ਜਲੰਧਰ (ਬਿਊਰੋ) — ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਵਾਇਰਸ ਦੀ ਮਹਾਮਾਰੀ 'ਚ ਜਿੱਥੇ ਆਪਣੇ ਹੋਟਲ ਡਾਕਟਰਾਂ ਨੂੰ ਸਮਰਪਿਤ ਕਰ ਚੁੱਕੇ ਹਨ। ਉਥੇ ਹੀ ਸੋਨੂੰ ਸੂਦ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੰਡਾਂ 'ਚ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਇਸ ਮੁਸ਼ਕਿਲ ਘੜੀ ਦੌਰਾਨ ਸੋਨੂੰ ਸੂਦ ਦੀ ਭੈਣ ਵੀ ਪਿੱਛੇ ਨਹੀਂ ਰਹੀ। ਸੋਨੂੰ ਸੂਦ ਦੀ ਭੈਣ ਮਾਲਵੀਕਾ ਸੂਦ ਮੋਗਾ 'ਚ ਲਾਕਡਾਊਨ ਦੌਰਾਨ ਬੱਚਿਆਂ ਨੂੰ ਆਨ-ਲਾਈਨ ਸਿੱਖਿਆ ਦੇ ਰਹੀ ਹੈ, ਉਹ ਵੀ ਬਿਨਾਂ ਕੋਈ ਫੀਸ ਲਏ। ਉਹ ਆਪਣੀ ਸੰਸਥਾ ਹੋਲੀਵੁੱਡ ਇੰਗਲਿਸ਼ ਐਕਡਮੀ ਦੁਆਰਾ ਆਨ-ਲਾਈਨ ਮਿਊਜ਼ਿਕ, ਪੈਂਟਿੰਗ ਤੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਮੁਕਾਬਲਿਆਂ ਦੀ ਜਾਣਕਾਰੀ ਦੇ ਰਹੇ ਹਨ, ਜਿਨ੍ਹਾਂ ਨਾਲ ਬੱਚਿਆਂ ਨੂੰ ਕਾਫੀ ਕੁਝ ਨਵਾਂ ਵੀ ਸਿੱਖਣ ਨੂੰ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਸੋਨੂੰ ਸੂਦ ਦੀ ਭੈਣ ਮਾਲਵੀਕਾ ਸੂਦ ਦਾ ਕਹਿਣਾ ਹੈ ਕਿ ਲਾਕਡਾਊਨ ਦੌਰਾਨ ਸਾਰੇ ਬੱਚੇ ਘਰਾਂ 'ਚ ਵਿਹਲੇ ਹਨ ਤਾਂ ਕਿਉਂ ਨਾ ਇਨ੍ਹਾਂ ਦੇ ਵਿਹਲੇ ਸਮੇਂ ਨੂੰ ਕਿਸੇ ਚੰਗੇ ਪਾਸੇ ਲਾਇਆ ਜਾਵੇ, ਜਿਸ ਨਾਲ ਇਨ੍ਹਾਂ ਬੱਚਿਆਂ ਦਾ ਆਉਣ ਵਾਲਾ ਭਵਿੱਖ ਸੁਨਿਹਰਾ ਹੋ ਸਕੇ। ਬੱਚਿਆਂ ਨੂੰ ਪੈਂਟਿੰਗ, ਮਿਊਜ਼ਿਕ, ਡਾਂਸ ਅਤੇ ਹੋਰ ਕਈ ਵੱਖ-ਵੱਖ ਐਕਟੀਵਿਟੀਜ਼ ਬਾਰੇ ਦੱਸਿਆ ਜਾਵੇ, ਜੋ ਉਨ੍ਹਾਂ ਦੇ ਅੱਗੇ ਜਾ ਕੇ ਕੰਮ ਆਉਣ।