ਜਲੰਧਰ (ਬਿਊਰੋ) — ਸ਼ੁਭਰੀਤ ਕੌਰ ਘੁੰਮਣ ਦਾ ਨਾਂ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਇਕ ਲੱਤ ਨਾਂ ਹੋਣ ਦੇ ਬਾਵਜੂਦ ਬਾਕਮਾਲ ਡਾਂਸ ਕਰਕੇ ਜਿਸ ਨੇ ਟੀ. ਵੀ. ਸ਼ੋਅ 'ਇੰਡੀਆਸ ਗੋਟ ਟੈਲੇਂਟ' 'ਚ ਹਿੱਸਾ ਲਿਆ ਤੇ ਜੋ ਸੈਕਿੰਡ ਲੈਵਲ ਲਈ ਕੁਆਲੀਫਾਈ ਵੀ ਹੋਈ। ਇਕ ਹਾਦਸੇ ਦੌਰਾਨ ਆਪਣੀ ਇਕ ਲੱਤ ਗੁਆਉਣ ਵਾਲੀ ਸ਼ੁਭਰੀਤ ਨੇ ਕਦੇ ਹਿੰਮਤ ਨਹੀਂ ਹਾਰੀ ਤੇ ਫਿਟਨੈੱਸ ਅਤੇ ਡਾਂਸ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਇਆ। ਸ਼ੁਭਰੀਤ ਦੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਉਸ ਦਾ ਅਕਾਊਂਟ ਜਿਮ, ਵਰਕਆਊਟ ਤੇ ਮੋਟੀਵੇਟ ਕਰਨ ਵਾਲੀਆਂ ਵੀਡੀਓਜ਼ ਨਾਲ ਭਰਿਆ ਹੋਇਆ ਹੈ। ਉਸ ਦੀ ਜ਼ਿੰਦਗੀ 'ਚ ਸਿਰਫ ਲੱਤ ਗੁਆਉਣ ਦਾ ਦੁੱਖ ਹੀ ਨਹੀਂ ਹੈ, ਸਗੋਂ ਹੋਰ ਵੀ ਬਹੁਤ ਸਾਰੇ ਦੁੱਖ ਤੇ ਬੀਮਾਰੀਆਂ ਨਾਲ ਸ਼ੁਭਰੀਤ ਜੂਝ ਰਹੀ ਹੈ, ਜਿਨ੍ਹਾਂ ਦਾ ਜ਼ਿਕਰ ਉਸ ਨੇ ਹਾਲ ਹੀ 'ਚ ਇਕ ਪੋਸਟ ਸਾਂਝੀ ਕਰਦਿਆਂ ਕੀਤਾ ਹੈ।
ਸੁਭਰੀਤ ਲਿਖਦੀ ਹੈ, ''ਹੇ ਪ੍ਰਮਾਤਮਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਇਸ ਨਾਲ ਵੀ ਲੜਨਾ ਚਾਹੁੰਦੀ ਹਾਂ, ਜੋ ਵੀ ਹਾਲਾਤ ਤੁਸੀਂ ਮੈਨੂੰ ਦਿੱਤੇ, ਮੈਂ ਉਨ੍ਹਾਂ 'ਚੋਂ ਬੜੀ ਤਾਕਤ ਨਾਲ ਬਾਹਰ ਨਿਕਲੀ ਹਾਂ। ਮੈਂ ਉਦੋਂ 9 ਸਾਲਾਂ ਦੀ ਸੀ, ਜਦੋਂ ਡਾਕਟਰਾਂ ਨੇ ਮੈਨੂੰ ਦੱਸਿਆ ਕਿ ਮੈਨੂੰ 'ਏ ਵੀ ਮਾਲਫਾਰਮੇਸ਼ਨ' ਨਾਂ ਦੀ ਬੀਮਾਰੀ ਹੈ। ਮੇਰਾ ਬਚਪਨ ਹਸਪਤਾਲ 'ਚ ਬੀਤੀਆ। ਮੇਰੇ ਕਈ ਟੈਸਟ ਤੇ ਆਪ੍ਰੇਸ਼ਨਜ਼ ਵੀ ਹੋਏ ਪਰ ਮੈਂ ਕਦੇ ਹਿੰਮਤ ਨਹੀਂ ਹਾਰੀ। ਬੀਮਾਰੀਆਂ ਹੀ ਸਿਰਫ ਇਕ ਕਾਰਨ ਨਹੀਂ ਸੀ। ਮੇਰੇ ਪਿਤਾ ਮੇਰੀ ਮਾਂ ਨਾਲ ਰੋਜ਼ਾਨਾ ਕੁੱਟ-ਮਾਰ ਕਰਦੇ ਸਨ। ਮੈਂ ਆਪਣੀ ਪੜ੍ਹਾਈ ਵੱਲ ਵੀ ਧਿਆਨ ਨਹੀਂ ਦੇ ਸਕੀ ਕਿਉਂਕਿ ਜਦੋਂ ਮੈਂ ਸਕੂਲ 'ਚ ਸੀ ਤਾਂ ਮੈਂ ਹਮੇਸ਼ਾ ਮਾਂ ਬਾਰੇ ਸੋਚਦੀ ਸੀ ਤੇ ਮੈਂ ਘਰ ਜਾਣਾ ਚਾਹੁੰਦੀ ਸੀ ਤਾਂ ਕਿ ਮੈਂ ਆਪਣੀ ਮਾਂ ਨੂੰ ਦੇਖ ਸਕਾਂ। ਕਿਸੇ ਵੀ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਗੁਜ਼ਾਰਨੀ ਸ਼ੁਰੂ ਕੀਤੀ ਪਰ 2009 'ਚ ਮੇਰਾ ਐਕਸੀਡੈਂਟ ਹੋ ਗਿਆ। ਸਭ ਕੁਝ ਦੁਬਾਰਾ ਬਦਲ ਗਿਆ। ਮੈਂ ਆਪਣੀ ਇਕ ਲੱਤ ਹਮੇਸ਼ਾ ਲਈ ਗੁਆ ਦਿੱਤੀ ਪਰ ਮੈਂ ਹਾਰ ਨਹੀਂ ਮੰਨੀ ਤੇ ਆਪਣੀ ਜ਼ਿੰਦਗੀ ਦੁਬਾਰਾ ਪਾਜ਼ੇਟੀਵਿਟੀ ਨਾਲ ਜਿਊਣੀ ਸ਼ੁਰੂ ਕਰ ਦਿੱਤੀ। ਸਾਲ 2014 'ਚ ਮੈਨੂੰ ਲੱਗਾ ਕਿ ਮੈਨੂੰ ਪਿਆਰ ਮਿਲ ਗਿਆ ਹੈ ਤੇ ਮੈਂ ਵਿਆਹ ਕਰਵਾ ਲਿਆ ਪਰ ਬਾਅਦ 'ਚ ਮੈਨੂੰ ਪਤਾ ਲੱਗਾ ਕਿ ਉਹ ਮੇਰੇ ਨਾਲ ਸਿਰਫ ਸ਼ੋਅ ਆਫ, ਪੈਸੇ ਤੇ ਫੇਮ ਕਰਕੇ ਹੀ ਨਾਲ ਸੀ। ਇਸ ਕਰਕੇ ਮੇਰਾ ਦਿਲ ਟੁੱਟ ਗਿਆ ਤੇ ਮੈਂ ਬੁਰੀ ਤਰ੍ਹਾਂ ਡਿਪ੍ਰੈਸ਼ਨ 'ਚ ਚਲੀ ਗਈ ਪਰ ਮੈਂ ਆਪਣੇ-ਆਪ ਨੂੰ ਸੰਭਾਲਿਆ ਤੇ ਡਿਪ੍ਰੈਸ਼ਨ ਨਾਲ ਵੀ ਜੰਗ ਲੜੀ। ਮੈਂ ਅਮਰੀਕਾ ਚਲੀ ਗਈ। ਮੈਂ ਇਥੇ ਬਹੁਤ ਖੁਸ਼ ਸੀ ਤੇ ਸੋਚਿਆ ਜੋ ਕੁਝ ਵੀ ਪਾਸਟ 'ਚ ਹੋਇਆ, ਹੁਣ ਉਹ ਮਾਇਨੇ ਨਹੀਂ ਰੱਖਦਾ। ਮੈਂ ਇਥੇ ਖੁਸ਼ ਸੀ ਤੇ ਆਪਣੀ ਜ਼ਿੰਦਗੀ ਨੂੰ ਖੁਸ਼ੀ-ਖੁਸ਼ੀ ਜਿਊਣ ਬਾਰੇ ਸੋਚਿਆ ਪਰ ਪਿਆਰੇ ਪ੍ਰਮਾਤਮਾ ਤੁਸੀਂ ਸੋਚਿਆ ਕਿ ਇਕ ਸ਼ਖਸ ਇੰਨਾ ਖੁਸ਼ ਕਿਵੇਂ ਰਹਿ ਸਕਦਾ ਹੈ, ਜਿਸ ਦੀ ਜ਼ਿੰਦਗੀ 'ਚ ਇੰਨੀਆਂ ਮਾੜੀਆਂ ਚੀਜ਼ਾਂ ਵਾਪਰੀਆਂ ਹੋਣ। ਤੁਸੀਂ ਸੋਚਿਆ ਕਿ ਹੁਣ ਮੇਰੇ ਲਈ ਕੁਝ ਨਵਾਂ ਲੈ ਕੇ ਆਓਗੇ। ਤੁਸੀਂ ਬਹੁਤ ਸੋਚਿਆ ਤੇ ਮੈਨੂੰ 'ਲੁਪੁਸ' ਨਾਂ ਦੀ ਬੀਮਾਰੀ ਦਿੱਤੀ। ਤੁਹਾਡਾ ਇਸ ਲਈ ਬਹੁਤ-ਬਹੁਤ ਧੰਨਵਾਦ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਬਹੁਤ ਜ਼ਿੱਦੀ ਹਾਂ। ਮੈਂ ਲੜਾਂਗੀ, ਜੋ ਬੀਮਾਰੀ ਤੁਸੀਂ ਮੈਨੂੰ ਦਿੱਤੀ ਹੈ ਉਸ ਨਾਲ ਲੜਦੀ ਰਹਾਂਗੀ।''
ਦੱਸਣਯੋਗ ਹੈ ਕਿ ਸ਼ੁਭਰੀਤ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਇਨ੍ਹਾਂ 'ਚ ਉਸ ਦੇ ਸਰੀਰ 'ਤੇ ਐਲਰਜੀ ਸਾਫ ਦਿਖਾਈ ਦੇ ਰਹੀ ਹੈ। 'ਲੁਪੁਸ' ਨਾਂ ਦੀ ਬੀਮਾਰੀ 'ਚ ਸਰੀਰ ਦੇ ਟਿਸ਼ੂਜ਼ 'ਤੇ ਇਮਿਊਨ ਸਿਸਟਮ ਦਾ ਹਮਲਾ ਹੁੰਦਾ ਹੈ, ਜਿਸ ਨਾਲ ਗੰਭੀਰ ਨਤੀਜੇ ਸਰੀਰ ਨੂੰ ਭੁਗਤਣੇ ਪੈਂਦੇ ਹਨ।