰਘਰਸ਼ ਕਰਦੇ ਹੋਏ ਦੇਖਿਆ ਹੈ ਅਤੇ ਇਸੇ ਘਰ ਵਿਚ ਹੀ ਆਪਣੇ ਮਾਤਾ- ਪਿਤਾ ਤੋਂ ਬਿਜ਼ਨੈੱਸ ਅਤੇ ਜ਼ਿੰਦਗੀ ਦੇ ਅਨੇਕਾਂ ਅਹਿਮ ਸਬਕ ਹਾਸਲ ਕੀਤੇ ਹਨ। ਅੱਜ ਵੀ ਉਹ ਪੰਜਾਬ ਆਉਂਦੇ ਹਨ ਤਾਂ ਮੋਗਾ ਵਿਚ ਆਪਣੇ ਘਰ ਜਾ ਕੇ ਉਸ ਦੀ ਮੈਂਟੀਨੈਂਸ ਬਾਰੇ ਜਾਣਕਾਰੀ ਜ਼ਰੂਰ ਹਾਸਲ ਕਰਦੇ ਹਨ।


Tags: Sonu SoodPaltanJackie ShroffArjun RampalGurmeet ChoudharyHarshvardhan RaneSiddhanth KapoorLuv SinhaAbhilash ChaudharyEsha GuptaSonal Chauhan

Edited By

Sunita

Sunita is News Editor at Jagbani.