ਮੁੰਬਈ(ਬਿਊਰੋ)— ਬਾਲੀਵੁੱਡ ਦੀ ਪਹਿਲੀ ਫੀਮੇਲ ਸੁਪਰਸਟਾਰ ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਅਜੇ ਵੀ ਉਨ੍ਹਾਂ ਦਾ ਪੂਰਾ ਪਰਿਵਾਰ ਸਦਮੇ 'ਚ ਹੈ। ਇਸੇ ਦੌਰਾਨ ਕੱਲ ਯਾਨੀ 7 ਮਾਰਚ ਨੂੰ ਉਨ੍ਹਾਂ ਦੀ ਵੱਡੀ ਬੇਟੀ ਜਾਹਨਵੀ ਕਪੂਰ ਦਾ ਜਨਮਦਿਨ ਵੀ ਹੈ। ਉਹ ਕੱਲ 21 ਸਾਲ ਦੀ ਹੋ ਜਾਵੇਗੀ।
ਸ਼੍ਰੀਦੇਵੀ ਹਰ ਸਾਲ ਆਪਣੀਆਂ ਬੇਟੀਆਂ ਦਾ ਜਨਮਦਿਨ ਬਹੁਤ ਹੀ ਸ਼ਾਨ ਨਾਲ ਮਨਾਉਂਦੀ ਸੀ। ਇਸ ਸਾਲ ਵੀ ਸ਼੍ਰੀਦੇਵੀ ਨੇ ਕਰੀਬ 1 ਮਹੀਨੇ ਪਹਿਲਾਂ ਤੋਂ ਹੀ ਜਨਮਦਿਨ ਸੈਲੀਬ੍ਰੇਟ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹ ਜਾਹਨਵੀ ਕਪੂਰ ਨੂੰ ਜਨਮਦਿਨ 'ਤੇ ਬਰਥਡੇ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ।
ਇੰਨਾਂ ਹੀ ਨਹੀਂ ਸ਼੍ਰੀਦੇਵੀ ਜਦੋਂ ਦੁਬਈ 'ਚ ਸੀ ਤਾਂ ਉਹ ਜਾਹਨਵੀ ਕਪੂਰ ਲਈ ਕਾਫੀ ਸਾਰੀ ਸ਼ਾਪਿੰਗ ਕਰਨ ਵਾਲੀ ਸੀ। ਬੋਨੀ ਕਪੂਰ ਦੇ ਭਾਣਜੇ ਮੋਹਿਤ ਮਾਰਵਾਹ ਦਾ ਵਿਆਹ ਦੇਖਣ ਤੋਂ ਬਾਅਦ ਉਨ੍ਹਾਂ ਦਾ ਸ਼ਾਪਿੰਗ (ਖਰੀਦਾਰੀ) ਕਰਨ ਦੀ ਯੋਜਨਾ ਸੀ, ਇਸ ਲਈ ਉਹ ਦੁਬਈ 'ਚ ਰੁੱਕੀ ਸੀ ਪਰ ਉਨ੍ਹਾਂ ਦਾ ਇਹ ਸੁਪਨਾ ਪੂਰਾ ਨਹੀਂ ਹੋ ਸਕਿਆ ਤੇ ਬੇਟੀ ਦੇ ਜਨਮਦਿਨ ਤੋਂ ਪਹਿਲਾਂ ਹੀ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ।
ਉਂਝ ਤਾਂ ਕਪੂਰ ਖਾਨਦਾਨ ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਕੋਈ ਸੈਲੀਬ੍ਰੇਸ਼ਨ ਨਹੀਂ ਕਰਨਾ ਚਾਹੁੰਦਾ ਪਰ ਸ਼੍ਰੀਦੇਵੀ ਦੀ ਇੱਛਾ ਸੀ ਕਿ ਉਹ ਜਾਹਨਵੀ ਕਪੂਰ ਦਾ 21ਵਾਂ ਜਨਮਦਿਨ ਧੂਮਧਾਮ ਨਾਲ ਸੈਲੀਬ੍ਰੇਟ ਕਰੇ। ਇਸ ਵਜ੍ਹਾ ਕਾਰਨ ਉਨ੍ਹਾਂ ਦੇ ਪਤੀ ਬੋਨੀ ਕਪੂਰ ਨੇ ਫੈਸਲਾ ਕੀਤਾ ਹੈ ਕਿ ਜਾਹਨਵੀ ਦੇ ਜਨਮਦਿਨ 'ਤੇ ਇਕ ਛੋਟੀ ਜਿਹੀ ਪਾਰਟੀ ਰੱਖੀ ਜਾਵੇਗੀ।
ਜਨਮਦਿਨ ਵਾਲੇ ਦਿਨ ਡਿਨਰ ਦਾ ਵੀ ਆਯੋਜਨ ਕੀਤਾ ਜਾਵੇਗਾ, ਜਿਸ 'ਚ ਸਿਰਫ ਪਰਿਵਾਰ ਦੇ ਲੋਕ ਹੀ ਸ਼ਾਮਲ ਹੋਣਗੇ।
ਦੱਸਣਯੋਗ ਹੈ ਕਿ ਸ਼੍ਰੀਦੇਵੀ ਦੀ ਮੌਤ ਦੁਬਈ ਦੇ ਹੋਟਲ 'ਚ ਹੋਈ ਸੀ। ਉਸ ਸਮੇਂ ਜਾਹਨਵੀ ਕਪੂਰ ਆਪਣੀ ਡੈਬਿਊ ਫਿਲਮ 'ਧੜਕ' ਦੀ ਸ਼ੂਟਿੰਗ ਕਰ ਰਹੀ ਸੀ। ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਸ਼ੂਟਿੰਗ ਵੀ ਠੱਪ ਹੋਈ ਹੈ। ਉਸ ਦਾ ਦਿਲ ਇਸ ਕਦਰ ਟੁੱਟ ਗਿਆ ਹੈ ਕਿ ਕੰਮ ਕਰਨ ਦੀ ਅਜੇ ਤੱਕ ਕੋਈ ਇੱਛਾ ਨਹੀਂ ਰਹੀ ਉਸ ਦੇ ਮਨ 'ਚ। ਅਸਲ 'ਚ ਇਸ ਉਮਰ 'ਚ ਜਾਹਨਵੀ ਤੇ ਖੁਸ਼ੀ ਕਪੂਰ ਨੂੰ ਮਾਂ ਦੀ ਸਖਤ ਜ਼ਰੂਰਤ ਸੀ। ਉਂਝ ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਅਰਜੁਨ ਕਪੂਰ ਆਪਣੀਆਂ ਭੈਣਾਂ ਦਾ ਪੂਰਾ ਧਿਆਨ ਰੱਖ ਰਿਹਾ ਹੈ।