ਮੁੰਬਈ (ਬਿਊਰੋ)— ਇਨ੍ਹੀਂ ਦਿਨੀਂ ਉਹ ਕਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ 'ਚ ਅਭੈ ਦਿਓਲ ਆਪਣੀ ਅਗਾਮੀ ਫਿਲਮ 'ਨਾਨੂ ਕੀ ਜਾਨੂ' ਦਾ ਟਰੇਲਰ ਲਾਂਚ ਕਰਨ ਪਹੁੰਚੇ ਸਨ। ਖਬਰਾਂ 'ਚ ਕਿਹਾ ਜਾ ਰਿਹਾ ਸੀ ਕਿ ਕਾਰ ਡਰਾਈਵਰਲੈੱਸ ਸੀ ਪਰ ਖੁਦ ਅਭੈ ਨੇ ਇਹ ਸਾਫ ਕਰ ਦਿੱਤਾ ਹੈ ਕਿ ਕਾਰ 'ਚ ਡਰਾਈਵਰ ਮੌਜੂਦ ਸੀ ਪਰ ਖਾਸ ਤਕਨੀਕ ਦੀ ਵਰਤੋਂ ਨਾਲ ਲੋਕ ਉਸ ਨੂੰ ਦੇਖ ਨਹੀਂ ਸਕੇ। ਉਂਝ ਤੁਹਾਨੂੰ ਯਾਦ ਹੋਵੇਗਾ ਕਿ ਸਾਲ 2004 'ਚ ਅਜੇ ਦੇਵਗਨ ਸਟਾਰਰ ਫਿਲਮ 'ਟਾਰਜ਼ਨ : ਦਿ ਵੰਡਰ ਕਾਰ' 'ਚ ਅਜਿਹੀ ਹੀ ਇਕ ਡਰਾਈਵਰਲੈੱਸ ਕਾਰ ਦਿਖਾਈ ਗਈ ਸੀ ਪਰ ਅੱਜ ਉਹ ਕਾਰ ਕਬਾੜ 'ਚ ਪਈ ਹੋਈ ਹੈ। ਡਾਇਰੈਕਟਰ ਅੱਬਾਸ-ਮਸਤਾਨ ਦੀ ਫਿਲਮ 'ਟਾਰਜ਼ਨ : ਦਿ ਵੰਡਰ ਕਾਰ' 'ਚ ਜੋ ਕਰਾਮਾਤੀ ਕਾਰ ਦਿਖਾਈ ਗਈ ਸੀ, ਉਸ ਨੂੰ ਬਣਾਉਣ 'ਚ 2 ਕਰੋੜ ਰੁਪਏ ਖਰਚ ਹੋਏ ਸਨ, ਜਦਕਿ ਫਿਲਮ ਦਾ ਕੁਲ ਬਜਟ 15 ਕਰੋੜ ਰੁਪਏ ਸੀ। ਟੋਯੋਟਾ ਐੱਮ. ਆਰ. 2 ਨੂੰ ਟਾਰਜ਼ਨ ਕਾਰ ਦੇ ਰੂਪ 'ਚ ਢਾਲਣ 'ਚ ਡਿਜ਼ਾਈਨਰ ਦਿਲੀਪ ਛਾਬੜੀਆ ਨੂੰ 8 ਮਹੀਨੇ ਦਾ ਸਮਾਂ ਲੱਗਾ ਸੀ। ਫਿਲਮ 'ਚ ਕਾਰ 'ਤੇ ਲੱਗਾ ਲੋਗੋ ਡੀ. ਸੀ. ਦਿਲੀਪ ਛਾਬੜੀਆ ਦਾ ਹੀ ਸ਼ਾਰਟ ਫਾਰਮ ਸੀ। ਦੱਸਣਯੋਗ ਹੈ ਕਿ ਫਿਲਮ ਦੀ ਕਹਾਣੀ ਮੁਤਾਬਕ ਇਸ ਕਾਰ ਨੂੰ ਅਜੇ ਦੇਵਗਨ ਦਾ ਭੂਤ ਚਲਾਉਂਦਾ ਹੈ, ਜਿਸ ਦੀ ਵਜ੍ਹਾ ਕਾਰਨ ਇਹ ਡਰਾਈਵਰਲੈੱਸ ਨਜ਼ਰ ਆਉਂਦੀ ਹੈ। ਵਤਸਲ ਸੇਠ ਤੇ ਆਇਸ਼ਾ ਟਾਕੀਆ ਦਾ ਫਿਲਮ 'ਚ ਅਹਿਮ ਕਿਰਦਾਰ ਸੀ। ਵਤਸਲ ਅਜੇ ਦੇਵਗਨ ਦੇ ਬੇਟੇ ਬਣੇ ਸਨ, ਜੋ ਆਪਣੇ ਮ੍ਰਿਤਕ ਪਿਤਾ ਦਾ ਸੁਪਨਾ ਪੂਰਾ ਕਰਨ ਲਈ ਇਹ ਕਾਰ ਡਿਜ਼ਾਈਨ ਕਰਦੇ ਹਨ।
ਕਿਵੇਂ ਕਬਾੜ 'ਚ ਪਹੁੰਚੀ ਇਹ ਕਾਰ ਅਜਿਹਾ ਕਿਹਾ ਜਾਂਦਾ ਹੈ ਕਿ ਫਿਲਮ ਬਾਕਸ ਆਫਿਸ 'ਤੇ ਫਲਾਪ ਹੋ ਗਈ ਸੀ। ਇਸ ਵਜ੍ਹਾ ਕਾਰਨ ਫਿਲਮ 'ਚ ਦਿਖਾਈ ਗਈ ਟਾਰਜ਼ਨ ਕਾਰ ਲਾਂਚ ਹੀ ਨਹੀਂ ਹੋ ਸਕੀ। ਰਿਪੋਰਟਸ ਮੁਤਾਬਕ ਕਾਰ ਨੂੰ ਦੋ ਵਾਰ ਵੇਚਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ 35 ਲੱਖ ਰੁਪਏ 'ਚ ਵੀ ਕੋਈ ਇਸ ਨੂੰ ਖਰੀਦਣ ਲਈ ਤਿਆਰ ਨਹੀਂ ਹੋਇਆ। ਰਿਪੋਰਟ ਮੁਤਾਬਕ ਫਿਲਮ ਦੀ ਨਾਕਾਮੀ ਦੀ ਵਜ੍ਹਾ ਕਾਰਨ ਟਾਰਜ਼ਨ ਕਾਰ ਹੁਣ ਕਬਾੜ 'ਚ ਪਈ ਹੋਈ ਹੈ। ਇਸ ਕਾਰ ਦੀ ਤੁਲਨਾ 2004 ਦੀ ਮਿਸਤੁਬਿਸ਼ੀ ਐਕਲਿਪਸ ਤੇ ਫਰਾਰੀ 348 ਨਾਲ ਹੁੰਦੀ ਸੀ।