ਨਵੀਂ ਦਿੱਲੀ(ਬਿਊਰੋ)— ਹਾਲ ਹੀ 'ਚ ਖਬਰ ਆਈ ਹੈ ਕਿ ਮਸ਼ਹੂਰ ਟੀ. ਵੀ. ਅਦਾਕਾਰਾ ਪ੍ਰਿਯੰਕਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਸ ਦੀ ਲਾਸ਼ ਚੇਨਈ ਵਾਲੇ ਫਲੈਟ 'ਚ ਪੱਖੇ ਨਾਲ ਲਟਕਦੀ ਮਿਲੀ। ਇਸ ਗੱਲ ਦੀ ਜਾਣਕਾਰੀ ਅੱਜ ਸਵੇਰੇ ਉਸ ਸਮੇਂ ਮਿਲੀ ਜਦੋਂ ਉਸ ਦੀ ਨੌਕਰਾਣੀ ਨੇ ਘਰ ਦਾ ਦਰਵਾਜਾ ਖੋਲ੍ਹਿਆ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਪ੍ਰਿਯੰਕਾ ਨੇ ਖੁਦਕੁਸ਼ੀ ਕੀਤੀ ਹੈ।
ਦੱਸ ਦੇਈਏ ਕਿ ਪ੍ਰਿਯੰਕਾ ਮਸ਼ਹੂਰ ਤਮਿਲ ਸੀਰੀਅਲ 'ਵੰਸਮ' 'ਚ ਜਯੋਤਿਕਾ ਦਾ ਕਿਰਦਾਰ ਨਿਭਾ ਰਹੀ ਸੀ। ਇਸ ਸੀਰੀਅਲ 'ਚ ਸਾਊਥ ਦੀ ਮਸ਼ਹੂਰ ਅਦਾਕਾਰਾ ਰਾਮਿਆ ਕ੍ਰਿਸ਼ਣਨ ਮੁੱਖ ਭੂਮਿਕਾ 'ਚ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਪ੍ਰਿਯੰਕਾ ਨੇ ਇਹ ਕਦਮ ਪਰਿਵਾਰਿਕ ਪ੍ਰੇਸ਼ਾਨੀ ਕਾਰਨ ਚੁੱਕਿਆ। ਪੁਲਸ ਨੇ ਦੱਸਿਆ ਕਿ 3 ਸਾਲ ਪਹਿਲਾਂ ਪ੍ਰਿਯੰਕਾ ਦਾ ਵਿਆਹ ਅਰੁਣਬਾਲਾ ਨਾਲ ਹੋਇਆ ਸੀ। ਆਪਸੀ ਮਤਭੇਦ ਕਾਰਨ ਦੋਵੇਂ ਬੀਤੇ 2 ਮਹੀਨੇ ਤੋਂ ਵੱਖ-ਵੱਖ ਰਹਿ ਰਹੇ ਸਨ। ਦੋਵਾਂ ਦੇ 2 ਬੱਚੇ ਵੀ ਹਨ।