ਨਵੀਂ ਦਿੱਲੀ(ਬਿਊਰੋ)— ਇਰਾਕ ਦੀ ਇੰਸਟਾਗ੍ਰਾਮ ਮਾਡਲ ਤਾਰਾ ਫਾਰਿਸ ਦੀ ਬਗਦਾਦ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਘਟਨਾ ਦੌਰਾਨ ਉਹ ਆਪਣੀ ਕਾਰ 'ਚ ਹੀ ਮੌਜੂਦ ਸੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਰਾਕ ਦੇ ਗ੍ਰਹਿ ਮੰਤਰਲੇ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
20 ਸਾਲ ਦੀ ਇਹ ਮਾਡਲ ਆਪਣੇ ਟੈਟੂ, ਸਟਾਈਲਿਸ਼ ਹੇਅਰ ਕਲਰਸ ਤੇ ਡਿਜ਼ਾਈਨਰ ਕੱਪੜਿਆਂ ਲਈ ਕਾਫੀ ਮਸ਼ਹੂਰ ਸੀ। ਉਸ ਨੂੰ ਉਸ ਦੀ ਪ੍ਰਸਿੱਧੀ ਅਤੇ ਲਾਈਫ ਸਟਾਈਲ ਕਾਰਨ ਕੱਟੜਵਾਦੀ ਦੁਆਰਾ ਨਿਸ਼ਾਨਾ ਬਣਾਇਆ ਗਿਆ ਹੈ।
ਮਾਡਲ ਨੇ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਤਸਵੀਰ ਸ਼ੇਅਰ ਕਰਕੇ ਕੈਪਸ਼ਨ 'ਚ ਲਿਖਿਆ ਸੀ ਕਿ ''ਮੈਂ ਅੱਲਾ ਤੋਂ ਮੁਆਫੀ ਤੇ ਰਹਿਮ ਦੀਆਂ ਦੁਆਵਾਂ ਕਰ ਰਹੀ ਹਾਂ।''
ਇਰਾਕੀ ਵਿਅੰਗਕਾਰ ਅਹਿਮਜ਼-ਏ-ਬਸ਼ੀਰ ਨੇ ਇਸ ਘਟਨਾ 'ਤੇ ਦੁੱਖ ਜਤਾਉਂਦੇ ਹੋਏ ਕਿਹਾ, ''ਕਿਸੇ ਨੇ ਉਸ ਨੂੰ ਸਿਰਫ ਇਸ ਲਈ ਮਾਰ ਦਿੱਤਾ ਕਿਉਂਕਿ ਉਸ ਨੇ ਦੂਜੀਆਂ ਲੜਕੀਆਂ ਵਾਂਗ ਜਿਊਣ ਦਾ ਫੈਸਲਾ ਕੀਤਾ ਸੀ।''
ਦੱਸਣਯੋਗ ਹੈ ਕਿ ਤਾਰਾ ਨੇ ਇੰਸਟਾਗ੍ਰਾਮ 'ਤੇ 27 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਹਾਲ ਹੀ 'ਚ ਉਸ ਨੇ ਇਰਾਕ ਦੀ ਸੋਸ਼ਲ ਮੀਡੀਆ 'ਤੇ ਸਭ ਤੋਂ ਮਸ਼ਹੂਰ ਹਸਤੀ ਦੇ ਰੂਪ 'ਚ ਨਵਾਜਿਆ ਗਿਆ ਸੀ।
ਇਰਾਕ ਦੀ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਦਾ ਹਾਲੇ ਤੱਕ ਕੋਈ ਸੁਰਾਗ ਨਾ ਮਿਲ ਸਕਿਆ। ਤਾਰਾ ਦਾ ਸਾਲ 1998 'ਚ ਜਨਮ ਹੋਇਆ ਸੀ।
ਉਸ ਦੇ ਪਿਤਾ ਇਰਾਕੀ ਤੇ ਮਾਂ ਲੇਬਨਾਨ ਤੋਂ ਹੈ। ਸਾਲ 2015 'ਚ ਤਾਰਾ ਨੇ ਬਿਊਟੀ ਮੁਕਾਬਲਾ ਵੀ ਜਿੱਤਿਆ ਸੀ।