ਜਲੰਧਰ(ਬਿਊਰੋ)— 'ਲੱਕੀ ਦੀ ਅਣਲੱਕੀ ਸਟੋਰੀ', 'ਸਿੰਘ ਵਰਸੇਜ ਕੌਰ', 'ਧਰਤੀ', 'ਸਾਡੀ ਲਵ ਸਟੋਰੀ' ਤੇ 'ਡਿਸਕੋ ਸਿੰਘ' ਵਰਗੀਆਂ ਹਿੱਟ ਫਿਲਮਾਂ ਦੀ ਅਦਾਕਾਰਾ ਸੁਰਵੀਨ ਚਾਵਲਾ ਨੇ ਉਸ ਸਮੇਂ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਸੀ ਜਦੋਂ ਉਨ੍ਹਾਂ ਨੇ ਆਪਣੇ ਵਿਆਹ ਦਾ ਖੁਲਾਸਾ ਕੀਤਾ ਸੀ। ਹਾਲਾਂਕਿ ਉਨ੍ਹਾਂ ਨੂੰ ਇਹ ਸੋਚ ਕੇ ਕਾਫੀ ਅਜੀਬ ਲੱਗਦਾ ਹੈ ਕਿ ਉਨ੍ਹਾਂ ਦੇ ਵਿਆਹ ਦੀ ਖਬਰ ਸੁਣ ਕੇ ਸਾਰੇ ਇੰਨੇ ਹੈਰਾਨ ਕਿਉਂ ਹਨ। ਸੁਰਵੀਨ ਮੁਤਾਬਕ ਵਿਆਹ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਬਦਲੀ ਨਹੀਂ ਬਲਕਿ ਅੱਗੇ ਨਾਲੋਂ ਬਿਹਤਰ ਹੋਈ ਹੈ।

ਸੁਰਵੀਨ ਚਾਵਲਾ ਨੇ ਕਿਹਾ, ''ਜਦੋਂ ਮੈਨੂੰ ਉਹ ਸ਼ਖਸ ਮਿਲ ਗਿਆ, ਜਿਸ ਨਾਲ ਮੈਂ ਸਹਿਜ ਮਹਿਸੂਸ ਕਰਦੀ ਹਾਂ ਅਤੇ ਜਿਸ ਦੇ ਨਾਲ ਮੈਂ ਪੂਰੀ ਜ਼ਿੰਦਗੀ ਬਿਤਾਉਣਾ ਚਾਹੁੰਦੀ ਹਾਂ ਤਾਂ ਫਿਰ ਮੈਂ ਵਿਆਹ ਕਰਨ 'ਚ ਦੇਰੀ ਕਿਉਂ ਕਰਦੀ?''

ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਜ਼ਮਾਨਾ ਬੀਤ ਚੁੱਕਾ ਹੈ, ਜਦੋਂ ਅਭਿਨੇਤਰੀਆਂ ਆਪਣਾ ਕਰੀਅਰ ਸੈੱਟ ਹੋਣ ਦੇ ਬਾਅਦ ਹੀ ਵਿਆਹ ਕਰਦੀਆਂ ਸਨ। ਸੁਰਵੀਨ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਉਨ੍ਹਾਂ ਦੀਆਂ ਪ੍ਰੋਫੈਸ਼ਨਲ ਕਮਿਟਮੈਂਟਸ ਨੂੰ ਬਖੂਬੀ ਸਮਝਦੇ ਹਨ ਅਤੇ ਸੁਪੋਰਟ ਵੀ ਕਰਦੇ ਹਨ।

ਉਨ੍ਹਾਂ ਨੇ ਕਿਹਾ, ''ਮੈਂ ਸਕ੍ਰਿਪਟ ਦੀ ਡਿਮਾਂਡ 'ਤੇ ਜੇਕਰ ਆਪਣੇ ਸਹਿ-ਐਕਟਰ ਨੂੰ ਕਿੱਸ ਕਰਾਂ ਜਾਂ ਨਿਊਡ ਹੋ ਜਾਵਾਂ ਤਾਂ ਵੀ ਮੇਰੇ ਪਤੀ ਨੂੰ ਕੋਈ ਫਰਕ ਨਹੀਂ ਪਵੇਗਾ।'' ਸੁਰਵੀਨ ਚਾਵਲਾ ਨੇ ਸਾਲ 2015 'ਚ ਆਪਣੇ ਬੁਆਏਫ੍ਰੈਂਡ ਅਕਸ਼ੈ ਠੱਕਰ ਨਾਲ ਇਟਲੀ 'ਚ ਵਿਆਹ ਕਰਵਾਇਆ ਸੀ।

ਹਾਲ ਹੀ 'ਚ ਉਹ ਏਕਤਾ ਕਪੂਰ ਦੇ ਵੈੱਬ ਚੈਨਲ ਆਲਟ ਬਾਲਾਜੀ ਦੇ ਸੀਰੀਅਲ 'ਹੱਕ ਸੇ' 'ਚ ਦਿਖੀ ਸੀ। ਜਲਦ ਉਹ ਸ਼ੁਜਾਏ ਘੋਸ਼ ਦੀ ਸ਼ਾਰਟ ਫਿਲਮ 'ਚ ਵੀ ਨਜ਼ਰ ਆਵੇਗੀ। ਇਸ ਦਾ ਨਾਂ ਹੋਵੇਗਾ ਤੀਨ ਪਹੇਲੀਆਂ' ਅਤੇ ਇਹ ਸਟਾਰ ਪਲੱਸ 'ਤੇ ਪ੍ਰਸਾਰਿਤ ਹੋਵੇਗਾ।

ਇਸ ਤੋਂ ਪਹਿਲਾਂ ਅਦਾਕਾਰਾ ਸੁਰਵੀਨ ਚਾਵਲਾ ਨੇ 'ਕਠੂਆ ਗੈਂਗਰੇਪ ਮਾਮਲੇ' 'ਤੇ ਵੀ ਵੱਡਾ ਬਿਆਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਘਟਨਾ ਤੋਂ ਹੈਰਾਨ ਹਾਂ। ਮੈਂ ਰੇਪ ਦਾ ਦਰਦ ਸਮਝ ਸਕਦੀ ਹਾਂ, ਕਿਉਂਕਿ ਮੈਂ ਆਲਟ ਬਾਲਾਜੀ ਵਲੋਂ ਨਿਰਮਿਤ ਵੈੱਬ ਸ਼ੋਅ 'ਹੱਕ ਸੇਂ' ਇਕ ਅਜਿਹੀ ਹੀ ਲੜਕੀ ਦੀ ਭੂਮਿਕਾ ਨਿਭਾਈ ਹੈ, ਜਿਸ ਨਾਲ ਵੀ ਕੁਕਰਮ ਹੁੰਦਾ ਹੈ।''