FacebookTwitterg+Mail

'ਸੂਬੇਦਾਰ ਜੋਗਿੰਦਰ ਸਿੰਘ' ਪੰਜਾਬੀ ਸਿਨੇਮੇ ਦੇ ਮਾਣ 'ਚ ਕਰੇਗੀ ਹੋਰ ਵਾਧਾ

subedar joginder singh
02 April, 2018 04:54:02 PM

ਜਲੰਧਰ (ਬਿਊਰੋ)— ਇਸ ਸ਼ੁੱਕਰਵਾਰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ 'ਸੂਬੇਦਾਰ ਜੋਗਿੰਦਰ ਸਿੰਘ' ਪੰਜਾਬ ਦੇ ਅਸਲ ਨਾਇਕ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ਨੂੰ ਪਰਦੇ 'ਤੇ ਪੇਸ਼ ਕਰਦੀ ਹੋਈ ਸਰਹੱਦਾਂ 'ਤੇ ਦੇਸ਼ ਦੀ ਰਾਖੀ ਕਰਦੇ ਫ਼ੌਜੀ ਜਵਾਨਾਂ ਦੇ ਜੀਵਨ, ਸਮੱਸਿਆਵਾਂ ਤੇ ਹਾਲਾਤ ਨਾਲ ਦਰਸ਼ਕਾਂ ਨੂੰ ਰੂ-ਬ-ਰੂ ਕਰਵਾਏਗੀ। ਇਸ ਫ਼ਿਲਮ ਦੇ ਸਬੰਧ 'ਚ ਗੱਲ ਕਰਦਿਆਂ ਫ਼ਿਲਮ 'ਚ ਮੁੱਖ ਭੂਮਿਕਾ ਨਿਭਾਅ ਰਹੇ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਨੇ ਦੱਸਿਆ ਕਿ ਪੰਜਾਬੀ ਤੇ ਹਿੰਦੀ ਭਾਸ਼ਾ 'ਚ ਇਕੋ ਸਮੇਂ ਰਿਲੀਜ਼ ਹੋ ਰਹੀ ਇਹ ਫ਼ਿਲਮ ਇਸ ਮਹਾਨ ਯੌਧੇ ਦੀ ਕੁਰਬਾਨੀ ਦੇ ਨਾਲ-ਨਾਲ ਫ਼ੌਜੀਆਂ ਦੀ ਜ਼ਿੰਦਗੀ, ਦੁਸ਼ਵਾਰੀਆਂ ਤੇ ਪਰਿਵਾਰ ਦੀ ਸਥਿਤੀ ਨੂੰ ਵੀ ਪਰਦੇ 'ਤੇ ਰੂਪਮਾਨ ਕਰਦੀ ਹੈ।
ਪਰਮਵੀਰ ਚੱਕਰ ਨਾਲ ਨਿਵਾਜੇ ਜਾ ਚੁੱਕੇ ਸੂਬੇਦਾਰ ਜੋਗਿੰਦਰ ਸਿੰਘ ਉਹ ਯੌਧੇ ਸਨ, ਜਿਨ੍ਹਾਂ ਨੇ ਸੰਨ 1962 'ਚ ਭਾਰਤ ਤੇ ਚੀਨ ਦੀ ਲੜਾਈ ਦੌਰਾਨ ਦੇਸ਼ ਦੀ ਪਹਿਲੀ ਸਿੱਖ ਰੈਜੀਮੈਂਟ ਦੇ 25 ਜਵਾਨਾਂ ਨਾਲ ਮਿਲ ਕੇ ਬਰਮਾ 'ਚ ਚੀਨ ਦੇ ਕਰੀਬ ਇਕ ਹਜ਼ਾਰ ਫ਼ੌਜੀਆਂ ਦਾ ਡਟ ਕੇ ਮੁਕਾਬਲਾ ਕੀਤਾ ਸੀ। ਉਨ੍ਹਾਂ ਦੀ ਇਹ ਬਹਾਦਰੀ ਇਤਿਹਾਸ ਦੇ ਪੰਨਿਆਂ 'ਚ ਦਰਜ ਹੈ।
ਨਿਰਮਾਤਾ ਸੁਮੀਤ ਸਿੰਘ ਤੇ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਇਸ ਫ਼ਿਲਮ 'ਚ ਗਿੱਪੀ ਗਰੇਵਾਲ ਤੋਂ ਇਲਾਵਾ ਪੰਜਾਬ ਦੇ ਨਾਮੀ ਸਿਤਾਰਿਆਂ ਨੇ ਇਕੱਠਿਆਂ ਕੰਮ ਕੀਤਾ ਹੈ। ਇਸ ਫ਼ਿਲਮ 'ਚ ਗਿੱਪੀ ਗਰੇਵਾਲ ਨਾਲ ਰੌਸ਼ਨ ਪ੍ਰਿੰਸ, ਹਰੀਸ਼ ਵਰਮਾ, ਕੁਲਵਿੰਦਰ ਬਿੱਲਾ, ਸਰਦਾਰ ਸੋਹੀ, ਗੁੱਗੂ ਗਿੱਲ, ਰਾਜਵੀਰ ਜਵੰਦਾ, ਜੱਗੀ ਸਿੰਘ, ਚਰਨ ਸਿੰਘ, ਜੋਰਡਨ ਸੰਧੂ ਸਮੇਤ ਦੋ ਦਰਜਨ ਤੋਂ ਵੱਧ ਰੰਗਮੰਚ ਦੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਗਿੱਪੀ ਨੇ ਦੱਸਿਆ ਕਿ ਉਨ੍ਹਾਂ ਨੇ ਸੂਬੇਦਾਰ ਜੋਗਿੰਦਰ ਸਿੰਘ ਦਾ ਕਿਰਦਾਰ ਨਿਭਾਉਣ ਲਈ ਕਰੜੀ ਮਿਹਨਤ ਕੀਤੀ ਹੈ। ਇਸ ਫ਼ਿਲਮ ਲਈ ਉਨ੍ਹਾਂ ਨੇ ਪਹਿਲਾਂ ਆਪਣਾ ਭਾਰ ਵਧਾਇਆ ਤੇ ਫਿਰ ਘਟਾਇਆ ਹੈ। ਬੇਹੱਦ ਸਖ਼ਤ, ਜ਼ੋਖ਼ਮ ਭਰੇ ਹਾਲਾਤ 'ਚ ਫ਼ਿਲਮਾਈ ਗਈ ਇਹ ਦੇਸ਼ ਦੇ ਫ਼ੌਜੀ ਜਵਾਨਾਂ ਪ੍ਰਤੀ ਦੇਸ਼ ਦੇ ਲੋਕਾਂ ਦੇ ਮਨਾਂ 'ਚ ਹੋਰ ਸਤਿਕਾਰ ਪੈਦਾ ਕਰੇਗੀ। ਫ਼ੌਜੀ ਪਿੱਠਭੂਮੀ ਵਾਲੇ ਪੰਜਾਬੀ ਸਿਨੇਮੇ ਦੇ ਇਤਿਹਾਸ ਦੀ ਇਹ ਪਹਿਲੀ ਬਾਇਓਪਿਕ ਹੈ। ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਸ ਫ਼ਿਲਮ 'ਤੇ ਇਸ ਵੇਲੇ ਆਮ ਲੋਕਾਂ ਦੇ ਨਾਲ-ਨਾਲ ਸਮੁੱਚੀ ਫ਼ਿਲਮ ਇੰਡਸਟਰੀ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।


Tags: Subedar Joginder Singh Gippy Grewal Aditi Sharma Indian Army

Edited By

Rahul Singh

Rahul Singh is News Editor at Jagbani.