ਜਲੰਧਰ (ਬਿਊਰੋ) — ਮਰਹੂਮ ਗਾਇਕ ਰਾਜ ਬਰਾੜ ਦੀ ਅੱਜ ਵਿਆਹ ਦੀ ਵਰ੍ਹੇਗੰਢ ਹੈ, ਜਿਸ ਨੂੰ ਉਨ੍ਹਾਂ ਦੀ ਧੀ ਸਵੀਤਾਜ਼ ਬਰਾੜ ਨੇ ਖਾਸ ਬਣਾਇਆ ਹੈ। ਸਵੀਤਾਜ਼ ਬਰਾੜ ਨੇ ਆਪਣੇ ਪਿਤਾ ਦੀ ਯਾਦ 'ਚ ਆਪਣਾ ਨਵਾਂ ਗੀਤ ਦਰਸ਼ਕਾਂ ਦੇ ਸਨਮੁਖ ਕੀਤਾ ਹੈ। 'ਨਖਰਿਆਂ ਵਾਲੀ' ਟਾਈਟਲ ਹੇਠ ਰਿਲੀਜ਼ ਕੀਤੇ ਇਸ ਗੀਤ ਦੇ ਬੋਲ ਗੁਰਸਾਂਝ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦਾ ਸੰਗੀਤ 'ਦੇਸੀ ਰੂਟਜ਼' ਵੱਲੋਂ ਤਿਆਰ ਕੀਤਾ ਗਿਆ ਹੈ। ਸਵੀਤਾਜ਼ ਬਰਾੜ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਉਹ ਆਪਣੇ ਨਵੇਂ ਗੀਤ ਨੂੰ ਆਪਣੇ ਮਾਤਾ-ਪਿਤਾ ਦੇ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਰਿਲੀਜ਼ ਕਰੇਗੀ।

ਦੱਸ ਦਈਏ ਕਿ ਸਵੀਤਾਜ਼ ਬਰਾੜ ਕਈ ਗੀਤਾਂ 'ਚ ਬਤੌਰ ਮਾਡਲ ਵਜੋ ਵੀ ਨਜ਼ਰ ਆ ਚੁੱਕੀ ਹੈ। ਸਵੀਤਾਜ ਬਰਾੜ ਹੁਣ ਜਲਦ ਹੀ ਇੱਕ ਫਿਲਮ 'ਚ ਵੀ ਨਜ਼ਰ ਆਉਣ ਵਾਲੀ ਹੈ, ਜਿਸ ਦੀ ਪਹਿਲੀ ਝਲਕ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਸੀ। ਇਸ ਫਿਲਮ ਨਾਲ ਸਵੀਤਾਜ ਬਰਾੜ ਪੰਜਾਬੀ ਫਿਲਮ ਜਗਤ 'ਚ ਕਦਮ ਰੱਖਣ ਜਾ ਰਹੀ ਹੈ। ਇਸ ਫਿਲਮ 'ਚ ਉਸ ਨਾਲ ਪੰਜਾਬੀ ਫਿਲਮ ਜਗਤ ਦੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਯੁਵਰਾਜ ਹੰਸ ਨਜ਼ਰ ਆਉਣਗੇ।