ਜਲੰਧਰ— ਗਿੱਪੀ ਗਰੇਵਾਲ ਇਨ੍ਹੀਂ ਦਿਨੀਂ 'ਸੂਬੇਦਾਰ ਜੋਗਿੰਦਰ ਸਿੰਘ' ਫਿਲਮ ਦੀ ਸ਼ੂਟਿੰਗ ਤੇ ਬਾਲੀਵੁੱਡ ਫਿਲਮ 'ਲਖਨਊ ਸੈਂਟਰਲ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਇਹ ਫਿਲਮ ਅਗਲੇ ਸਾਲ 6 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ 'ਤੇ ਬਣ ਰਹੀ ਇਸ ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਕਰ ਰਹੇ ਹਨ। ਗਿੱਪੀ ਗਰੇਵਾਲ ਨਾਲ ਅਦਿਤੀ ਸ਼ਰਮਾ ਫਿਲਮ 'ਚ ਮੁੱਖ ਭੂਮਿਕਾ ਨਿਭਾਅ ਰਹੀ ਹੈ।
ਫਿਲਮ ਦੀ ਸ਼ੂਟਿੰਗ 21 ਜੁਲਾਈ ਤੋਂ ਰਾਜਸਥਾਨ ਦੇ ਸੂਰਤਗੜ੍ਹ ਇਲਾਕੇ ਤੋਂ ਸ਼ੁਰੂ ਹੋਈ ਸੀ। ਗਿੱਪੀ ਨੇ ਇਸ ਫਿਲਮ ਲਈ ਕਾਫੀ ਮਿਹਨਤ ਵੀ ਕੀਤੀ ਹੈ। ਉਨ੍ਹਾਂ ਨੇ ਆਪਣਾ ਭਾਰ ਇਸ ਫਿਲਮ ਲਈ ਵਧਾਇਆ ਹੈ। ਕਿਹਾ ਜਾ ਰਿਹਾ ਹੈ ਕਿ ਗਿੱਪੀ ਇਸ ਫਿਲਮ 'ਚ ਤਿੰਨ ਵੱਖ-ਵੱਖ ਲੁਕਸ 'ਚ ਦਿਖਣਗੇ।
ਦੱਸਣਯੋਗ ਹੈ ਕਿ ਮੋਗਾ ਜ਼ਿਲੇ ਨਾਲ ਸਬੰਧਤ ਸੂਬੇਦਾਰ ਜੋਗਿੰਦਰ ਸਿੰਘ ਉਹ ਹਸਤੀ ਹਨ, ਜਿਨ੍ਹਾਂ ਨੇ ਸਾਲ 1962 'ਚ ਭਾਰਤ ਤੇ ਚੀਨ ਦੀ ਲੜਾਈ ਦੌਰਾਨ ਦੇਸ਼ ਦੀ ਪਹਿਲੀ ਸਿੱਖ ਰੈਜੀਮੈਂਟ ਦੇ 25 ਜਵਾਨਾਂ ਨਾਲ ਮਿਲ ਕੇ ਬਰਮਾ 'ਚ ਚੀਨ ਦੇ 1 ਹਜ਼ਾਰ ਫੌਜੀਆਂ ਨਾਲ ਲਗਭਗ 6 ਘੰਟੇ ਮੁਕਾਬਲਾ ਕੀਤਾ ਸੀ। ਇਸ ਲੜਾਈ ਦੌਰਾਨ ਬਹਾਦਰੀ ਦਾ ਸਬੂਤ ਦਿੰਦਿਆਂ ਸ਼ਹੀਦ ਹੋਏ ਸੂਬੇਦਾਰ ਜੋਗਿੰਦਰ ਸਿੰਘ ਨੂੰ 'ਪਰਮਵੀਰ ਚੱਕਰ' ਨਾਲ ਨਿਵਾਜਿਆ ਗਿਆ ਸੀ।