ਜਲੰਧਰ (ਬਿਊਰੋ)— 'ਸੂਬੇਦਾਰ ਜੋਗਿੰਦਰ ਸਿੰਘ' ਫਿਲਮ ਦੇ ਟਰੇਲਰ ਦੀ ਉਡੀਕ ਕਰਨ ਵਾਲਿਆਂ ਲਈ ਚੰਗੀ ਖਬਰ ਹੈ। ਫਿਲਮ ਦੇ ਟਰੇਲਰ ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। 'ਸੂਬੇਦਾਰ ਜੋਗਿੰਦਰ ਸਿੰਘ' ਫਿਲਮ ਦਾ ਟਰੇਲਰ 8 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਜੀ ਹਾਂ, ਸਿਰਫ 4 ਦਿਨ 'ਸੂਬੇਦਾਰ ਜੋਗਿੰਦਰ ਸਿੰਘ' ਦੇ ਟਰੇਲਰ ਦੇ ਰਿਲੀਜ਼ ਹੋਣ 'ਚ ਬਚੇ ਹਨ।
ਫਿਲਮ ਦੇ ਟੀਜ਼ਰ ਨੇ ਲੋਕਾਂ 'ਚ ਭਾਰੀ ਉਤਸ਼ਾਹ ਪੈਦਾ ਕੀਤਾ ਹੈ ਤੇ ਇਕ ਤੋਂ ਬਾਅਦ ਇਕ ਸਾਹਮਣੇ ਆ ਰਹੀ ਫਿਲਮ ਦੇ ਕਿਰਦਾਰਾਂ ਦੀ ਫਰਸਟ ਲੁੱਕ ਵੀ ਕਾਫੀ ਪਸੰਦ ਕੀਤੀ ਜਾ ਰਹੀ ਹੈ। ਗਿੱਪੀ ਗਰੇਵਾਲ ਫਿਲਮ 'ਚ ਸੂਬੇਦਾਰ ਜੋਗਿੰਦਰ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ, ਜਦਕਿ ਉਨ੍ਹਾਂ ਦੀ ਪਤਨੀ ਗੁਰਦਿਆਲ ਸਿੰਘ ਦੀ ਭੂਮਿਕਾ 'ਚ ਅਦਿਤੀ ਸ਼ਰਮਾ ਹੈ। ਇਨ੍ਹਾਂ ਤੋਂ ਇਲਾਵਾ ਰਾਜਵੀਰ ਜਵੰਦਾ, ਕੁਲਵਿੰਦਰ ਬਿੱਲਾ, ਗੁੱਗੂ ਗਿੱਲ, ਕਰਮਜੀਤ ਅਨਮੋਲ, ਚਰਨ ਸਿੰਘ, ਰੌਸ਼ਨ ਪ੍ਰਿੰਸ ਤੇ ਜੱਗੀ ਸਿੰਘ ਤੋਂ ਇਲਾਵਾ ਕਈ ਕਲਾਕਾਰ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ।
ਫਿਲਮ 6 ਅਪ੍ਰੈਲ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਡਾਇਰੈਕਟ ਸਿਰਮਜੀਤ ਸਿੰਘ ਨੇ ਕੀਤਾ ਹੈ। ਫਿਲਮ ਦੇ ਪ੍ਰੋਡਿਊਸਰ ਸੁਮੀਤ ਸਿੰਘ ਹਨ ਤੇ ਇਸ ਦੀ ਕਹਾਣੀ ਰਾਸ਼ਿਦ ਰੰਗਰੇਜ਼ ਵਲੋਂ ਲਿਖੀ ਗਈ ਹੈ।