FacebookTwitterg+Mail

90 ਦੇ ਦਹਾਕੇ 'ਚ ਦਰਸ਼ਕਾਂ ਨੂੰ ਲੈ ਕੇ ਜਾਵੇਗੀ 'ਰੱਬ ਦਾ ਰੇਡੀਓ'

tarsem jassar
03 April, 2017 01:27:26 PM
ਜਲੰਧਰ— ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ 'ਰੱਬ ਦਾ ਰੇਡੀਓ' ਦਰਸ਼ਕਾਂ ਨੂੰ 90 ਦੇ ਦਹਾਕੇ ਦੇ ਦੀਦਾਰ ਕਰਵਾਏਗੀ। ਇਹ ਫ਼ਿਲਮ ਨਾ ਕੇਵਲ ਪੁਰਾਤਨ ਪੰਜਾਬ ਦੀ ਬਾਤ ਪਾ ਰਹੀ ਹੈ ਸਗੋਂ ਉਸ ਸਮੇਂ ਦੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਵੀ ਦਰਸਾਏਗੀ। ਨਿਰਦੇਸ਼ਕ ਤਰੁਣਵੀਰ ਸਿੰਘ ਜਗਪਾਲ ਅਤੇ ਹੈਰੀ ਭੱਟੀ ਵੱਲੋਂ ਸਾਂਝੇ ਤੌਰ 'ਤੇ ਨਿਰਦੇਸ਼ਤ ਕੀਤੀ ਗਈ ਇਸ ਫ਼ਿਲਮ 'ਚ ਗੀਤਕਾਰ, ਗਾਇਕ ਤੇ ਪੇਸ਼ਕਾਰ ਤਰਸੇਮ ਜੱਸੜ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਫ਼ਿਲਮ 'ਚ ਦੋ ਹੀਰੋਇਨਾਂ ਮੈਂਡੀ ਤੱਖਰ ਤੇ ਸਿੰਮੀ ਚਾਹਲ ਨਜ਼ਰ ਆਉਣਗੀਆਂ। ਇਸ ਫ਼ਿਲਮ ਦੇ ਹੋਰ ਅਹਿਮ ਕਿਰਦਾਰ ਮਲਕੀਤ ਰੌਣੀ, ਸ਼ਵਿੰਦਰ ਮਾਹਲ, ਜਗਜੀਤ ਸੰਧੂ, ਧੀਰਜਨ ਕੁਮਾਰ, ਨਿਰਮਲ ਰਿਸ਼ੀ ਅਤੇ ਅਨੀਤਾ ਦੇਵਗਨ ਨੇ ਨਿਭਾਏ ਹਨ। 'ਵਿਹਲੀ ਜਨਤਾ ਟੀਮ' ਦੇ ਬੈਨਰ ਹੇਠ ਬਣੀ ਨਿਰਮਾਤਾ ਮਨਪ੍ਰੀਤ ਜੌਹਲ ਦੀ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇਅ ਤੇ ਡਾਇਲਾਗ ਜੱਸ ਗਰੇਵਾਲ ਨੇ ਲਿਖੇ ਹਨ। ਇਹ ਫ਼ਿਲਮ 90 ਦੇ ਦਹਾਕੇ ਦੇ ਪੇਂਡੂ ਸੱਭਿਆਚਰ ਦੀ ਕਹਾਣੀ ਹੈ। ਫ਼ਿਲਮ 'ਚ ਦੋ ਪਰਿਵਾਰਾਂ ਦੀ ਕਹਾਣੀ ਜ਼ਰੀਏ ਉਸ ਦੌਰ 'ਤੇ ਸਮਾਜਿਕ ਤੇ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਉਲੀਕਿਆ ਗਿਆ ਹੈ। ਦਰਸ਼ਕਾਂ ਨੂੰ ਫ਼ਿਲਮ 'ਚ ਪੁਰਾਣੇ ਘਰ, ਪੁਰਾਣਾ ਪਹਿਰਾਵਾ ਅਤੇ ਪੁਰਾਣੇ ਹੀ ਵਾਹਣ ਦੇਖਣ ਨੂੰ ਮਿਲਣਗੇ। ਫ਼ਿਲਮ ਦਾ ਨਾਇਕ ਤਰਸੇਮ ਜੱਸੜ ਇਸ ਫ਼ਿਲਮ ਦਾ ਸਭ ਤੋਂ ਅਮੀਰ ਪਾਤਰ ਹੈ, ਜਿਸ ਕੋਲ ਵਧੀਆ ਗੱਡੀਆਂ, ਵਧੀਆ ਘਰ ਅਤੇ ਕੱਪੜੇ ਪਾਉਣ ਦਾ ਸਲੀਕਾ ਹੈ। ਫ਼ਿਲਮ ਦੇ ਬਾਕੀ ਕਿਰਦਾਰ ਮੱਧਵਰਗ ਹਨ।
ਪੰਜਾਬੀ ਫ਼ਿਲਮਾਂ ਦੀ ਚਰਚਿਤ ਅਦਾਕਾਰਾ ਮੈਂਡੀ ਤੱਖਰ ਫਿਲਮ 'ਚ ਨਸੀਬ ਕੌਰ ਨਾਂ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ, ਜੋ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣਾ ਚਾਹੁੰਦੀ ਹੈ ਪਰ ਘਰ ਦੇ ਹਾਲਾਤ ਉਸ ਨੂੰ ਮਰਜ਼ੀ ਨਾਲ ਅੱਗੇ ਵਧਣ ਨਹੀਂ ਦਿੰਦੇ। ਪਿਓ ਦੀ ਮੌਤ ਤੋਂ ਚਾਚੇ ਵੱਲੋਂ ਪਾਲੀ ਗਈ ਇਸ ਕੁੜੀ ਦੀ ਜ਼ਿੰਦਗੀ 'ਚ ਵਿਆਹ ਵੱਡੀ ਤਬਦੀਲੀ ਲਿਆਉਂਦਾ ਹੈ। ਫ਼ਿਲਮ ਦੀ ਦੂਜੀ ਨਾਇਕ ਸਿੰਮੀ ਚਾਹਲ ਫ਼ਿਲਮ 'ਚ ਗੁੱਡੀ ਨਾਂ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ। ਤਿੰਨਾਂ ਭੈਣਾਂ ਦੀ ਵੱਡੀ ਭੈਣ ਸਿੰਮੀ ਇਕ ਸਧਾਰਨ ਜਿਹੇ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸ ਦਾ ਕਿਰਦਾਰ ਉਸ ਵੇਲੇ ਦੀਆਂ ਕੁੜੀਆਂ ਦੀ ਬਾਤ ਪਾਵੇਗਾ। ਫਿਲਮ ਦੇ ਟਰੇਲਰ ਨੂੰ ਸੋਸ਼ਲ ਮੀਡੀਆ 'ਤੇ ਖੂਬ ਹੁੰਗਾਰਾ ਮਿਲਿਆ ਹੈ। ਫ਼ਿਲਮ ਦਾ ਸੰਗੀਤ ਵੀ ਅੱਜ ਕੱਲ ਹਰ ਪਾਸੇ ਵੱਜ ਰਿਹਾ ਹੈ। ਇਸ ਦਾ ਮਿਊਜ਼ਿਕ ਨਿੱਕ ਧੰਮੂ, ਦੀਪ ਜੰਡੂ ਤੇ ਆਰ ਗੁਰ ਨੇ ਤਿਆਰ ਕੀਤਾ ਹੈ। ਫ਼ਿਲਮ ਲਈ ਗੀਤ ਜੱਸ ਗਰੇਵਾਲ, ਤਰਸੇਜ ਜੱਸੜ ਅਤੇ ਸ਼ੈਰੀ ਮਾਨ ਨੇ ਲਿਖੇ ਹਨ, ਜਿਨਾਂ ਨੂੰ ਆਵਾਜ਼ ਨਵੀਂ ਕੁੜੀ ਮਨਕਿਰਤ ਪੰਨੂ, ਤਰਸੇਮ ਝਿੰਜਰ, ਸ਼ੈਰੀ ਮਾਨ ਅਤੇ ਐਮੀ ਵਿਰਕ ਨੇ ਦਿੱਤੀ ਹੈ। ਅੰਗਰੇਜ਼ ਤੇ ਬੰਬੂਕਾਟ ਵਾਂਗ ਪੁਰਾਤਨ ਪੰਜਾਬ ਦੀ ਯਾਦ ਦਿਵਾਉਂਦੀ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦਾ ਦਿਲ ਜਿੱਤਣ ਦੀ ਸੰਭਾਵਨਾ ਰੱਖਦੀ ਹੈ।

Tags: Tarsem JassarRabb Da RadioMandy TakharSimi Chahalਤਰਸੇਮ ਜੱਸੜਰੱਬ ਦਾ ਰੇਡੀਓ