ਜਲੰਧਰ (ਬਿਊਰੋ)— 6 ਅਪ੍ਰੈਲ ਨੂੰ ਪੰਜਾਬੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦੇਸ਼-ਵਿਦੇਸ਼ਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਟੀਮ ਪ੍ਰਮੋਸ਼ਨ ਲਈ ਵੱਖ-ਵੱਖ ਦੇਸ਼ਾਂ 'ਚ ਘੁੰਮ ਰਹੀ ਹੈ। ਹਾਲ ਹੀ 'ਚ ਗਿੱਪੀ ਗਰੇਵਾਲ ਫਿਲਮ ਦੀ ਟੀਮ ਨਾਲ ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ ਸਨ। ਇਥੋਂ ਦੇ ਸਿਲਵਰ ਸਿਟੀ ਥਿਏਟਰ ਬਾਹਰ 'ਸੂਬੇਦਾਰ ਜੋਗਿੰਦਰ ਸਿੰਘ' ਫਿਲਮ ਦਾ ਵਿਸ਼ਾਲ ਹੋਰਡਿੰਗ ਲੱਗਾ ਹੈ, ਜਿਸ ਨੂੰ ਦੇਖ ਕੇ ਗਿੱਪੀ ਗਰੇਵਾਲ ਤੋਂ ਰਿਹਾ ਨਹੀਂ ਗਿਆ ਤੇ ਉਨ੍ਹਾਂ ਨੇ ਇਕ ਵੀਡੀਓ ਫੈਨਜ਼ ਨਾਲ ਸ਼ੇਅਰ ਕੀਤੀ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਭਾਰਤੀ ਫਿਲਮ ਦਾ ਇੰਨਾ ਵੱਡਾ ਹੋਰਡਿੰਗ ਇਥੇ ਲੱਗਾ ਹੈ। ਗਿੱਪੀ ਨੇ 'ਸੂਬੇਦਾਰ ਜੋਗਿੰਦਰ ਸਿੰਘ' ਪਹਿਲੀ ਭਾਰਤੀ ਫਿਲਮ ਬਣ ਗਈ ਹੈ, ਜਿਸ ਦਾ ਵਿਸ਼ਾਲ ਹੋਰਡਿੰਗ ਇਥੇ ਲੱਗਾ ਹੈ। ਇਹ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਤੇ ਇਸ ਲਈ ਗਿੱਪੀ ਨੇ ਆਪਣੇ ਚਾਹੁਣ ਵਾਲਿਆਂ ਦਾ ਫਿਲਮ ਦੀ ਪੂਰੀ ਟੀਮ ਵਲੋਂ ਧੰਨਵਾਦ ਵੀ ਕੀਤਾ।
ਦੱਸਣਯੋਗ ਹੈ ਕਿ 'ਸੂਬੇਦਾਰ ਜੋਗਿੰਦਰ ਸਿੰਘ' ਫਿਲਮ 6 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ ਇਸ ਫਿਲਮ 'ਚ 1962 ਦੀ ਭਾਰਤ-ਚੀਨ ਜੰਗ ਨੂੰ ਵੀ ਦਿਖਾਇਆ ਗਿਆ ਹੈ। ਫਿਲਮ 'ਚ ਗਿੱਪੀ ਗਰੇਵਾਲ, ਰੌਸ਼ਨ ਪ੍ਰਿੰਸ, ਕੁਲਵਿੰਦਰ ਬਿੱਲਾ, ਰਾਜਵੀਰ ਜਵੰਦਾ, ਕਰਮਜੀਤ ਅਨਮੋਲ, ਗੁੱਗੂ ਗਿੱਲ, ਨਿਰਮਲ ਰਿਸ਼ੀ, ਜੋਰਡਨ ਸੰਧੂ ਤੇ ਹੋਰ ਕਈ ਸਿਤਾਰੇ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ। ਫਿਲਮ ਦੇ ਡਾਇਰੈਕਟਰ ਸਿਮਰਜੀਤ ਸਿੰਘ ਤੇ ਪ੍ਰੋਡਿਊਸਰ ਸੁਮੀਤ ਸਿੰਘ ਹਨ। ਫਿਲਮ ਦੀ ਕਹਾਣੀ ਨੈਸ਼ਨਲ ਐਵਾਰਡ ਜੇਤੂ ਰਾਸ਼ਿਦ ਰੰਗਰੇਜ਼ ਨੇ ਲਿਖੀ ਹੈ।