FacebookTwitterg+Mail

ਮੈਂ ਦੁਨੀਆ 'ਚ ਆਈ ਅਤੇ 'ਯੂਨੀਵਰਸ' ਬਣੀ, ਇਹ ਮਾਂ ਦੀ ਬਦੌਲਤ ਹੀ ਹੈ : ਸੁਸ਼ਮਿਤਾ ਸੇਨ

sushmita sen
12 May, 2019 04:51:46 PM

ਅੰਮ੍ਰਿਤਸਰ (ਸਫਰ) : ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸੁਸ਼ਮਿਤਾ ਸੇਨ ਬੰਗਾਲੀ ਪਰਿਵਾਰ ਤੋਂ ਹੈ। ਉਸ ਨੇ ਆਂਧਰਾ ਪ੍ਰਦੇਸ਼ ਦੇ ਹੈਦਰਾਬਾਦ 'ਚ ਅੱਖਾਂ ਖੋਲ੍ਹੀਆਂ ਅਤੇ ਦਿੱਲੀ 'ਚ ਆਰੰਭ ਸਿੱਖਿਆ ਗ੍ਰਹਿਣ ਕੀਤੀ। ਦੱਸ ਦਈਏ ਕਿ ਸੁਸ਼ਮਿਤਾ ਸੇਨ ਦੇ ਪਿਤਾ ਸ਼ੁਬੀਰ ਸੇਨ (ਭਾਰਤੀ ਹਵਾਈ ਫੌਜ 'ਚ ਅਧਿਕਾਰੀ ਸਨ) ਅਤੇ ਮਾਂ ਸੁਭਰਾ ਸੇਨ ਜਿਊਲਰੀ ਡਿਜ਼ਾਈਨਰ ਹੈ। ਅਜਿਹੇ 'ਚ ਜ਼ਿੰਦਗੀ 'ਚ ਅਨੁਸ਼ਾਸ਼ਨ ਪਿਤਾ ਤੋਂ ਸਿੱਖਿਆ ਅਤੇ ਖੂਬਸੂਰਤੀ ਨਾਲ ਜਿਊਣ ਦੀ ਕਲਾ ਮਾਂ ਨੇ ਸਿਖਾਈ। ਪਿਤਾ ਦੇ ਤਬਾਦਲਿਆਂ ਦੇ ਨਾਲ-ਨਾਲ ਉਹ ਵੀ ਵੱਖ-ਵੱਖ ਸ਼ਹਿਰਾਂ 'ਚ ਰਹੀ। 19 ਸਾਲ ਦੀ ਉਮਰ 'ਚ ਜਦੋਂ ਉਹ 'ਮਿਸ ਯੂਨੀਵਰਸ' ਦਾ ਖਿਤਾਬ ਜਿੱਤੀ ਤਾਂ ਪੂਰੀ ਦੁਨੀਆ ਦੀ ਜ਼ੁਬਾਨ 'ਤੇ ਇਕ ਹੀ ਨਾਂ ਸੀ, ਉਹ ਸੀ 'ਸੁਸ਼ਮਿਤਾ ਸੇਨ' ਦਾ। ਸੁਸ਼ਮਿਤਾ ਸੇਨ ਦੇਸ਼ ਦੀ ਪਹਿਲੀ 'ਵਿਸ਼ਵ ਸੁੰਦਰੀ' ਬਣਨ ਦਾ ਖਿਤਾਬ ਜਿੱਤ ਕੇ ਦੁਨੀਆ ਦੀ ਸਭ ਤੋਂ ਖੂਬਸੂਰਤ 'ਮਿਸ' ਬਣੀ। ਦੱਸ ਦਈਏ ਕਿ ਬੀਤੇ ਦਿਨੀਂ ਯਾਨੀ ਸ਼ਨੀਵਾਰ ਨੂੰ 'ਫਿੱਕੀ ਫਲੋ' ਵੱਲੋਂ 'ਮਦਰ ਡੇਅ' 'ਤੇ ਆਯੋਜਿਤ ਸੈਮੀਨਾਰ 'ਚ ਸ਼ਾਮਲ ਹੋਣ ਆਈ ਸੁਸ਼ਮਿਤਾ ਸੇਨ ਨਾਲ 'ਜਗ ਬਾਣੀ' ਨੇ ਖਾਸ ਗੱਲਬਾਤ ਕੀਤੀ। ਪੇਸ਼ ਹੈ ਗੱਲਬਾਤ ਦੇ ਕੁਝ ਅੰਸ਼-

ਤੁਸੀਂ 'ਮਦਰ ਡੇਅ' ਦੇ ਸਮਾਰੋਹ 'ਚ ਆਏ ਹੋ, 'ਸਿੰਗਲ ਮਦਰ' ਹੋ, 2 ਬੇਟੀਆਂ ਨੂੰ ਗੋਦ ਲਿਆ ਹੈ, ਜਦੋਂ 'ਦੁਨੀਆ' ਵਿਚ ਆਏ ਜਾਂ ਜਦੋਂ 'ਯੂਨੀਵਰਸ' ਸੁੰਦਰੀ ਬਣੇ, ਦੋਵਾਂ ਪਲਾਂ 'ਚ ਕਦੇ ਮਾਂ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਕਦੋਂ ਜ਼ਿਆਦਾ ਖੁਸ਼ੀ ਹੋਈ, ਤੁਸੀਂ ਵੀ 2 ਬੇਟੀਆਂ ਨੂੰ ਗੋਦ ਲੈ ਕੇ 'ਮਾਂ' ਦਾ ਫਰਜ਼ ਨਿਭਾ ਰਹੇ ਹੋ?

ਸੁਸ਼ਮਿਤਾ ਸੇਨ ਨੇ ਜਵਾਬ 'ਚ ਕਿਹਾ, ''ਮੈਂ ਦੁਨੀਆ 'ਚ ਆਈ ਅਤੇ 'ਮਿਸ ਯੂਨੀਵਰਸ' ਬਣੀ, ਇਹ ਤਾਂ 'ਮਾਂ' ਦੀ ਬਦੌਲਤ ਹੈ। ਪਿਤਾ ਤੋਂ ਮਿਲੇ ਸੰਸਕਾਰ, ਗੁਰੂਆਂ ਦੇ ਦਿੱਤੇ ਗਏ ਗਿਆਨ ਤੇ ਲੋਕਾਂ ਦੀ ਮੁਹੱਬਤ ਨੇ ਹੀ ਮੈਨੂੰ ਇਹ ਬਖਸ਼ਿਆ ਹੈ। ਮਾਂ ਬੱਚਿਆਂ ਦੇ ਹਰ ਸੁੱਖ 'ਚ ਖੁਸ਼ ਰਹਿੰਦੀ ਹੈ ਅਤੇ ਦੁੱਖ 'ਚ ਦੁਖੀ। ਮੈਂ 2 ਬੇਟੀਆਂ ਨੂੰ ਗੋਦ ਲਿਆ ਹੈ। ਭਲੇ ਹੀ ਮੈਂ ਕੁੱਖ 'ਚੋਂ ਜਨਮ ਨਹੀਂ ਦਿੱਤਾ ਪਰ ਉਹ ਮੇਰੇ ਜਿਗਰ ਦੇ ਟੁਕੜੇ ਹਨ, ਮੈਂ ਬੱਚਿਆਂ ਦੇ ਪਿਤਾ ਦਾ ਨਾਂ 'ਸ਼ਿਵ' ਰੱਖਿਆ ਹੈ। ਭਗਵਾਨ ਦੀਆਂ ਬੇਟੀਆਂ ਹਨ ਮੇਰੇ ਦੋਵੇਂ ਬੱਚੇ।''

ਬੰਗਾਲੀ ਪਰਿਵਾਰ ਹੈ, ਤਾਮਿਲ ਤੋਂ ਬਾਅਦ ਹਿੰਦੀ ਫਿਲਮਾਂ 'ਚ ਕਈ ਇਨਾਮ ਜਿੱਤੇ, ਪੰਜਾਬੀ ਫਿਲਮਾਂ ਕਰਨ ਦਾ ਇਰਾਦਾ ਹੈ ਕੀ?

ਮੈਨੂੰ ਪੰਜਾਬੀ ਆਉਂਦੀ ਹੈ, ਮੈਂ ਚਾਹੁੰਦੀ ਹਾਂ ਕਿ ਪੰਜਾਬੀ ਫਿਲਮਾਂ ਮਿਲਣ ਪਰ ਕਿਸੇ ਨੇ ਅਜੇ ਤੱਕ ਆਫਰ ਹੀ ਨਹੀਂ ਕੀਤੀ, ਜੇਕਰ ਮਿਲੇਗੀ ਤਾਂ ਜ਼ਰੂਰ ਕਰਾਂਗੀ।

ਜਦੋਂ ਮਿਸ ਯੂਨੀਵਰਸ ਬਣੀ ਤਾਂ ਮਾਂ ਦਾ ਬਣਾਇਆ ਹੋਇਆ ਪਾਇਆ ਸੀ ਗਾਊਨ

ਸੁਸ਼ਮਿਤਾ ਸੇਨ 1994 'ਚ ਮਿਸ ਯੂਨੀਵਰਸ ਬਣਨ ਵਾਲੀ ਪਹਿਲੀ ਭਾਰਤੀ ਸੀ। ਇਸ ਮੁਕਾਬਲੇ 'ਚ ਉਨ੍ਹਾਂ ਨੇ ਕੋਈ ਮਹਿੰਗਾ ਗਾਊਨ ਨਹੀਂ ਸਗੋਂ ਮਾਂ ਵੱਲੋਂ ਬਣਾਇਆ ਗਾਊਨ ਪਾਇਆ ਸੀ। ਕਹਿੰਦੀ ਹੈ ਕਿ ਮਾਂ ਦੇ ਹੱਥਾਂ ਦੀਆਂ ਰੋਟੀਆਂ 'ਚ ਜੋ ਸਵਾਦ ਹੈ, ਮਾਂ ਦੇ ਬਣਾਏ ਕੱਪੜਿਆਂ 'ਚ ਜੋ ਸੁੰਦਰਤਾ ਹੈ, ਉਹ ਦੁਨੀਆ 'ਚ ਪੈਸਿਆਂ ਨਾਲ ਕਦੇ ਵੀ ਖਰੀਦੀ ਹੀ ਨਹੀਂ ਜਾ ਸਕਦੀ।


Tags: Sushmita SenMothers Day SpecialFICCI FLOAmritsarCotherhoodMiss UniverseRohman ShawlRenne

Edited By

Sunita

Sunita is News Editor at Jagbani.