ਮੁੰਬਈ (ਬਿਊਰੋ) — ਸੱਚੀ ਕਹਾਣੀ ਦੇ ਅਧਾਰਿਤ ਬਣੀ ਫਿਲਮ 'ਦਿ ਸਕਾਈ ਇਜ਼ ਪਿੰਕ' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਫਿਲਮ ਦਾ ਟਰੇਲਰ ਕਾਫੀ ਸ਼ਾਨਦਾਰ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲਗਪਗ 3 ਸਾਲ ਤੋਂ ਬਾਅਦ ਪ੍ਰਿਯੰਕਾ ਚੋਪੜਾ ਇਸ ਫਿਲਮ ਰਾਹੀਂ ਬਾਲੀਵੁੱਡ 'ਚ ਕਮਬੈਕ ਕਰਨ ਜਾ ਰਹੀ ਹੈ। ਇਸ ਫਿਲਮ 'ਚ ਪ੍ਰਿਯੰਕਾ ਚੋਪੜਾ ਦਾ ਸਾਥ ਬਾਲੀਵੁੱਡ ਦਿੱਗਜ ਅਦਾਕਾਰ ਫਰਹਾਨ ਅਖਤਰ ਦੇ ਰਹੇ ਹਨ। ਨਿਰਦੇਸ਼ਕ ਸ਼ੋਨਾਲੀ ਬੋਸ ਵੱਲੋਂ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ।
ਦੱਸ ਦਈਏ ਕਿ ਫਿਲਮ 'ਦਿ ਸਕਾਈ ਇਜ਼ ਪਿੰਕ' ਦਾ ਟਰੇਲਰ ਬਹੁਤ ਸ਼ਾਨਦਾਰ ਹੈ, ਜਿਸ ਦੀ ਸ਼ੁਰੂਆਤ ਜ਼ਾਇਰਾ ਵਸੀਮ ਦੀ ਆਵਾਜ਼ ਤੋਂ ਹੁੰਦੀ ਹੈ। ਜੋ ਕਿ ਆਪਣੇ ਮਾਤਾ-ਪਿਤਾ ਦੀ ਲਵ ਸਟੋਰੀ ਤੇ ਸੰਘਰਸ਼ ਦੀ ਕਹਾਣੀ ਨੂੰ ਸੁਣਾਉਂਦੀ ਹੈ। ਇਹ ਫਿਲਮ ਮੋਟੀਵੇਸ਼ਨਲ ਸਪੀਕਰ ਆਇਸ਼ਾ ਚੌਧਰੀ ਦੀ ਜ਼ਿੰਦਗੀ 'ਤੇ ਅਧਾਰਿਤ ਹੈ, ਜੋ ਕਿ ਪਲਮਨਰੀ ਫਾਇਬਰੋਸਿਸ ਨਾਮੀ ਬੀਮਾਰੀ ਤੋਂ ਪੀੜਤ ਸਨ। ਇਸ ਫਿਲਮ 'ਚ ਰੋਹਿਤ ਸਰਾਫ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਪ੍ਰਿਯੰਕਾ ਚੋਪੜਾ ਤੇ ਫਰਹਾਨ ਅਖਤਰ ਦੀ ਅਦਾਕਾਰੀ ਵਾਲੀ ਫਿਲਮ 'ਦਿ ਸਕਾਈ ਇਜ਼ ਪਿੰਕ' 11 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।