FacebookTwitterg+Mail

ਰਣਜੀਤ ਬਾਵਾ ਦੀ 'ਤੂਫ਼ਾਨ ਸਿੰਘ' ਨੂੰ ਸੈਂਸਰ ਬੋਰਡ ਨੇ ਇਕ ਵਾਰ ਫਿਰ ਦਿੱਤਾ ਕੋਰਾ ਜਵਾਬ

toofan singh
14 July, 2017 09:50:24 AM

ਜਲੰਧਰ— ਖ਼ਾਲਿਸਤਾਨੀ ਐਕਟਵਿਸਟ 'ਤੇ ਬਣੀ ਪੰਜਾਬੀ ਫ਼ਿਲਮ 'ਤੂਫ਼ਾਨ ਸਿੰਘ' ਨੂੰ ਭਾਰਤੀ ਸੈਂਸਰ ਬੋਰਡ ਨੇ ਬੀਤੇ ਵੀਰਵਾਰ ਨੂੰ ਫਿਰ ਇਕ ਵਾਰ ਭਾਰਤ 'ਚ ਰਿਲੀਜ਼ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਇਹ ਦੂਜੀ ਵਾਰ ਹੋਇਆ ਹੈ ਜਦੋਂ ਸੈਂਸਰ ਬੋਰਡ ਨੇ ਇਸ ਫ਼ਿਲਮ ਦੀ ਰਿਲੀਜ਼ਿੰਗ 'ਤੇ ਰੋਕ ਲਾਈ ਹੈ। ਭਾਰਤ ਤੋਂ ਬਾਹਰ ਦੁਨੀਆਂ ਦੇ ਕੁਝ ਦੇਸ਼ਾਂ 'ਚ ਇਹ ਫ਼ਿਲਮ 4 ਅਗਸਤ ਨੂੰ ਰਿਲੀਜ਼ ਹੋਣੀ ਸੀ। 
ਦੱਸਣਯੋਗ ਹੈ ਕਿ ਮਸ਼ਹੂਰ ਫਿਲਮ ਨਿਰਦੇਸ਼ਕ ਗੁਰਚਰਨ ਵਿਰਕ ਦੁਆਰਾ ਨਿਰਦੇਸ਼ਤ ( ਹੁਣ ਬਘੇਲ ਸਿੰਘ) ਇਹ ਫ਼ਿਲਮ ਸ਼ੂਟਿੰਗ ਦੇ ਦਿਨਾਂ ਤੋਂ ਹੀ ਵਿਵਾਦਾਂ 'ਚ ਫ਼ਸੀ ਆ ਰਹੀ ਹੈ। ਇਸ ਫ਼ਿਲਮ ਦੀ ਰਿਲੀਜ਼ਿੰਗ ਡੇਟ ਪਹਿਲਾਂ 15 ਜੁਲਾਈ 2016 ਰੱਖੀ ਗਈ ਸੀ ਪਰ ਉਸ ਸਮੇਂ ਸੈਂਸਰ ਬੋਰਡ ਨੇ ਫ਼ਿਲਮ ਨੂੰ ਪਾਸ ਨਾ ਕਰਦਿਆਂ ਇਸ 'ਤੇ ਰੋਕ ਲਗਾ ਦਿੱਤੀ ਸੀ। ਉਸ ਸਮੇਂ ਸੈਂਸਰ ਬੋਰਡ ਦੀ ਪੰਜ ਮੈਂਬਰੀ ਕਮੇਟੀ ਨੇ ਫ਼ਿਲਮ ਦੇਖੀ ਸੀ, ਜਿਨ੍ਹਾਂ 'ਚੋਂ ਤਿੰਨ ਮੈਂਬਰਾਂ ਨੇ ਫ਼ਿਲਮ ਨੂੰ ਸਰਟੀਫਿਕੇਟ ਜਾਰੀ ਕਰਨ ਤੋਂ ਸਾਫ ਨਾਂਹ ਕਰਦਿਆਂ ਇਸ ਨੂੰ ਉੱਚ ਮੈਂਬਰੀ ਕਮੇਟੀ ਅਤੇ ਸੈਂਸਰ ਬੋਰਡ ਦੇ ਚੇਅਰਮੈਨ ਨੂੰ ਇਹ ਫ਼ਿਲਮ ਦਿਖਾਉਣ ਦੀ ਸਿਫਾਰਸ਼ ਕੀਤੀ ਸੀ। ਸੈਂਸਰ ਬੋਰਡ ਦੇ ਚੇਅਰਮੈਨ ਅਤੇ ਉੱਪ ਅਧਿਕਾਰੀਆਂ ਨੇ ਵੀ ਫ਼ਿਲਮ ਦੇਖਣ ਤੋਂ ਬਾਅਦ ਕੋਈ ਫ਼ੈਸਲਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਫ਼ਿਲਮ ਨੂੰ ਟ੍ਰਿਬਿਊਨਲ ਕਮੇਟੀ ਕੋਲ ਭੇਜਿਆ ਗਿਆ, ਜਿਸ ਨੇ ਫ਼ਿਲਮ 'ਤੇ ਰੋਕ ਲਗਾ ਦਿੱਤੀ ਸੀ। ਆਖਿਆ ਜਾ ਰਿਹਾ ਸੀ ਕਿ ਇਹ ਫ਼ਿਲਮ ਦੇਸ਼ ਖਾਸ ਕਰਕੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖ਼ਰਾਬ ਕਰ ਸਕਦੀ ਹੈ। ਉਸ ਵੇਲੇ ਫ਼ਿਲਮ ਦੇ ਕੁਝ ਦ੍ਰਿਸ਼ਾਂ 'ਤੇ ਸੈਂਸਰ ਬੋਰਡ ਨੇ ਸਖ਼ਤ ਇਤਰਾਜ ਜਤਾਇਆ ਸੀ। 
ਸੂਤਰਾਂ ਮੁਤਾਬਕ ਹੁਣ ਫ਼ਿਲਮ 'ਚ ਕੁਝ ਤਬਦੀਲੀਆਂ ਕਰਕੇ ਇਸ ਨੂੰ ਮੁੜ ਸੈਂਸਰ ਬੋਰਡ ਨੂੰ ਸਰਟੀਫਿਕੇਟ ਲਈ ਸੌਂਪਿਆ ਗਿਆ ਸੀ, ਪਰ ਇਸ ਵਾਰ ਵੀ ਸੈਂਸਰ ਬੋਰਡ ਨੇ ਫ਼ਿਲਮ ਨੂੰ ਸਰਟੀਫਿਕੇਟ ਜਾਰੀ ਨਹੀਂ ਕੀਤਾ। ਹਾਲਾਂਕਿ ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਯੂ ਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ।


ਅੱਤਵਾਦ ਦੌਰਾਨ ਪੰਜਾਬ ਦੇ ਵਿਗੜੇ ਹਾਲਤਾਂ 'ਚ ਸਾਹਮਣੇ ਆਏ ਕਥਿਤ ਖਾਲਿਸਤਾਨੀ ਸਿਵ ਆਗੂ ਭਾਈ ਜੁਗਰਾਜ ਉਰਫ ਤੂਫ਼ਾਨ ਸਿੰਘ ਦੀ ਜ਼ਿੰਦਗੀ 'ਤੇ ਅਧਾਰਿਤ ਹੈ। ਫ਼ਿਲਮ 'ਚ ਤੂਫ਼ਾਨ ਸਿੰਘ ਅਤੇ ਉਸ ਦੇ ਸਾਥੀਆਂ ਦੀ ਪੁਲਸ ਤੇ ਮਿਲਟਰੀ ਨਾਲ ਜੰਗ ਅਤੇ ਤੂਫ਼ਾਨ ਸਿੰਘ ਦੇ ਪਰਿਵਾਰਕ ਪਿਛੋਕੜ, ਪੁਲਿਸ ਵੱਲੋਂ ਨੌਜਵਾਨਾਂ 'ਤੇ ਕੀਤੀਆਂ ਗਈਆਂ ਵਧੀਕੀਆਂ ਅਤੇ ਉਸ ਦੌਰ 'ਚ ਹਥਿਆਰ ਚੁੱਕਣ ਵਾਲੇ ਨੌਜਵਾਨਾਂ ਦੀ ਕਹਾਣੀ ਬਿਆਨ ਕੀਤੀ ਗਈ ਹੈ। ਫ਼ਿਲਮ 'ਚ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਤੂਫ਼ਾਨ ਸਿੰਘ ਦਾ ਕਿਰਦਾਰ ਨਿਭਾਇਆ ਹੈ। ਬਾਲੀਵੁੱਡ ਅਦਾਕਾਰ ਯਸ਼ਪਾਲ ਸ਼ਰਮਾ, ਸਰਦਾਰ ਸੋਹੀ, ਸੁਨੀਤਾ ਧੀਰ, ਰਜ਼ਾ ਮੁਰਾਦ, ਅਵਤਾਰ ਗਿੱਲ, ਪ੍ਰਿੰਸ ਕੰਵਲਜੀਤ ਸਿੰਘ, ਤੇ ਜਰਨੈਲ ਸਿੰਘ ਨੇ ਅਹਿਮ ਕਿਰਦਾਰ ਅਦਾ ਕੀਤੇ ਹਨ।  ਰਣਜੀਤ ਬਾਵਾ ਨਾਲ ਅਦਾਕਾਰਾ ਸ਼ਿਫ਼ਾਲੀ ਸ਼ਰਮਾ ਨੇ ਮੁੱਖ ਭੂਮਿਕਾ ਨਿਭਾਈ ਹੈ।


Tags: Pollywood Celebrity Punjabi Movie Ranjit Bawa Shefali Sharma Yaad Grewal Sunita Dhir Yashpal Sharma Sardar SohiCentral Board of Film Certificationਤੂਫ਼ਾਨ ਸਿੰਘਸੈਂਸਰ ਬੋਰਡ