ਜਲੰਧਰ (ਬਿਊਰੋ)— 6 ਅਪ੍ਰੈਲ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਨੂੰ ਭਾਰਤ ਤੇ ਵਿਦੇਸ਼ਾਂ 'ਚ ਖੂਬ ਸਰਾਹਿਆ ਜਾ ਰਿਹਾ ਹੈ। ਫਿਲਮ ਨੂੰ ਦੇਖਣ ਤੋਂ ਬਾਅਦ ਲੋਕ ਬੇਹੱਦ ਭਾਵੁਕ ਨਜ਼ਰ ਆ ਰਹੇ ਹਨ ਤੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਬਾਇਓਗ੍ਰਾਫੀ ਉਨ੍ਹਾਂ ਨੂੰ ਪ੍ਰਭਾਵਿਤ ਵੀ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਟੀਮ ਵਲੋਂ ਸ਼ੇਅਰ ਕੀਤੀਆਂ ਜਾ ਰਹੀਆਂ ਤਸਵੀਰਾਂ ਤੇ ਵੀਡੀਓਜ਼ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਭਾਵੁਕ ਹੋ ਕੇ ਫਿਲਮ ਬਾਰੇ ਆਪਣੀ ਰਾਏ ਦੱਸ ਰਹੇ ਹਨ। ਪੰਜਾਬ ਤੇ ਭਾਰਤ ਦੇ ਕੁਝ ਸੂਬਿਆਂ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਫਿਲਮ ਧੂਮ ਮਚਾ ਰਹੀ ਹੈ।
ਫਿਲਮ 'ਚ ਗਿੱਪੀ ਗਰੇਵਾਲ ਨੇ ਬਾਕਮਾਲ ਅਦਾਕਾਰੀ ਦਿਖਾਈ ਹੈ। ਇਸ ਫਿਲਮ ਲਈ ਗਿੱਪੀ ਨੇ ਕਿਰਦਾਰ 'ਚ ਖੁਦ ਨੂੰ ਢਾਲਣ ਲਈ ਕਈ ਤਜਰਬੇ ਕੀਤੇ, ਜਿਨ੍ਹਾਂ ਦੀ ਤਾਰੀਫ ਕਰਨੀ ਬਣਦੀ ਹੈ। ਗਿੱਪੀ ਤੋਂ ਇਲਾਵਾ ਫਿਲਮ ਦੇ ਹੋਰਨਾਂ ਕਲਾਕਾਰਾਂ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਭਾਵੇਂ ਰਾਜਵੀਰ ਜਵੰਦਾ ਹੋਵੇ ਜਾਂ ਫਿਰ ਕੁਲਵਿੰਦਰ ਬਿੱਲਾ, ਦੋਵਾਂ ਨੂੰ ਦੇਖ ਕੇ ਅਜਿਹਾ ਬਿਲਕੁਲ ਨਹੀਂ ਲੱਗ ਰਿਹਾ ਕਿ ਇਹ ਉਨ੍ਹਾਂ ਦੀ ਪਹਿਲੀ ਪੰਜਾਬੀ ਫਿਲਮ ਹੈ।
ਸਿਮਰਜੀਤ ਸਿੰਘ ਦਾ ਨਿਰਦੇਸ਼ਨ ਸ਼ਾਨਦਾਰ ਹੈ। ਫਿਲਮ ਸੁਮੀਤ ਸਿੰਘ ਨੇ ਪ੍ਰੋਡਿਊਸ ਕੀਤੀ ਹੈ। ਫਿਲਮ 'ਚ ਨਿਰਮਲ ਰਿਸ਼ੀ, ਅਦਿਤੀ ਸ਼ਰਮਾ, ਜੋਰਡਨ ਸੰਧੂ, ਸਰਦਾਰ ਸੋਹੀ, ਹਰੀਸ਼ ਵਰਮਾ, ਰੌਸ਼ਨ ਪ੍ਰਿੰਸ, ਗੁੱਗੂ ਗਿੱਲ ਤੇ ਕਰਮਜੀਤ ਅਨਮੋਲ ਸਮੇਤ ਹੋਰ ਕਈ ਸਿਤਾਰੇ ਮੁੱਖ ਭੂਮਿਕਾ ਨਿਭਾਅ ਰਹੇ ਹਨ।