ਜਲੰਧਰ (ਬਿਊਰੋ)— ਪੰਜਾਬੀ ਗਾਇਕ, ਮਾਡਲ ਤੇ ਅਦਾਕਾਰ ਵੱਡਾ ਗਰੇਵਾਲ ਆਪਣੇ ਫੈਨਜ਼ ਨੂੰ ਹਮੇਸ਼ਾ ਐਂਟਰਟੇਨ ਕਰਦੇ ਰਹਿੰਦੇ ਹਨ। ਵੱਡਾ ਗਰੇਵਾਲ ਸੋਸ਼ਲ ਮੀਡੀਆ 'ਤੇ ਵੀ ਅਕਸਰ ਆਪਣੇ ਫੈਨਜ਼ ਨੂੰ ਹਸਾਉਂਦੇ ਰਹਿੰਦੇ ਹਨ ਪਰ ਵੱਡਾ ਗਰੇਵਾਲ ਨਾਲ ਜੁੜੀ ਇਕ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਵੱਡਾ ਗਰੇਵਾਲ ਦੀ ਸਿਹਤ ਠੀਕ ਨਹੀਂ ਹੈ ਤੇ ਇਸ ਦੇ ਚਲਦਿਆਂ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸੋਸ਼ਲ ਮੀਡੀਆ 'ਤੇ ਵੱਡਾ ਗਰੇਵਾਲ ਦੀ ਸਿਹਤ ਖਰਾਬ ਹੋਣ ਦਾ ਕਾਰਨ ਓਵਰ ਡੌਜ਼ ਦੱਸਿਆ ਗਿਆ ਪਰ ਇਨ੍ਹਾਂ ਅਫਵਾਹਾਂ 'ਤੇ ਪੰਜਾਬੀ ਗਾਇਕ ਐਲੀ ਮਾਂਗਟ ਨੇ ਰੋਕ ਲਗਾ ਦਿੱਤੀ ਹੈ।
ਐਲੀ ਮਾਂਗਟ ਨੇ ਵੱਡਾ ਗਰੇਵਾਲ ਦੀ ਇਕ ਤਸਵੀਰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਹੈ। ਇਸ ਸਟੋਰੀ ਦੇ ਨਾਲ ਉਨ੍ਹਾਂ ਲਿਖਿਆ, 'ਉਸ ਲਈ ਦੁਆ ਕਰੋ ਕਿ ਸਭ ਠੀਕ ਹੋ ਜਾਵੇ ਪਰ ਕੁਝ ਲੋਕਾਂ ਨੇ ਤਸਵੀਰ ਪਾ ਕੇ ਇਹ ਕਿਹਾ ਕਿ ਓਵਰ ਡੌਜ਼ ਹੋ ਗਈ। ਇਸ ਤਰ੍ਹਾਂ ਦਾ ਕੁਝ ਨਹੀਂ ਹੈ, ਉਸ ਨੂੰ ਕੋਈ ਹੋਰ ਪ੍ਰਾਬਲਮ ਹੈ। ਬਾਬਾ ਜੀ ਮਿਹਰ ਕਰਨ।'
ਦੱਸਣਯੋਗ ਹੈ ਕਿ ਐਲੀ ਮਾਂਗਟ ਵਲੋਂ ਤਸਵੀਰ ਸਾਂਝੀ ਕਰਨ ਤੋਂ ਬਾਅਦ ਵੱਡਾ ਗਰੇਵਾਲ ਨੇ ਵੀ ਸਨੈਪਚੈਟ 'ਤੇ ਆਪਣੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਉਨ੍ਹਾਂ ਲਿਖਿਆ, 'ਲੋਕ ਜੋ ਕਹਿ ਰਹੇ ਹਨ, ਉਨ੍ਹਾਂ 'ਤੇ ਯਕੀਨ ਨਾ ਕਰੋ। ਮੈਂ ਪੂਰੀ ਤਰ੍ਹਾਂ ਨਾਲ ਠੀਕ ਹਾਂ। ਤੁਹਾਡੀਆਂ ਦੁਆਵਾਂ ਲਈ ਸਭ ਦਾ ਧੰਨਵਾਦ। ਸਭ ਨੂੰ ਪਿਆਰ।'
ਹਾਲਾਂਕਿ ਦੋਵਾਂ ਵਲੋਂ ਹੀ ਇਹ ਗੱਲ ਸਾਂਝੀ ਨਹੀਂ ਕੀਤੀ ਗਈ ਕਿ ਵੱਡਾ ਗਰੇਵਾਲ ਹਸਪਤਾਲ ਦਾਖਲ ਕਿਸ ਕਰਕੇ ਹੋਏ ਸਨ ਪਰ ਦੋਵਾਂ ਵਲੋਂ ਝੂਠੀਆਂ ਅਫਵਾਹਾਂ 'ਤੇ ਜ਼ਰੂਰ ਰੋਕ ਲਗਾ ਦਿੱਤੀ ਗਈ ਹੈ।