FacebookTwitterg+Mail

'ਸੂਬੇਦਾਰ ਜੋਗਿੰਦਰ ਸਿੰਘ' ਟਰੇਲਰ : ਭਾਰਤ ਦੇ ਇਤਿਹਾਸ ਦੀ ਇਕ ਅਣਕਹੀ ਕਹਾਣੀ (ਵੀਡੀਓ)

subedar joginder singh trailer spreads like wildfire
11 March, 2018 02:22:48 PM

ਜਲੰਧਰ (ਬਿਊਰੋ)— ਚਰਚਾ 'ਚ ਰਹਿਣ ਵਾਲੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦਾ ਟੀਜ਼ਰ ਸੱਚਮੁੱਚ ਦਰਸ਼ਕਾਂ ਨੂੰ ਜੰਗ ਤੇ ਬਹਾਦਰ ਫੌਜੀਆਂ ਦੀ ਸ਼ਾਨ ਤੇ ਲਾਸਾਨੀ ਕੁਰਬਾਨੀ ਦਿਖਾਉਣ ਲਈ ਕਾਫੀ ਨਹੀਂ ਸੀ। ਸੋ ਫਿਲਮ ਦੇ ਨਿਰਮਾਤਾਵਾਂ ਨੇ ਫਿਲਮ ਦਾ ਟਰੇਲਰ ਰਿਲੀਜ਼ ਕੀਤਾ, ਜਿਸ ਨੇ ਫਿਲਮ ਦੀਆਂ ਪਹਿਲੀਆਂ ਗਤੀਵਿਧੀਆਂ ਵਾਂਗ ਹੀ ਧੁੰਮਾਂ ਪਾ ਦਿੱਤੀਆਂ। ਫਿਲਮ ਦਾ ਟਰੇਲਰ ਇਕ ਫੌਜੀ ਦੀਆਂ ਅਨੇਕਾਂ ਭਾਵਨਾਵਾਂ ਨੂੰ ਦਰਸਾਉਂਦਾ ਹੈ, ਜਿਸ ਨੇ ਆਮ ਜ਼ਿੰਦਗੀ ਤੋਂ ਉੱਪਰ ਉੱਠ ਕੇ ਆਪਣੇ ਜੀਵਨ ਨੂੰ ਵਤਨ ਲਈ ਸਮਰਪਿਤ ਕਰ ਦਿੱਤਾ। ਟਰੇਲਰ 'ਚ ਕਈ ਤਰ੍ਹਾਂ ਦੇ ਭਾਵਨਾਮਤਕ ਦ੍ਰਿਸ਼ ਦੇਖਣ ਨੂੰ ਮਿਲਦੇ ਹਨ। ਲੂੰ ਕੰਡੇ ਖੜ੍ਹੇ ਕਰ ਦੇਣ ਵਾਲੇ ਜੰਗ ਦੇ ਦ੍ਰਿਸ਼ਾਂ 'ਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੁੰਦਾ ਹੈ ਤੇ ਪੰਜਾਬ ਦੇ ਸਾਰੇ ਵੱਡੇ ਕਲਾਕਾਰਾਂ ਨੂੰ ਇਕੱਠੇ ਇਕੋ ਫਿਲਮ 'ਚ ਨਵੇਂ ਅੰਦਾਜ਼ 'ਚ ਦੇਖਣਾ ਦਰਸ਼ਕਾਂ ਲਈ ਇਕ ਨਵੀਂ ਸੌਗਾਤ ਹੈ। ਵਤਨ ਦੀ ਮਿੱਟੀ ਲਈ ਮਰ ਮਿਟਣ ਦਾ ਹੌਸਲਾ ਤੇ ਘਰੋਂ ਤੁਰਦੇ ਸਮੇਂ ਸੂਬੇਦਾਰ ਜੋਗਿੰਦਰ ਸਿੰਘ (ਗਿੱਪੀ ਗਰੇਵਾਲ) ਦੀ ਲਾਡਲੀ ਧੀ ਦੀ ਗੁੱਡੀ ਤੇ ਪਤਨੀ ਤੋਂ ਅਲੱਗ ਹੋਣ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਦੇ ਦਿਲਾਂ 'ਤੇ ਡੂੰਘਾ ਅਸਰ ਛੱਡਿਆ। ਗਿੱਪੀ ਗਰੇਵਾਲ ਦਾ ਫੱਟੜ ਹੋਣ ਦੇ ਬਾਵਜੂਦ ਜੰਗ ਦੇ ਮੈਦਾਨ 'ਚ ਲੜਦੇ ਰਹਿਣਾ ਹਿਰਦੇ 'ਚ ਦੇਸ਼ ਪ੍ਰੇਮ ਦੀ ਭਾਵਨਾ ਨੂੰ ਜਗਾਉਂਦਾ ਹੈ।
ਜਦੋਂ ਫਿਲਮ ਦੇ ਨਿਰਮਾਤਾ ਸੁਮੀਤ ਸਿੰਘ ਕੋਲੋਂ ਇਹ ਪੁੱਛਿਆ ਗਿਆ ਕਿ ਆਪਣੇ ਸੁਪਨੇ ਨੂੰ ਸੱਚ ਹੁੰਦਿਆਂ ਦੇਖ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਤਾਂ ਉਨ੍ਹਾਂ ਕਿਹਾ, 'ਇਹ ਫਿਲਮ ਮੇਰਾ ਸੁਪਨਾ ਹੈ ਤੇ ਮੈਂ ਖੁਸ਼ਨਸੀਬ ਹਾਂ ਕਿ ਮੇਰੇ ਨਾਲ ਮੇਰੀ ਮਿਹਨਤੀ ਟੀਮ ਹੈ, ਜਿਸ ਨੇ ਮੇਰਾ ਹਮੇਸ਼ਾ ਸਾਥ ਦਿੱਤਾ। ਸਾਨੂੰ ਇਸ 'ਡਰੀਮ ਪ੍ਰਾਜੈਕਟ' ਨੂੰ ਸਹੀ ਸੇਥ ਦੇਣ ਤੇ ਸਾਡੇ ਪੁਰਾਣੇ ਇਤਿਹਾਸ ਨੂੰ ਸਕ੍ਰੀਨ 'ਤੇ ਦਰਸਾਉਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਇਹ ਫਿਲਮ ਪਸੰਦ ਆਵੇਗੀ।'

ਫਿਲਮ 'ਚ ਅਦਿਤੀ ਸ਼ਰਮਾ ਗਿੱਪੀ ਗਰੇਵਾਲ ਦੇ ਆਪੋਜ਼ਿਟ ਮੁੱਖ ਭੂਮਿਕਾ ਨਿਭਾਅ ਰਹੀ ਹੈ। ਅਦਿਤੀ ਸ਼ਰਮਾ ਸੂਬੇਦਾਰ ਜੋਗਿੰਦਰ ਸਿੰਘ ਦੀ ਪਤਨੀ ਗੁਰਦਿਆਲ ਕੌਰ ਦੀ ਭੂਮਿਕਾ 'ਚ ਨਜ਼ਰ ਆਵੇਗੀ। ਅਦਿਤੀ ਪੰਜਾਬੀ ਫਿਲਮ 'ਅੰਗਰੇਜ਼' 'ਚ ਵੀ ਕੰਮ ਕਰ ਚੁੱਕੀ ਹੈ, ਜਿਸ ਨੂੰ ਸਿਮਰਜੀਤ ਸਿੰਘ ਨੇ ਹੀ ਡਾਇਰੈਕਟ ਕੀਤਾ ਸੀ। ਜਦੋਂ ਫਿਲਮ ਦੇ ਨਿਰਦੇਸ਼ਕ ਨਾਲ ਫਿਲਮ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ, 'ਮੈਂ ਉਸੇ ਪਿੰਡ ਤੋਂ ਹਾਂ, ਜਿਸ ਪਿੰਡ ਤੋਂ ਸੂਬੇਦਾਰ ਜੀ ਸਨ। ਮੈਂ ਆਪਣੇ ਪਿੰਡ 'ਚ ਲੱਗੇ ਉਨ੍ਹਾਂ ਦੇ ਬੁੱਤ ਨੂੰ ਦੇਖ ਕੇ ਵੱਡਾ ਹੋਇਆ ਹਾਂ। ਮੈਂ ਇਸ ਫਿਲਮ ਨਾਲ ਭਾਵਨਾਮਤਕ ਰੂਪ ਨਾਲ ਜੁੜਿਆ ਹੋਇਆ ਹਾਂ ਕਿਉਂਕਿ ਇਹ ਫਿਲਮ ਉਨ੍ਹਾਂ 21 ਫੌਜੀਆਂ ਦੀ ਜੀਵਨ ਯਾਤਰਾ ਨੂੰ ਬਿਆਨ ਕਰਦੀ ਹੈ, ਜਿਨ੍ਹਾਂ ਨੇ ਦੇਸ਼ ਲਈ ਆਪਣਾ ਬਲੀਦਾਨ ਦਿੱਤਾ ਸੀ।'
ਫਿਲਮ ਨਿਰਮਾਤਾਵਾਂ ਵਲੋਂ ਪਹਿਲਾਂ ਗਿੱਪੀ ਗਰੇਵਾਲ ਦੀ ਫਰਸਟ ਲੁੱਕ ਰਿਲੀਜ਼ ਹੋਣ 'ਤੇ ਲੋਕਾਂ ਨੇ ਕਾਫੀ ਸਾਕਾਰਾਤਮਕ ਪ੍ਰਤੀਕਿਰਿਆ ਦਿੱਤੀ ਸੀ। ਉਸ ਤੋਂ ਬਾਅਦ ਅਧਿਕਾਰਕ ਪੋਸਟਰ ਰਿਲੀਜ਼ ਹੋਣ 'ਤੇ ਤਾਂ ਲੋਕਾਂ ਦਾ ਉਤਸ਼ਾਹ ਹੋਰ ਵੀ ਵੱਧ ਗਿਆ ਕਿਉਂਕਿ ਇਹ ਪੋਸਟਰ ਸੁਚੱਜੇ ਤਰੀਕੇ ਨਾਲ ਕਈ ਵੱਡੇ ਕਾਲਾਕਾਰਾਂ ਨੂੰ ਇਕੱਠਿਆਂ ਦਰਸਾਉਣ 'ਚ ਕਾਮਯਾਬ ਰਿਹਾ। ਗਿੱਪੀ ਗਰੇਵਾਲ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਕਿਹਾ, 'ਇਕ ਹੀਰੋ ਨੂੰ ਪਰਦੇ 'ਤੇ ਸਿਰਫ ਚੰਗਾ ਹੀ ਨਹੀਂ ਦਿਖਣਾ ਚਾਹੀਦਾ, ਸਗੋਂ ਕਹਾਣੀ ਦੇ ਅਨੁਸਾਰ ਜਚਣਾ ਵੀ ਚਾਹੀਦਾ ਹੈ। ਮੈਨੂੰ ਇਸ ਫਿਲਮ ਲਈ ਭਾਰ ਘੱਟ ਵੀ ਕਰਨਾ ਪਿਆ ਤੇ ਭਾਰ ਵਧਾਉਣਾ ਵੀ ਪਿਆ ਤੇ ਮੈਨੂੰ ਇਸ ਗੱਲ 'ਤੇ ਮਾਣ ਹੈ ਕਿ ਮੈਂ ਕਹਾਣੀ ਅਨੁਸਾਰ ਆਪਣੇ ਆਪ ਨੂੰ ਢਾਲਣ 'ਚ ਸਫਲ ਰਿਹਾ। ਮੈਂ ਭਵਿੱਖ 'ਚ ਉਮੀਦ ਕਰਦਾ ਹਾਂ ਕਿ ਅਜਿਹੇ ਚੁਣੌਤੀ ਭਰੇ ਕਿਰਦਾਰ ਮੈਨੂੰ ਮਿਲਦੇ ਰਹਿਣ। ਮੈਂ ਸ਼ੁਕਰਗੁਜ਼ਾਰ ਹਾਂ ਆਪਣੇ ਚਾਹੁਣ ਵਾਲਿਆਂ ਦਾ, ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ।'
ਨਿਰਮਾਤਾ ਸੁਮੀਤ ਸਿੰਘ ਸੀ. ਈ. ਓ. ਸੈਵਨ ਕਲਰ ਮੋਸ਼ਨ ਪਿਕਚਰ, ਲੇਖਕ ਰਾਸ਼ਟਰੀ ਪੁਰਸਕਾਰ ਜੇਤੂ ਰਾਸ਼ਿਦ ਰੰਗਰੇਜ਼ ਤੇ ਨਿਰਦੇਸ਼ਕ ਸਿਮਰਜੀਤ ਸਿੰਘ ਵਲੋਂ ਬਣਾਈ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' 6 ਅਪ੍ਰੈਲ, 2018 ਨੂੰ ਦੁਨੀਆ ਭਰ 'ਚ ਰਿਲੀਜ਼ ਕੀਤੀ ਜਾਵੇਗੀ।


Tags: Subedar Joginder Singh Gippy Grewal Aditi Sharma Simerjit Singh Trailer

Edited By

Rahul Singh

Rahul Singh is News Editor at Jagbani.