ਨਵੀਂ ਦਿੱਲੀ (ਬਿਊਰੋ) : ਸੋਨੀ ਟੀ. ਵੀ. ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਹੋਸਟ ਕਪਿਲ ਸ਼ਰਮਾ ਹਮੇਸ਼ਾ ਤੋਂ ਹੀ ਆਪਣੀ ਫੀਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਕਈ ਵਾਰ ਉਨ੍ਹਾਂ ਦੇ ਸ਼ੋਅ 'ਚ ਆਏ ਮਹਿਮਾਨ ਵੀ ਉਨ੍ਹਾਂ ਦੀ ਕਰੋੜਾਂ ਦੀ ਫੀਸ 'ਤੇ ਚੁਟਕੀ ਲੈਂਦੇ ਨਜ਼ਰ ਆਉਂਦੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਿਰਫ ਕਪਿਲ ਸ਼ਰਮਾ ਹੀ ਨਹੀਂ ਸਗੋਂ ਕਈ ਹੋਰ ਟੀ. ਵੀ. ਕਲਾਕਾਰ ਅਜਿਹੇ ਹਨ, ਜਿਨ੍ਹਾਂ ਨੂੰ ਫੋਬਰਸ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਕਲਾਕਾਰਾਂ ਦੀ ਸੂਚੀ 'ਚ ਥਾਂ ਮਿਲੀ ਹੈ।
ਕਪਿਲ ਸ਼ਰਮਾ : ਫੋਰਬਸ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ 100 ਸੈਲੇਬ੍ਰਿਟੀਆਂ ਦੀ ਇਕ ਲਿਸਟ ਜਾਰੀ ਹੋਈ ਹੈ, ਜਿਸ 'ਚ ਕਪਿਲ ਸ਼ਰਮਾ ਨੇ 53ਵਾਂ ਸਥਾਨ ਹਾਸਲ ਕੀਤਾ ਹੈ। ਕਪਿਲ ਸ਼ਰਮਾ ਦੀ ਸਾਲਾਨਾ ਔਸਤ ਕਮਾਈ 34.03 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਕਪਿਲ ਸ਼ਰਮਾ ਟੈਲੀਵੀਜ਼ਨ ਇੰਡਸਟਰੀ ਦੇ ਸਭ ਤੋਂ ਮਹਿੰਗੇ ਅਤੇ ਜ਼ਿਆਦਾ ਕਮਾਈ ਵਾਲੇ ਸਟਾਰ ਬਣ ਗਏ ਹਨ। ਦਿਵਿਆਂਕਾ ਤ੍ਰਿਪਾਠੀ : ਫੋਬਰਸ ਦੀ ਲਿਸਟ 'ਚ ਦਿਵਿਆਂਕਾ ਤ੍ਰਿਪਾਠੀ ਨੇ 74ਵਾਂ ਨੰਬਰ ਹਾਸਲ ਕੀਤਾ ਹੈ। ਉਨ੍ਹਾਂ ਦੀ ਸਲਾਨਾ ਆਮਦਨ 1.46 ਕਰੋੜ ਦੱਸੀ ਜਾ ਰਹੀ ਹੈ। 'ਮੋਹਬਤੇਂ' ਦੀ ਇਹ ਅਦਾਕਾਰਾ ਸਾਲ 2018 'ਚ 92ਵੇਂ ਸਥਾਨ 'ਤੇ ਸੀ। ਭਾਰਤੀ ਸਿੰਘ : ਅੱਜ ਕੱਲ੍ਹ 'ਦਿ ਕਪਿਲ ਸ਼ਰਮਾ ਸ਼ੋਅ' 'ਚ ਨਜ਼ਰ ਆ ਰਹੀ ਭਾਰਤੀ ਸਿੰਘ ਨੇ ਵੀ ਇਸ ਲਿਸਟ 'ਚ 82ਵਾਂ ਸਥਾਨ ਹਾਸਲ ਕੀਤਾ ਹੈ। ਭਾਰਤੀ ਸਿੰਘ ਦੀ ਸਾਲਾਨਾ ਆਮਦਨ 10.93 ਕਰੋੜ ਰੁਪਏ ਹੈ। 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਇਲਾਵਾ ਭਾਰਤੀ ਸਿੰਘ ਕਲਰਸ ਦੇ ਗੇਮ ਸ਼ੋਅ 'ਖਤਰਾ ਖਤਰਾ' 'ਚ ਵੀ ਨਜ਼ਰ ਆ ਰਹੀ ਹੈ। ਸੰਜੀਵ ਕਪੂਰ : ਟੀ. ਵੀ. ਦੀਆਂ ਮਸ਼ਹੂਰ ਹਸਤੀਆਂ 'ਚੋਂ ਇਕ ਹਨ ਸ਼ੈਫ ਸੰਜੀਵ ਕਪੂਰ। ਇਨ੍ਹਾਂ ਦੀ 24.3 ਕਰੋੜ ਸਾਲਾਨਾ ਔਸਤ ਕਮਾਈ ਬਾਰੇ ਫੋਬਰਸ ਨੇ ਦੱਸਦਿਆਂ ਉਨ੍ਹਾਂ ਨੂੰ 73ਵੇਂ ਨੰਬਰ 'ਤੇ ਰੱਖਿਆ ਹੈ। ਪਿਛਲੇ ਸਾਲ ਆਈ ਲਿਸਟ 'ਚ ਸੰਜੀਵ 32ਵੇਂ ਸਥਾਨ 'ਤੇ ਸਨ। ਕਰਨ ਕੁੰਦਰਾ : ਟੀ. ਵੀ. ਦੇ ਮਸ਼ਹੂਰ ਐਕਟਰ ਕਰਨ ਕੁੰਦਰਾ ਨੇ ਪਿਛਲੇ ਸਾਲ 82ਵੇਂ ਦੇ ਮੁਕਾਬਲੇ ਇਸ ਸਾਲ 92ਵਾਂ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਦੀ ਸਲਾਨਾ ਕਮਾਈ 4.12 ਕਰੋੜ ਹੈ। ਆਖਰੀ ਵਾਰ ਕਰਨ ਨੂੰ 'ਲਵ ਸਕੂਲ 4' ਦੇ ਸ਼ੋਅ 'ਚ ਦੇਖਿਆ ਗਿਆ ਸੀ।