ਜਲੰਧਰ (ਬਿਊਰੋ)— ਪੰਜਾਬ ਦੇ ਮਹਾਨ ਸੂਰਵੀਰ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ 'ਤੇ ਬਣੀ ਪੰਜਾਬੀ ਫ਼ਿਲਮ 'ਸੂਬੇਦਾਰ ਜੋਗਿੰਦਰ ਸਿੰਘ' ਪੰਜਾਬੀ ਸਿਨੇਮੇ ਦੇ ਇਤਿਹਾਸ 'ਚ ਇਕ ਨਵਾਂ ਪੰਨਾ ਦਰਜ ਕਰਨ ਜਾ ਰਹੀ ਹੈ। 6 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਇਹ ਫ਼ਿਲਮ ਪੰਜਾਬੀ ਫ਼ਿਲਮਾਂ ਦੇ ਇਤਿਹਾਸ ਦੀ ਪਹਿਲੀ ਫ਼ਿਲਮ ਹੋਵੇਗੀ, ਜਿਸ 'ਚ ਪੰਜਾਬੀ ਦੇ ਅੱਧੀ ਦਰਜਨ ਤੋਂ ਵੱਧ ਨਾਮਵਰ ਕਲਾਕਾਰ ਇਕੱਠੇ ਨਜ਼ਰ ਆਉਣਗੇ। 15 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੀ ਇਸ ਪੰਜਾਬੀ ਫ਼ਿਲਮ ਦੀ ਸਮੁੱਚੀ ਸ਼ੂਟਿੰਗ ਪੰਜਾਬ ਤੋਂ ਬਾਹਰ ਰਾਜਸਥਾਨ, ਹਿਮਾਚਲ, ਸ਼ਿਮਲਾ, ਲੱਦਾਖ ਤੇ ਮੇਘਾਲਿਆ 'ਚ ਕੀਤੀ ਗਈ ਹੈ। ਤਕਨੀਕੀ ਪੱਖੋਂ ਵੀ ਇਸ ਫ਼ਿਲਮ ਨੂੰ ਪੰਜਾਬੀ ਦੀ ਪਹਿਲੀ ਫ਼ਿਲਮ ਕਿਹਾ ਜਾ ਸਕਦਾ ਹੈ, ਜਿਸ 'ਚ 55 ਮਿੰਟਾਂ ਦਾ ਵੀ. ਐੱਫ. ਐਕਸ ਹੈ। ਉੱਘੇ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ 'ਚ ਗਿੱਪੀ ਦੇ ਨਾਲ-ਨਾਲ ਪੰਜਾਬੀ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ, ਕੁਲਵਿੰਦਰ ਬਿੱਲਾ, ਰਾਜਵੀਰ ਜਵੰਦਾ, ਜੋਰਡਨ ਸੰਧੂ, ਜੱਗੀ ਸਿੰਘ, ਹਰੀਸ਼ ਵਰਮਾ, ਯੋਗਰਾਜ ਸਿੰਘ, ਸਰਦਾਰ ਸੋਹੀ ਤੇ ਕਰਮਜੀਤ ਅਨਮੋਲ ਸਮੇਤ ਕਈ ਪੰਜਾਬੀ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
ਫ਼ਿਲਮ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਮੁਤਾਬਕ ਇਹ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ਨੂੰ ਬਿਆਨ ਕਰਦੀ ਹੋਈ ਦੇਸ਼ ਦੀਆਂ ਸਰਹੱਦਾਂ 'ਤੇ ਰਾਖੀ ਕਰਦੇ ਫ਼ੌਜੀਆਂ ਦੀ ਜ਼ਿੰਦਗੀ, ਮੁਸ਼ਕਿਲਾਂ ਤੇ ਜੰਗ ਦੇ ਹਾਲਾਤ ਨੂੰ ਪਰਦੇ 'ਤੇ ਪੇਸ਼ ਕਰਦੀ ਹੈ। ਫ਼ਿਲਮ ਦੇ ਵਿਸ਼ੇ ਮੁਤਾਬਕ ਉਹ ਇਸ ਨੂੰ ਹਿੰਦੀ ਭਾਸ਼ਾ 'ਚ ਵੀ ਬਣਾ ਸਕਦੇ ਸਨ ਪਰ ਉਨ੍ਹਾਂ ਨੇ ਪੰਜਾਬੀ ਨੂੰ ਤਰਜੀਹ ਦਿੱਤੀ ਹੈ ਕਿਉਂਕਿ ਸੂਬੇਦਾਰ ਜੋਗਿੰਦਰ ਸਿੰਘ ਭਾਵੇਂ ਸਮੁੱਚੇ ਦੇਸ਼ ਦਾ ਨਾਇਕ ਸੀ ਪਰ ਉਹ ਪੰਜਾਬੀ ਸੀ। ਫ਼ਿਲਮ ਨੂੰ ਪੰਜਾਬੀ ਤੋਂ ਬਾਅਦ ਹਿੰਦੀ ਭਾਸ਼ਾ 'ਚ ਵੀ ਰਿਲੀਜ਼ ਕਰਨ ਦੀ ਵਿਉਂਤਬੰਦੀ ਹੈ। ਇਹ ਫ਼ਿਲਮ ਸਾਲ 1962 'ਚ ਭਾਰਤ ਤੇ ਚੀਨ ਦਰਮਿਆਨ ਬਰਮਾ 'ਚ ਹੋਈ ਲੜਾਈ 'ਤੇ ਆਧਾਰਿਤ ਹੈ। ਇਸ ਲੜਾਈ 'ਚ ਸੂਬੇਦਾਰ ਜੋਗਿੰਦਰ ਸਿੰਘ ਨੇ ਪਹਿਲੀ ਸਿੱਖ ਰੈਜੀਮੈਂਟ ਦੇ ਸਿਰਫ 25 ਜਵਾਨਾਂ ਨਾਲ ਚੀਨ ਵਲੋਂ ਕੀਤੇ ਗਏ ਅਚਨਚੇਤ ਹਮਲੇ ਦੌਰਾਨ ਕਰੀਬ 1 ਹਜ਼ਾਰ ਚੀਨੀ ਫ਼ੌਜੀਆਂ ਦਾ ਸਾਹਮਣਾ ਕੀਤਾ ਸੀ।
ਪਰਮਵੀਰ ਚੱਕਰ ਨਾਲ ਨਿਵਾਜੇ ਜਾ ਚੁੱਕੇ ਸੂਬੇਦਾਰ ਜੋਗਿੰਦਰ ਸਿੰਘ 'ਤੇ ਬਣੀ ਇਹ ਫ਼ਿਲਮ ਦੇਸ਼ ਦੇ ਹਰ ਨਾਗਰਿਕ ਨੂੰ ਦੇਸ਼ ਦੇ ਹਰ ਫ਼ੌਜੀ 'ਤੇ ਮਾਣ ਮਹਿਸੂਸ ਕਰਵਾਏਗੀ। ਨਿਰਮਾਤਾ ਸੁਮਿਤ ਸਿੰਘ ਦੀ ਇਸ ਫ਼ਿਲਮ ਲਈ ਗਿੱਪੀ ਗਰੇਵਾਲ ਨੇ ਵੀ ਬੇਹੱਦ ਮਿਹਨਤ ਕੀਤੀ ਹੈ। ਗਿੱਪੀ ਨੇ ਸੂਬੇਦਾਰ ਜੋਗਿੰਦਰ ਸਿੰਘ ਦਾ ਕਿਰਦਾਰ ਨਿਭਾਉਣ ਲਈ ਖੁਦ ਨੂੰ ਨਾ ਸਿਰਫ਼ ਮਾਨਸਿਕ ਤੌਰ 'ਤੇ ਤਿਆਰ ਕੀਤਾ, ਬਲਕਿ ਸਰੀਰਕ ਤੌਰ 'ਤੇ ਵੀ ਸਖਤ ਮਿਹਨਤ ਕੀਤੀ ਹੈ। ਉਸ ਨੇ ਇਸ ਕਿਰਦਾਰ ਲਈ ਪਹਿਲਾਂ ਭਾਰ ਵਧਾਇਆ ਤੇ ਫਿਰ ਘਟਾਇਆ ਸੀ। ਇਸ ਫ਼ਿਲਮ ਨੂੰ ਨਿਰਦੇਸ਼ਕ ਸਿਮਰਜੀਤ ਦੇ ਨਾਲ-ਨਾਲ ਗਿੱਪੀ ਗਰੇਵਾਲ ਦੀ ਜ਼ਿੰਦਗੀ ਦੀ ਵੀ ਅਹਿਮ ਫ਼ਿਲਮ ਕਿਹਾ ਜਾ ਸਕਦਾ ਹੈ। ਗਿੱਪੀ ਮੁਤਾਬਕ 'ਸੂਬੇਦਾਰ ਜੋਗਿੰਦਰ ਸਿੰਘ' ਪੰਜਾਬੀ ਫ਼ਿਲਮ ਇੰਡਸਟਰੀ ਲਈ ਵੀ ਅਹਿਮ ਫ਼ਿਲਮ ਹੈ। ਇਸ ਫ਼ਿਲਮ ਜ਼ਰੀਏ ਪੰਜਾਬੀ ਦਰਸ਼ਕਾਂ ਦਾ ਰੁਝਾਨ ਪਤਾ ਲੱਗੇਗਾ। ਇਸ ਕਿਸਮ ਦੀਆਂ ਫ਼ਿਲਮਾਂ ਵਾਰ-ਵਾਰ ਨਹੀਂ ਬਣਦੀਆਂ। ਜੇਕਰ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦੀ ਕਸੌਟੀ 'ਤੇ ਖਰਾ ਉਤਰਦੀ ਹੈ ਤਾਂ ਇਸ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਲਈ ਕਈ ਨਵੇਂ ਰਾਹ ਖੁੱਲ੍ਹਣਗੇ। ਫ਼ਿਲਮ ਦੇ ਟਰੇਲਰ ਨੂੰ ਮਿਲ ਰਹੇ ਸ਼ਾਨਦਾਰ ਹੁੰਗਾਰੇ ਤੋਂ ਬਾਅਦ ਇਹ ਆਸ ਬੱਝ ਗਈ ਹੈ ਕਿ ਇਹ ਫ਼ਿਲਮ ਪੰਜਾਬੀ ਸਿਨੇਮੇ ਦੇ ਇਤਿਹਾਸ 'ਚ ਇਕ ਨਵਾਂ ਅਧਿਆਏ ਲਿਖੇਗੀ।