ਲੰਡਨ (ਬਿਊਰੋ)— ਗੋਲਡਨ ਵਿਰਸਾ ਯੂ. ਕੇ. ਦੇ ਬੈਨਰ ਹੇਠ ਤੇ ਰਾਜਵੀਰ ਸਮਰਾ ਤੇ ਸਮੁੱਚੀ ਟੀਮ ਵਲੋਂ ਨੌਜਵਾਨ ਪੀੜ੍ਹੀ ਨੂੰ ਸਿੱਖੀ ਸਿਧਾਂਤਾਂ ਤੇ ਸਿੱਖ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ਅਣਥੱਕ ਯਤਨਾਂ ਤੇ ਮਿਹਨਤ ਨਾਲ ਪੰਜਵੇਂ ਗੁਰੂ ਅਰਜਨ ਦੇਵ ਜੀ, ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ ਜੀ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਪੇਸ਼ ਕਰਨ ਵਾਲਾ 'ਤੱਤੀ ਤਵੀ' ਧਾਰਮਿਕ ਗੀਤ ਤਿਆਰ ਕੀਤਾ ਗਿਆ ਹੈ, ਜਿਸ ਨੂੰ ਜਲਦ ਹੀ ਯੂਟਿਊਬ 'ਤੇ ਗੋਲਡਨ ਵਿਰਸਾ ਯੂ. ਕੇ. ਤੇ ਹੋਰਨਾਂ ਚੈਨਲਾਂ 'ਤੇ ਦੇਖਿਆ ਜਾ ਸਕੇਗਾ।
ਇਸ ਗੀਤ ਦੇ ਬੋਲ ਜਿਥੇ ਗੋਲਡਨ ਵਿਰਸਾ ਯੂ. ਕੇ. ਦੇ ਐੱਮ. ਡੀ. ਰਾਜਵੀਰ ਸਮਰਾ ਨੇ ਖੁਦ ਕਲਮਬੱਦ ਕੀਤੇ ਹਨ, ਉਥੇ ਹੀ ਇਸ ਨੂੰ ਬੈਕ ਬੈਂਚਰ ਵਲੋਂ ਮਿਊਜ਼ਿਕ ਦਿੱਤਾ ਗਿਆ ਹੈ। ਗੀਤ ਦਾ ਫਿਲਮਾਂਕਣ ਅਮਰ ਨਿਮਾਣਾ ਵਲੋਂ ਵੱਖ-ਵੱਖ ਗੁਰਦੁਆਰਿਆਂ 'ਚ ਕੀਤਾ ਗਿਆ ਹੈ। ਇਸ ਧਾਰਮਿਕ ਗੀਤ ਨੂੰ ਆਪਣੀ ਸੁਰੀਲੀ ਆਵਾਜ਼ 'ਚ ਸ਼ੇਰਾ ਬੋਹੜਵਾਲੀਆ ਨੇ ਬੜੇ ਹੀ ਵਿਲੱਖਣ ਅੰਦਾਜ਼ 'ਚ ਆਪਣੀ ਆਵਾਜ਼ 'ਚ ਗਾਇਆ ਹੈ।
ਗੋਲਡਨ ਵਿਰਸਾ ਯੂ. ਕੇ. ਦੇ ਐੱਮ. ਡੀ. ਰਾਜਵੀਰ ਸਮਰਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਗੋਲਡਨ ਵਿਰਸਾ ਰਾਹੀਂ ਜਿਥੇ ਹਮੇਸ਼ਾ ਹੀ ਨੌਜਵਾਨ ਪੀੜ੍ਹੀ ਨੂੰ ਆਪਣੇ ਪੁਰਾਤਨ ਵਿਰਸੇ ਤੇ ਅਮੀਰ ਸੱਭਿਆਚਾਰ ਨਾਲ ਜੋੜਨ ਦਾ ਯਤਨ ਕੀਤਾ ਜਾਂਦਾ ਰਿਹਾ ਹੈ, ਉਥੇ ਹੀ ਇਸ ਵਾਰ ਗੋਲਡਨ ਵਿਰਸਾ ਨੇ ਨੌਜਵਾਨ ਪੀੜ੍ਹੀ ਨੂੰ ਆਪਣੇ ਸਿੱਖ ਗੁਰੂਆਂ ਦੇ ਵਿਰਸੇ ਤੇ ਉਨ੍ਹਾਂ ਦੀ ਸ਼ਹੀਦੀ ਨਾਲ ਜੋੜਨ ਦੀ ਵੀ ਇਕ ਪਹਿਲਕਦਮੀ ਕੀਤੀ ਹੈ, ਜਿਸ 'ਚ ਗੋਲਡਨ ਵਿਰਸਾ ਯੂ. ਕੇ. ਦੀ ਸਮੁੱਚੀ ਟੀਮ ਨੇ ਅਹਿਮ ਯੋਗਦਾਨ ਪਾਇਆ ਹੈ।
ਇਸ ਕੰਮ 'ਚ ਸੁਰਿੰਦਰ ਸਿੰਘ ਜੱਜ, ਪ੍ਰਸਿੱਧ ਗੀਤਕਾਰ ਤੇ ਗਾਇਕ ਬਿੱਕਰ ਤਿਮੋਵਾਲ ਤੇ ਪ੍ਰਸਿੱਧ ਸੱਭਿਆਚਾਰਕ ਪ੍ਰਮੋਟਰ ਜਸਕਰਨ ਜੌਹਲ ਨੇ ਵਿਸ਼ੇਸ਼ ਸਾਥ ਦਿੱਤਾ ਹੈ, ਜਿਸ ਕਾਰਨ ਉਹ ਇਸ ਧਾਰਮਿਕ ਗੀਤ ਨੂੰ ਗਾਉਣ ਤੇ ਫਿਲਮਾਂਕਣ ਕਰਨ 'ਚ ਕਾਮਯਾਬ ਹੋਏ ਹਨ। ਜਲਦ ਹੀ ਇਹ ਧਾਰਮਿਕ ਗੀਤ ਸਰੋਤਿਆਂ ਦੀ ਕਚਿਹਰੀ 'ਚ ਹੋਵੇਗਾ।