ਮੁੰਬਈ — ਬਾਲੀਵੁੱਡ ਦੇ ਉੱਭਰ ਰਹੇ ਸਿਤਾਰਿਆਂ 'ਚ ਸ਼ੁਮਾਰ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰ ਲਈ ਹੈ। ਐਤਵਾਰ ਨੂੰ ਉਸ ਦੀ ਲਾਸ਼ ਘਰ 'ਚ ਪੱਖੇ ਨਾਲ ਲਟਕਦੀ ਮਿਲੀ। ਘਰ ਦੇ ਨੌਕਰ ਨੇ ਫੋਨ ਕਰਕੇ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਫਿਲਹਾਲ ਖੁਦਕੁਸ਼ੀ ਦਾ ਕੋਈ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਸੁਸ਼ਾਂਤ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਐਕਟਿਵ ਸੀ। ਉਸਦੀ ਆਖਰੀ ਪੋਸਟ ਉਸਦੀ ਮਾਂ ਦੇ ਨਾਮ ਹੈ।

ਸੁਸ਼ਾਂਤ ਨੇ ਲਿਖਿਆ-
ਧੁੰਦਲਾ ਭੂਤਕਾਲ, ਅੱਥਰੂਆਂ ਦੀਆਂ ਬੂੰਦਾਂ ਨਾਲ ਉੱਡ ਰਿਹਾ
ਕਦੇ ਨਾ ਖਤਮ ਹੋਣ ਵਾਲਾ ਇਹ ਸਪਨਾ ਮੁਸਕੁਰਾਹਟਾਂ ਨੂੰ ਬੁਣ ਰਿਹਾ
ਬਹੁਤ ਥੋੜ੍ਹੀ ਜ਼ਿੰਦਗੀ ਅਤੇ ਦੋਹਾਂ ਦਰਮਿਆਨ ਗੱਲਬਾਤ
ਜ਼ਿਕਰਯੋਗ ਹੈ ਕਿ ਸੁਸ਼ਾਂਤ ਦੀ ਮਾਂ ਦੀ ਮੌਤ ਬਹੁਤ ਪਹਿਲਾਂ ਹੋ ਚੁੱਕੀ ਹੈ। ਉਸ ਸਮੇਂ ਸੁਸ਼ਾਂਤ 16 ਸਾਲ ਦੇ ਸਨ। ਉਹ ਆਪਣੀ ਮਾਂ ਦੇ ਬਹੁਤ ਨੇੜੇ ਸਨ। ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਸੋਸ਼ਲ ਮੀਡੀਆ 'ਤੇ ਆਪਣੀ ਮਾਂ ਦੇ ਪ੍ਰਤੀ ਆਪਣੇ ਲਗਾਅ ਨੂੰ ਜ਼ਾਹਰ ਕਰ ਚੁੱਕੇ ਸਨ। ਉਨ੍ਹਾਂ ਦੇ ਪਰਿਵਾਰ ’ਚ ਉਨ੍ਹਾਂ ਦੀਆਂ ਦੋ ਭੈਣਾਂ ਅਤੇ ਪਿਤਾ ਹਨ।
ਸੁਸ਼ਾਂਤ ਬਾਂਦਰਾ ਦੇ ਘਰ 'ਚ ਇਕੱਲੇ ਰਹਿੰਦੇ ਸਨ। ਪੁਲਸ ਸੁਸ਼ਾਂਤ ਦੀ ਖੁਦਕੁਸ਼ੀ ਬਾਰੇ ਗੁਆਂਢੀਆਂ ਦੇ ਬਿਆਨ ਲੈ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਸ਼ਾਂਤ ਪਿਛਲੇ ਛੇ ਮਹੀਨਿਆਂ ਤੋਂ ਡਿਪਰੈਸ਼ਨ 'ਚ ਸਨ। ਪਰ ਸ਼ਾਇਦ ਕਿਸੇ ਨੇ ਵੀ ਇਹ ਨਹੀਂ ਸੋਚਿਆ ਹੋਵੇਗਾ ਕਿ ਉਹ ਖੁਦਕੁਸ਼ੀ ਵਰਗਾ ਕਦਮ ਚੁੱਕੇਗਾ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਦੋਸਤ ਦਰਵਾਜ਼ਾ ਤੋੜ ਕੇ ਅੰਦਰ ਪਹੁੰਚੇ ਸਨ। ਉਥੇ ਸੁਸ਼ਾਂਤ ਪੱਖੇ ਨਾਲ ਲਟਕਦਾ ਮਿਲਿਆ। ਇਸ ਬਾਰੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ।
ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਫਿਲਮਾਂ ਤੋਂ ਪਹਿਲਾਂ ਉਸਨੇ ਟੀ.ਵੀ. ਇੰਡਸਟਰੀ ਵਿਚ ਆਪਣੀ ਇਕ ਪਛਾਣ ਬਣਾਈ ਸੀ। ਸੁਸ਼ਾਂਤ ਦਾ ਪਹਿਲਾ ਸੀਰੀਅਲ 'ਕਿਸ ਦੇਸ਼ ਮੇਂ ਹੈ ਮੇਰਾ ਦਿਲ' ਸੀ। ਪਰ ਉਸ ਨੂ ਪਛਾਣ 'ਪਵਿੱਤਰ ਰਿਸ਼ਤੇ' ਸੀਰੀਅਲ ਤੋਂ ਮਿਲੀ। ਇਸ ਤੋਂ ਬਾਅਦ ਉਸਨੇ ਕਾਈ ਪੋ ਚੇ, ਐਮਐਸ ਧੋਨੀ, ਕੇਦਾਰਨਾਥ, ਛਿਛੋਰੇ ਵਰਗੀਆਂ ਹਿੱਟ ਫਿਲਮਾਂ ਵਿਚ ਕੰਮ ਕੀਤਾ ਹੈ।