ਜਲੰਧਰ (ਵੈੱਬ ਡੈਸਕ)-‘ਚੱਲ ਮੇਰਾ ਪੁੱਤ 3’ ਦੇਖ ਕੇ ਮੇਰਾ ਹਾਸਾ ਨਹੀਂ ਰੁਕ ਰਿਹਾ। ਫ਼ਿਲਮ ’ਚ ਦੋਹਾਂ ਪੰਜਾਬਾਂ ਦੇ ਕਲਾਕਾਰਾਂ ਨੇ ਜਿਹੜਾ ਰੰਗ ਬੰਨ੍ਹਿਆ, ਉਹ ਕਮਾਲ ਹੈ। ਜੋ ਸੁਨੇਹਾ ਅਮਰਿੰਦਰ ਗਿੱਲ ਦੀਆਂ ਫ਼ਿਲਮਾਂ ਤੋਂ ਮਿਲਦਾ ਹੈ, ਉਹ ਹੋਰ ਕਿਤੇ ਨਹੀਂ ਮਿਲਦਾ।’ ਇਹ ਕਹਿਣਾ ਹੈ ਜਲੰਧਰ ਦੇ ਇਕ ਸਿਨੇਮਾਘਰ ’ਚੋਂ ਫ਼ਿਲਮ ਦੇਖ ਕੇ ਬਾਹਰ ਨਿਕਲ ਰਹੇ ਇਕ ਦਰਸ਼ਕ ਦਾ ਤੇ ਇਹ ਵਿਚਾਰ ਕਿਸੇ ਇਕ ਦਰਸ਼ਕ ਦੇ ਨਹੀਂ, ਸਗੋਂ ਹਰ ਦਰਸ਼ਕ ਦੇ ਹਨ। ਜ਼ਿਕਰਯੋਗ ਹੈ ਕਿ ਅਮਰਿੰਦਰ ਗਿੱਲ ਦੀ ਫ਼ਿਲਮ ‘ਚੱਲ ਮੇਰਾ ਪੁੱਤ’ ਦਾ ਤੀਜਾ ਭਾਗ ਪਹਿਲੀ ਅਕਤੂਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਇਆ ਤੇ ਹਰ ਥਾਂ ਤੋਂ ਸਿਨੇਮਾਘਰ ਭਰਨ ਦੀਆਂ ਖ਼ਬਰਾਂ ਆ ਰਹੀਆਂ ਹਨ। ਦਰਸ਼ਕਾਂ ਦਾ ਅਮਰਿੰਦਰ ਗਿੱਲ ਦੀਆਂ ਫ਼ਿਲਮਾਂ ਪ੍ਰਤੀ ਇੰਨਾ ਪਿਆਰ ਸਾਬਤ ਕਰਦਾ ਹੈ ਕਿ ਉਸ ਦੀਆਂ ਫ਼ਿਲਮਾਂ ਪ੍ਰਤੀ ਦਰਸ਼ਕਾਂ ਦਾ ਜੋ ਭਰੋਸਾ ਬਣਿਆ ਹੈ, ਉਹ ਕਦੇ ਤਿੜਕਿਆ ਨਹੀਂ।
‘ਚੱਲ ਮੇਰਾ ਪੁੱਤ 3’ ਵਿਚ ਅਮਰਿੰਦਰ ਗਿੱਲ ਨਾਲ ਸਿੰਮੀ ਚਹਿਲ, ਇਫ਼ਤਿਖਾਰ ਠਾਕੁਰ, ਨਾਸਿਰ ਚੁਨੌਟੀ, ਅਮਾਨਤ ਚੰਨ, ਅਕਰਮ ਉਦਾਸ, ਜ਼ਾਫ਼ਰੀ ਖ਼ਾਨ, ਸੱਜਨ ਅੱਬਾਸ, ਹਰਦੀਪ ਗਿੱਲ, ਗੁਰਸ਼ਬਦ ਤੇ ਰੂਬੀ ਅਨੁਮ ਦੇ ਬਾਕਮਾਲ ਕਿਰਦਾਰ ਹਨ।
ਫ਼ਿਲਮ ਦਾ ਨਿਰਦੇਸ਼ਨ ਜਨਜੋਤ ਸਿੰਘ ਨੇ ਕੀਤਾ ਹੈ ਤੇ ਲਿਖਿਆ ਰਾਕੇਸ਼ ਧਵਨ ਨੇ ਹੈ। ਪ੍ਰੋਡਿਊਸਰ ਕਾਰਜ ਗਿੱਲ ਤੇ ਆਸ਼ੂ ਮੁਨੀਸ਼ ਸਾਹਨੀ ਹਨ। ਦਰਸ਼ਕਾਂ ਦਾ ਕਹਿਣਾ ਹੈ ਕਿ ਪੰਜਾਬੀ ਸਿਨੇਮੇ ’ਚ ਚੜ੍ਹਦੇ ਪੰਜਾਬ ਦੇ ਅਮਰਿੰਦਰ ਗਿੱਲ ਵਰਗੇ ਫ਼ਨਕਾਰ ਤੇ ਲਹਿੰਦੇ ਪੰਜਾਬ ਦੇ ਉਹ ਹਾਸ ਕਲਾਕਾਰ, ਜਿਨ੍ਹਾਂ ਦੀ ਕੱਲੀ-ਕੱਲੀ ’ਤੇ ਹਾਸਾ ਡੁੱਲ੍ਹ-ਡੁੱਲ੍ਹ ਪੈਂਦਾ ਹੈ, ਨੂੰ ਇਕੋ ਫਰੇਮ ’ਚ ਦੇਖਣਾ ਉਨ੍ਹਾਂ ਲਈ ਸੁਖਦ ਅਹਿਸਾਸ ਵਾਲੀ ਗੱਲ ਹੈ। ਸਿਨੇਮਾ ਪ੍ਰੇਮੀਆਂ ਦਾ ਮੰਨਣਾ ਹੈ ਕਿ ਹਾਸੇ-ਠੱਠੇ ਦੇ ਨਾਲ-ਨਾਲ ਅੰਤ ਤੱਕ ਇਕ ਸੁਨੇਹਾ ਸੰਭਾਲ ਕੇ ਰੱਖਣਾ ਅਮਰਿੰਦਰ ਗਿੱਲ ਦੀਆਂ ਫ਼ਿਲਮਾਂ ’ਚ ਹੀ ਹੁੰਦਾ ਹੈ। ਜ਼ਿਕਰਯੋਗ ਹੈ ਕਿ ‘ਚੱਲ ਮੇਰਾ ਪੁੱਤ 3’ ਦੁਨੀਆ ਭਰ ’ਚ ਇੱਕੋ ਵੇਲ਼ੇ ਰਿਲੀਜ਼ ਹੋਈ ਹੈ, ਜਿਸ ਨੂੰ ਦੁਨੀਆ ਭਰ ’ਚ ਵਸਦੇ ਪੰਜਾਬੀਆਂ ਵੱਲੋਂ ਮਣਾਂ-ਮੂੰਹੀਂ ਪਿਆਰ ਦਿੱਤਾ ਜਾ ਰਿਹਾ ਹੈ। ਪ੍ਰਵਾਸ, ਚੰਗੇ ਭਵਿੱਖ ਆਸ, ਆਪਣਿਆਂ ਪ੍ਰਤੀ ਮੋਹ ਦੀ ਭਾਵਨਾ ਤੇ ਜ਼ਿੰਦਗੀ ’ਚ ਕੁਝ ਕਰ ਦਿਖਾਉਣ ਦੇ ਸੁਫ਼ਨੇ ਦਾ ਨਾਂ ਹੈ, ‘ਚੱਲ ਮੇਰਾ ਪੁੱਤ 3’।