ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਖ਼ਬਰ ਨਾਲ ਫ਼ਿਲਮ ਉਦਯੋਗ ਨੂੰ ਵੱਡਾ ਝਟਕਾ ਲੱਗਾ ਹੈ। ਟੀ. ਵੀ. ਕਲਾਕਾਰਾਂ ਤੋਂ ਲੈ ਕੇ ਫ਼ਿਲਮੀ ਕਲਾਕਾਰਾਂ ਤਕ ਸਾਰੇ ਸਦਮੇ 'ਚ ਹਨ ਕਿ ਸੁਸ਼ਾਂਤ ਇੰਨ੍ਹਾਂ ਵੱਡਾ ਕਦਮ ਕਿਵੇਂ ਚੁੱਕ ਸਕਦਾ ਹੈ। ਸੁਸ਼ਾਂਤ ਨੇ 14 ਜੂਨ ਨੂੰ ਆਪਣੇ ਘਰ 'ਚ ਫਾਂਸੀ ਲਾ ਕੇ ਖ਼ੁਦਕੁਸ਼ੀ ਕਰ ਲਈ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਨਾ ਸਿਰਫ਼ ਫ਼ਿਲਮੀ ਕਲਾਕਾਰਾਂ ਸਗੋਂ ਪੂਰਾ ਦੇਸ਼ ਹਿੱਲ ਜਿਹਾ ਗਿਆ। ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਸ਼ਾਂਤ ਦੇ ਜਾਣ 'ਤੇ ਸੋਗ ਪ੍ਰਗਟਾਇਆ। ਪਹਿਲਾਂ ਖ਼ਬਰਾਂ ਆ ਰਹੀਆਂ ਸਨ ਕਿ ਸੁਸ਼ਾਂਤ ਨੇ ਖ਼ੁਦਕੁਸ਼ੀ ਨਹੀਂ ਕੀਤੀ ਹੈ ਸਗੋ ਉਸ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ ਪਰ ਹੁਣ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ, ਜਿਸ 'ਚ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਸੁਸ਼ਾਂਤ ਦੀ ਮੌਤ ਦਮ ਘੁੱਟਣ ਨਾਲ ਹੀ ਹੋਈ ਹੈ।

ਸੁਸ਼ਾਂਤ ਸਿੰਘ ਰਾਜਪੂਤ ਨੂੰ ਟੀ. ਵੀ. ਸੀਰੀਅਲ 'ਪਵਿੱਤਰ ਰਿਸ਼ਤਾ' ਨਾਲ ਘਰ-ਘਰ 'ਚ ਪਛਾਣ ਮਿਲੀ ਸੀ। ਅਦਾਕਾਰ ਦੀ ਮੌਤ ਦੀਆਂ ਖ਼ਬਰਾਂ ਨਾਲ ਉਨ੍ਹਾਂ ਦੀ 'ਪਵਿੱਤਰ ਰਿਸ਼ਤਾ' ਟੀਮ ਨੂੰ ਤਕੜਾ ਝਟਕਾ ਲੱਗਾ ਹੈ। ਇੱਕ ਨਿੱਜੀ ਚੈਨਲ ਨੇ 'ਪਵਿੱਤਰ ਰਿਸ਼ਤਾ' 'ਚ ਸੁਸ਼ਾਂਤ ਦੇ ਕੋ-ਸਟਾਰ ਰਹੇ ਪਰਾਗ ਤਿਆਗੀ ਨਾਲ ਗੱਲਬਾਤ ਕੀਤੀ। ਪਰਾਗ ਨੇ ਦੱਸਿਆ ਕਿ ਜਿਵੇਂ ਹੀ 'ਪਵਿੱਤਰ ਰਿਸ਼ਤਾ' ਟੀਮ ਨੂੰ ਸੁਸ਼ਾਂਤ ਦੀ ਮੌਤ ਦੀ ਖ਼ਬਰ ਮਿਲੀ ਤਾਂ ਸਭ ਹੈਰਾਨ ਹੀ ਰਹਿ ਗਏ, ਕੋਈ ਵੀ ਇਸ ਗੱਲ 'ਤੇ ਯਕੀਨ ਨਹੀਂ ਕਰ ਰਿਹਾ ਸੀ। ਪਰਾਗ ਨੇ ਦੱਸਿਆ, ਊਸ਼ਾ ਨਦਕਰਣੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਸੁਸ਼ਾਂਤ ਹੁਣ ਇਸ ਦੁਨੀਆ 'ਚ ਨਹੀਂ ਰਹੇ। ਉੱਥੇ ਹੀ ਮੰਜੂ ਸ਼ਾਹ ਤੇ ਟੀਮ ਦੇ ਬਾਕੀ ਮੈਂਬਰ, ਸਾਰੇ ਇਹ ਖ਼ਬਰ ਸੁਣ ਕੇ ਹਿੱਲ ਗਏ ਹਨ। ਪਰਾਗ ਨੇ ਦੱਸਿਆ ਕਿ ਉਨ੍ਹਾਂ ਨੇ ਅੰਕਿਤਾ ਲੋਖੰਡੇ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਤਾਂ ਉਹ ਬੁਰੀ ਤਰ੍ਹਾਂ ਟੁੱਟੀ ਹੋਈ ਸੀ। ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਸੁਸ਼ਾਂਤ ਅਜਿਹਾ ਕਦਮ ਉਠਾ ਸਕਦਾ ਹੈ, ਉਹ ਇਸ ਖ਼ਬਰ 'ਤੇ ਯਕੀਨ ਹੀ ਨਹੀਂ ਕਰ ਰਹੀ ਸੀ।'

ਅਦਾਕਾਰ ਨੇ ਕਿਹਾ, 'ਸਭ ਕੁਝ ਤਾਂ ਵਧੀਆ ਸੀ। ਛਿਛੋਰੇ ਹਿੱਟ ਹੋਈ ਸੀ। ਉਸ ਦੀ ਅਗਲੀ ਫ਼ਿਲਮ 'ਬੇਚਾਰਾ' ਆਉਣ ਵਾਲੀ ਸੀ, ਜਿਸ 'ਚ ਉਹ ਸ਼ਾਨਦਾਰ ਲੱਗ ਰਿਹਾ ਹੈ। ਸੁਸ਼ਾਂਤ ਨੇ ਅਜਿਹਾ ਕਿਉਂ ਕੀਤਾ? ਮੈਂ ਕੱਲ੍ਹ ਹੀ 'ਬੇਚਾਰਾ' ਫ਼ਿਲਮ ਦਾ ਟੀਜ਼ਰ ਦੇਖ ਰਿਹਾ ਸੀ, ਬਹੁਤ ਵਧੀਆ ਸੀ।'
