ਮੁੰਬਈ (ਬਿਊਰੋ)— ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਸਟਾਰਰ ਫਿਲਮ 'ਸਤ੍ਰੀ' ਨੂੰ ਸਿਨੇਮਾਘਰਾਂ 'ਚ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁੱਕਰਵਾਰ 6.82 ਕਰੋੜ, ਦੂਜੇ ਦਿਨ ਸ਼ਨੀਵਾਰ 10.87 ਕਰੋੜ ਅਤੇ ਤੀਜੇ ਦਿਨ ਐਤਵਾਰ 13.57 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ ਵੀਕੈਂਡ 'ਚ 31.26 ਕਰੋੜ ਦਾ ਕਾਰੋਬਾਰ ਕੀਤਾ ਹੈ। ਫਿਲਮ ਨੂੰ ਰਿਲੀਜ਼ ਤੋਂ ਬਾਅਦ ਚੰਗੇ ਰੀਵਿਓਜ਼ ਮਿਲੇ ਹਨ। ਫਿਲਮ ਦੀ ਕਮਾਈ ਦੇ ਅੰਕੜੇ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਸ਼ੇਅਰ ਕੀਤੇ ਹਨ। ਫਿਲਮ ਦੀ ਕਹਾਣੀ ਬਹੁਤ ਦਿਲਚਸਪ ਹੈ ਕਿਉਂਕਿ ਇਹ ਸੱਚੀ ਘਟਨਾ 'ਤੇ ਆਧਾਰਿਤ ਹੈ, ਜਿਸ 'ਚ ਇਕ ਲੜਕੀ ਦੀ ਆਤਮਾ ਹਰ ਸਾਲ ਸ਼ਹਿਰ 'ਚ ਆਉਂਦੀ ਹੈ ਅਤੇ ਮਰਦਾਂ ਨੂੰ ਮਾਰ ਕੇ ਉਨ੍ਹਾਂ ਦੇ ਕਪੜੇ ਛੱਡ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਫਿਲਮ 'ਸਤ੍ਰੀ' ਦਾ ਨਿਰਦੇਸ਼ਨ ਅਮਰ ਕੌਸ਼ਿਕ ਵਲੋਂ ਕੀਤਾ ਗਿਆ ਹੈ। ਫਿਲਮ ਦੀ ਸਟਾਰਕਾਸਟ ਬਾਰੇ ਗੱਲ ਕਰੀਏ ਤਾਂ ਸ਼ਰਧਾ ਕਪੂਰ, ਰਾਜਕੁਮਾਰ ਰਾਓ, ਪੰਕਜ ਤ੍ਰਿਪਾਠੀ, ਅਪਾਰਸ਼ਕਤੀ ਖੁਰਾਣਾ ਤੇ ਅਭਿਸ਼ੇਕ ਬੈਨਰਜੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।