FacebookTwitterg+Mail

ਸੰਨੀ ਦਿਓਲ ਨੂੰ ਚੋਣਾਂ 'ਚ ਖੜ੍ਹਾ ਕਰਕੇ ਪਿਤਾ ਧਰਮਿੰਦਰ ਨੇ ਕਿਹਾ 'ਸਿਆਸਤ ਬੜੀ ਘਿਨੌਣੀ'

sunny deol and dharmendra
30 April, 2019 08:38:04 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਹੀਮੈਨ ਆਖੇ ਜਾਣ ਵਾਲੇ ਮਸ਼ਹੂਰ ਅਦਾਕਾਰ ਧਰਮਿੰਦਰ ਦਾ ਵੱਡਾ ਬੇਟਾ ਸੰਨੀ ਦਿਓਲ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜ ਰਹੇ ਹਨ। ਸੰਨੀ ਦਿਓਲ ਨੇ ਬੀਤੇ ਦਿਨ ਆਪਣੀ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ। ਹਾਲਾਂਕਿ, ਧਰਮਿੰਦਰ ਨੇ ਵੀ ਉਨ੍ਹਾਂ ਨਾਲ ਆਉਣਾ ਸੀ ਪਰ ਬੌਬੀ ਦਿਓਲ ਨੇ ਭਰਾ ਸੰਨੀ ਦਾ ਸਾਥ ਦਿੱਤਾ ਤੇ ਪਿਤਾ ਸੋਸ਼ਲ ਮੀਡੀਆ ਰਾਹੀਂ ਪੁੱਤ ਦੇ ਪੱਖ 'ਚ ਨਿੱਤਰੇ।


ਦੱਸ ਦਈਏ ਕਿ ਇਸ ਦੌਰਾਨ ਧਰਮਿੰਦਰ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਟਵੀਟ ਕਰਕੇ ਸਿਆਸਤ ਨੂੰ ਘਿਨਾਉਣੀ ਚੀਜ਼ ਦੱਸਿਆ ਅਤੇ ਲੋਕਾਂ ਤੋਂ ਆਪਣੇ ਪੁੱਤਰ ਲਈ ਸਾਥ ਮੰਗਿਆ। ਇਸ ਤੋਂ ਇਲਾਵਾ ਧਰਮਿੰਦਰ ਨੇ ਇਕ ਹੋਰ ਟਵੀਟ ਕਰਕੇ ਸੰਨੀ ਦੀ ਸਿਆਸੀ ਪਾਰੀ ਦੀ ਸ਼ੁਰੂਆਤ ਨੂੰ ਆਪਣੇ ਨਾਲ ਮੇਲਦਿਆਂ ਬੀਕਾਨੇਰ ਦੇ ਸੰਸਦ ਮੈਂਬਰ ਵਜੋਂ ਆਪਣੇ ਕਾਰਜਕਾਲ ਨੂੰ ਯਾਦ ਕੀਤਾ। ਧਰਮਿੰਦਰ ਨੇ ਕਿਹਾ ਕਿ ਉਨ੍ਹਾਂ ਬੀਕਾਨੇਰ 'ਚ ਪਿਛਲੇ 50 ਸਾਲਾਂ ਤੋਂ ਵੱਧ ਕੰਮ ਆਪਣੇ ਪੰਜ ਸਾਲਾਂ 'ਚ ਕਰਵਾ ਦਿੱਤੇ, ਜਿਸ 'ਤੇ ਕਈਆਂ ਨੇ ਅਸਿਹਮਤੀ ਵੀ ਜਤਾਈ।


ਦੱਸਣਯੋਗ ਹੈ ਕਿ ਧਰਮਿੰਦਰ ਨੇ ਜਲਦ ਹੀ ਸਿਆਸਤ ਤੋਂ ਤੌਬਾ ਕਰ ਲਈ ਪਰ ਆਪਣੇ ਸੰਸਦੀ ਕਾਰਜਕਾਲ ਦੌਰਾਨ ਸਦਨ 'ਚੋਂ ਗੈਰਹਾਜ਼ਰੀ ਕਰਕੇ ਧਰਮਿੰਦਰ ਦੀ ਖਾਸੀ ਅਲੋਚਨਾ ਹੁੰਦੀ ਰਹੀ ਹੈ। ਉਨ੍ਹਾਂ ਦੀ ਦੂਜੀ ਪਤਨੀ ਤੇ ਸੰਨੀ ਦੀ ਮਤਰੇਈ ਮਾਂ ਹੇਮਾ ਮਾਲਿਨੀ ਦਾ ਸਿਆਸੀ ਕਰੀਅਰ ਉਨ੍ਹਾਂ ਦੇ ਮੁਕਾਬਲੇ ਬਿਹਤਰ ਹੈ। ਹੁਣ ਧਰਮਿੰਦਰ ਦੇ ਪੁੱਤਰ ਸੰਨੀ ਦਿਓਲ ਨੇ ਵੀ ਭਾਰਤੀ ਜਨਤਾ ਪਾਰਟੀ ਨਾਲ ਜੁੜ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਰ ਲਈ ਹੈ ਤੇ ਧਰਮਿੰਦਰ ਹੇਮਾ ਦੇ ਨਾਲ-ਨਾਲ ਸੰਨੀ ਦਿਓਲ ਦਾ ਵੀ ਪੂਰਾ ਸਾਥ ਦੇ ਰਹੇ ਹਨ। ਧਰਮਿੰਦਰ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਸੰਨੀ ਦਿਓਲ ਲਈ ਇਹ ਦੌਰ ਸੁਖਾਲਾ ਨਹੀਂ ਹੋਵੇਗਾ। ਆਉਣ ਵਾਲੇ ਸਮੇਂ 'ਚ ਇਹ ਦੇਖਣਯੋਗ ਹੋਵੇਗਾ ਕਿ ਦਿਓਲ ਪਰਿਵਾਰ ਦਾ ਤੀਜਾ ਮੈਂਬਰ ਸਿਆਸਤ 'ਚ ਕੀ ਰੰਗ ਲਾਉਂਦਾ ਹੈ।


Tags: Sunny DeolInstagram PostTwitterDharmendraHema MaliniBJPBikanerRajasthanGurdaspur

Edited By

Sunita

Sunita is News Editor at Jagbani.