FacebookTwitterg+Mail

ਜ਼ਿੰਦਗੀ ਅਤੇ ਮੌਤ ਦੇ ਅਸਲ ਮਾਇਨੇ ਸਿਖਾਉਂਦੀ ਹੈ ‘ਦਿ ਸਕਾਈ ਇਜ਼ ਪਿੰਕ’

the sky is pink
09 October, 2019 08:23:40 AM

ਕਿਸੇ ਵੀ ਇਨਸਾਨ ਨੂੰ ਜੋ ਚੀਜ਼ ਸਭ ਤੋਂ ਵੱਧ ਡਰਾਉਂਦੀ ਹੈ, ਉਹ ਹੈ ਮੌਤ, ਫਿਰ ਭਾਵੇਂ ਉਹ ਖੁਦ ਦੀ ਹੋਵੇ ਜਾਂ ਫਿਰ ਕਿਸੇ ਆਪਣੇ ਦੀ। ਇਹ ਡਰ ਇੰਨਾ ਵੱਡਾ ਹੁੰਦਾ ਹੈ ਕਿ ਇਸ ਦੇ ਬਾਰੇ ਕੋਈ ਵੀ ਸੋਚਣਾ ਤਕ ਨਹੀਂ ਚਾਹੁੰਦਾ ਪਰ ਇਸੇ ਮੁਸ਼ਕਲ ਸਬਜੈਕਟ ’ਤੇ ਗੱਲ ਕਰਨ ਆ ਰਹੀ ਹੈ ਫਿਲਮ ‘ਦਿ ਸਕਾਈ ਇਜ਼ ਪਿੰਕ’। ਇਸ ਫਿਲਮ ਨਾਲ ਲੰਬੇ ਸਮੇਂ ਬਾਅਦ ਪ੍ਰਿਯੰਕਾ ਚੋਪੜਾ ਜੋਨਸ ਬਾਲੀਵੁੱਡ ’ਚ ਵਾਪਸੀ ਕਰ ਰਹੀ ਹੈ। ਪ੍ਰਿਯੰਕਾ ਦੇ ਨਾਲ-ਨਾਲ ਫਰਹਾਨ ਅਖਤਰ, ਜ਼ਾਇਰਾ ਵਸੀਮ ਅਤੇ ਰੋਹਿਤ ਸਰਾਫ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਅਸਲ ਜ਼ਿੰਦਗੀ ਤੋਂ ਪ੍ਰੇਰਿਤ ਹੈ। 11 ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ‘ਅਮੁ’ ਅਤੇ ‘ਮਾਰਗਰੀਟਾ ਵਿਥ ਅ ਸਟ੍ਰਾ’ ਵਰਗੀਆਂ ਫਿਲਮਾਂ ਬਣਾ ਚੁੱਕੀ ਸ਼ੋਨਾਲੀ ਬੋਸ ਨੇ। ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਪ੍ਰਿਯੰਕਾ, ਸ਼ੋਨਾਲੀ ਅਤੇ ਰੋਹਿਤ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਸ/ਜਗ ਬਾਣੀ/ਹਿੰਦ ਸਮਾਚਾਰ ਨਾਲ ਗੱਲਬਾਤ ਕੀਤੀ। ਪੇਸ਼ ਹਨ ਇਸ ਦੇ ਮੁੱਖ ਅੰਸ਼।

ਫਿਲਮ ਦਾ ਹਰ ਸੀਨ ਹੈ ਰੀਅਲ : ਪ੍ਰਿਯੰਕਾ ਚੋਪੜਾ ਜੋਨਸ

ਇਹ ਫਿਲਮ ਅਦਿਤੀ ਅਤੇ ਨਰਿੰਦਰ ਦੀ ਰੀਅਲ ਲਾਈਫ ਤੋਂ ਪ੍ਰੇਰਿਤ ਹੈ, ਜਿਨ੍ਹਾਂ ਦੀ ਫਿਲਾਸਫੀ ਮੈਨੂੰ ਬਹੁਤ ਹੀ ਚੰਗੀ ਲੱਗੀ। ਇਸ ਫਿਲਮ ਦਾ ਹਰ ਸੀਨ ਰੀਅਲ ਹੈ, ਜੋ ਅਸੀਂ ਅਦਿਤੀ ਅਤੇ ਨਰਿੰਦਰ ਤੋਂ ਸੁਣਿਆ ਹੈ। ਇਹ ਫਿਲਮ ਸਾਡੀ ਜ਼ਿੰਦਗੀ ਲਈ ਇਕ ਬਹੁਤ ਹੀ ਵੱਡਾ ਮੈਸੇਜ ਦਿੰਦੀ ਹੈ। ਹਰ ਕੋਈ ਆਪਣੇ ਵੱਖਰੇ-ਵੱਖਰੇ ਰਸਤੇ ’ਤੇ ਜਾ ਰਿਹਾ ਹੈ। ਇਨ੍ਹਾਂ ਰਸਤਿਆਂ ’ਤੇ ਚੱਲਦਿਆਂ ਅਕਸਰ ਅਸੀਂ ਭੁੱਲ ਜਾਂਦੇ ਹਾਂ ਕਿ ਫੈਮਿਲੀ ਦਾ ਸਪੋਰਟ ਕਿੰਨਾ ਜ਼ਰੂਰੀ ਹੁੰਦਾ ਹੈ। ਇਹ ਫਿਲਮ ਇਹੀ ਦਿਖਾਉਂਦੀ ਹੈ ਕਿ ਜਦੋਂ ਫੈਮਿਲੀ ਇਕੱਠੀ ਆਉਂਦੀ ਹੈ, ਉਦੋਂ ਤੁਸੀਂ ਕਿਸੇ ਵੀ ਬੁਲੰਦੀ ’ਤੇ ਪਹੁੰਚ ਸਕਦੇ ਹੋ।

ਫਿਲਮ ਤੋਂ ਸਿੱਖਿਆ ਪਾਪਾ ਦੀ ਲਾਈਫ ਨੂੰ ਸੈਲੀਬ੍ਰੇਟ ਕਰਨਾ

ਇਸ ਫਿਲਮ ’ਚ ਕੰਮ ਕਰ ਕੇ ਮੈਂ ਬਹੁਤ ਕੁਝ ਸਿੱਖਿਆ ਹੈ। ਕਹਿ ਸਕਦੀ ਹਾਂ ਕਿ ਇਸ ਫਿਲਮ ਨੇ ਮੈਨੂੰ ਹੀਲ ਕੀਤਾ ਹੈ। ਪਾਪਾ ਦੇ ਦਿਹਾਂਤ ਤੋਂ ਬਾਅਦ ਮੈਂ ਬਹੁਤ ਗੁੱਸੇ ’ਚ ਸੀ, ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਸ਼ਾਇਦ ਉਸ ਸਮੇਂ ਮੈਂ ਆਪਣੇ ਉਸ ਜਜ਼ਬਾਤ ਨੂੰ ਸਹੀ ਤਰੀਕੇ ਨਾਲ ਸੰਭਾਲ ਨਹੀਂ ਸਕੀ ਸੀ ਪਰ ਇਸ ਫਿਲਮ ਨੂੰ ਕਰ ਕੇ ਮੈਂ ਇਨ੍ਹਾਂ ਰਿਸ਼ਤਿਆਂ ਨੂੰ ਹੋਰ ਬਿਹਤਰ ਤਰੀਕੇ ਨਾਲ ਸਮਝਿਆ ਹੈ ਅਤੇ ਸ਼ਾਇਦ ਹੁਣ ਮੈਂ ਆਪਣੇ ਪਾਪਾ ਦੀ ਲਾਈਫ ਨੂੰ ਪਹਿਲਾਂ ਨਾਲੋਂ ਵੱਧ ਸੈਲੀਬ੍ਰੇਟ ਕਰਨ ਲੱਗੀ ਹਾਂ।

ਫਰਹਾਨ ਤੋਂ ਲੱਗਦਾ ਸੀ ਡਰ

ਫਰਹਾਨ ਨਾਲ ਮੈਂ ਇਕ ਐਕਟਰ ਅਤੇ ਇਕ ਡਾਇਰੈਕਟਰ ਦੋਵੇਂ ਤਰ੍ਹਾਂ ਕੰਮ ਕੀਤਾ ਹੈ। ਮੈਂ ਉਸ ਨਾਲ ‘ਡਾਨ’ ਕੀਤੀ ਸੀ, ਉਦੋਂ ਮੈਂ ਇਸ ਇੰਡਸਟਰੀ ’ਚ ਨਵੀਂ ਸੀ, ਉਦੋਂ ਮੈਂ ਉਸ ਤੋਂ ਬਹੁਤ ਡਰਦੀ ਸੀ। ਉਸ ਨਾਲ ਜ਼ਿਆਦਾ ਗੱਲ ਵੀ ਨਹੀਂ ਕਰਦੀ ਸੀ। ਫਰਹਾਨ ਇਕ ਬਹੁਤ ਹੀ ਬਿਹਤਰੀਨ ਕਲਾਕਾਰ ਹੈ, ਉਸ ਨੂੰ ਜੋ ਵੀ ਕੰਮ ਦੇ ਦਿਓ, ਉਹ ਹਮੇਸ਼ਾ ਉਸ ’ਚ ਬੈਸਟ ਕੱਢ ਕੇ ਆਉਂਦਾ ਹੈ।

ਮੌਤ ਮੇਰੇ ਲਈ ਮੁਸ਼ਕਲ ਨਹੀਂ : ਸੋਨਾਲੀ ਬੋਸ

ਜਦੋਂ ਵੀ ਫਿਲਮ ਮੇਕਿੰਗ ਲਈ ਮੈਂ ਕੋਈ ਸਬਜੈਕਟ ਲਿਆ, ਹਮੇਸ਼ਾ ਮੇਰੇ ਦਿਮਾਗ ’ਚ ਇਕ ਹੀ ਖਿਆਲ ਸੀ ਕਿ ਜਿਨ੍ਹਾਂ ਲੋਕਾਂ ਨੂੰ ਕਹਾਣੀ ਬਾਰੇ ਕੁਝ ਪਤਾ ਨਹੀਂ ਹੈ, ਕੋਈ ਦਿਲਚਸਪੀ ਨਹੀਂ ਹੈ, ਉਨ੍ਹਾਂ ਨੂੰ ਕਹਾਣੀ ਨਾਲ ਜੋੜ ਸਕਾਂ। ਅਕਸਰ ਮੇਰੇ ਚੁਣੇ ਹੋਏ ਸਬਜੈਕਟ ਨੂੰ ਮੁਸ਼ਕਲ ਮੰਨਿਆ ਜਾਂਦਾ ਹੈ ਪਰ ਅਸਲ ’ਚ ਇਹ ਮੇਰੇ ਲਈ ਮੁਸ਼ਕਲ ਨਹੀਂ ਹੁੰਦੇ। ਇਸ ਫਿਲਮ ਦੇ ਸਬਜੈਕਟ ਦੀ ਗੱਲ ਕਰਾਂ ਤਾਂ ਮੌਤ ਮੇਰੇ ਲਈ ਮੁਸ਼ਕਲ ਨਹੀਂ ਹੈ ਅਤੇ ਨਾ ਹੀ ਕਿਸੇ ਹੋਰ ਲਈ ਹੋਣੀ ਚਾਹੀਦੀ ਹੈ। ਇਹ ਇਕ ਅਜਿਹਾ ਵਿਸ਼ਾ ਹੈ ਜਿਸ ਬਾਰੇ ਅਸੀਂ ਸੋਚਣਾ ਨਹੀਂ ਚਾਹੁੰਦੇ। ਭਾਵੇਂ ਇਹ ਫਿਲਮ ਮੌਤ ਨਾਲ ਜੁੜੀ ਹੈ ਪਰ ਅਸਲ ’ਚ ਇਹ ਜ਼ਿੰਦਗੀ ਬਾਰੇ ਹੈ।

ਬੇਟੇ ਨੇ ਮਰਨ ਤੋਂ ਪਹਿਲਾਂ ਦਿੱਤੀ ਸੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਿੱਖਿਆ

ਇਸ ਫਿਲਮ ’ਚ ਮੈਂ ਦਿਖਾਉਣਾ ਚਾਹੁੰਦੀ ਸੀ ਕਿ ਜ਼ਿੰਦਗੀ ’ਚ ਜ਼ਿੰਦਗੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ, ਜੋ ਮੈਨੂੰ ਮੇਰੇ ਬੇਟੇ ਨੇ ਆਪਣੇ ਆਖਰੀ ਸਮੇਂ ’ਚ ਸਿਖਾਇਆ ਸੀ। ਸੱਚਾਈ ਨੂੰ ਸਵੀਕਾਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜਿਵੇਂ ਮੈਂ ਕੀਤਾ ਅਤੇ ਮੈਂ ਅੱਜ ਵੀ ਆਪਣੇ ਬੇਟੇ ਨੂੰ ਮਹਿਸੂਸ ਕਰ ਸਕਦੀ ਹਾਂ ਅਤੇ ਮੈਨੂੰ ਉਸ ਤੋਂ ਬਿਲਕੁਲ ਵੀ ਡਰ ਨਹੀਂ ਲੱਗਦਾ ਸਗੋਂ ਮੈਂ ਉਸ ਦੀ ਮੌਜੂਦਗੀ ਨੂੰ ਸੈਲੀਬ੍ਰੇਟ ਕਰਦੀ ਹਾਂ।

ਇਸ ਫਿਲਮ ਨੂੰ ਕਰਨ ਦੀ ਸੀ ਇਕ ਖਾਸ ਵਜ੍ਹਾ : ਰੋਹਿਤ ਸਰਾਫ

ਮੈਂ 10ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ ਕਿਉਂਕਿ ਮੈਂ ਐਕਟਿੰਗ ਕਰਨੀ ਸੀ। ਇਸ ’ਚ ਮੇਰੀ ਫੈਮਿਲੀ ਨੇ ਮੈਨੂੰ ਬਹੁਤ ਸਪੋਰਟ ਕੀਤਾ। ਇਹ ਫਿਲਮ ਅਜਿਹਾ ਹੀ ਕੁਝ ਦੱਸਦੀ ਹੈ ਕਿ ਤੁਸੀਂ ਜ਼ਿੰਦਗੀ ’ਚ ਜੋ ਕਰਨਾ ਚਾਹੁੰਦੇ ਹੋ, ਉਹ ਕਰੋ। ਕਿਸੇ ਹੋਰ ਨੂੰ ਤੁਹਾਡੇ ਰਸਤੇ ਤੈਅ ਨਾ ਕਰਨ ਦਿਓ। ਇਹ ਇਕ ਸਭ ਤੋਂ ਵੱਡਾ ਕਾਰਣ ਸੀ ਕਿ ਮੈਂ ਇਹ ਫਿਲਮ ਕਰਨਾ ਚਾਹੁੰਦਾ ਸੀ।


Tags: The Sky Is PinkPriyanka ChopraFarhan AkhtarZaira WasimRohit Suresh Saraf

Edited By

Sunita

Sunita is News Editor at Jagbani.