FacebookTwitterg+Mail

'ਤੂਤਕ ਤੂਤਕ ਤੂਤੀਆਂ' ਦੀ ਟੀਮ ਨੇ ਸਾਂਝੀਆਂ ਕੀਤੀਆਂ ਫਿਲਮ ਬਾਰੇ ਇਹ ਖਾਸ ਗੱਲਾਂ

tutak tutak tutiya special interview
04 October, 2016 10:51:16 PM
ਆਪਣੇ 17 ਸਾਲ ਦੇ ਲੰਮੇ ਫਿਲਮੀ ਸਫਰ ਵਿਚ 60 ਤੋਂ ਵੱਧ ਫਿਲਮਾਂ ਵਿਚ ਕੰਮ ਕਰ ਚੁੱਕੇ ਸੋਨੂੰ ਸੂਦ ਨਿਰਮਾਤਾ ਬਣ ਗਏ ਹਨ, ਜਿਨ੍ਹਾਂ ਦੀ ਆਉਣ ਵਾਲੀ ਫਿਲਮ ਥ੍ਰਿਲਰ ਕਾਮੇਡੀ 'ਤੂਤਕ ਤੂਤਕ ਤੂਤੀਆਂ' 7 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਏ. ਐੱਲ. ਵਿਜੇ ਨਿਰਦੇਸ਼ਿਤ ਇਹ ਫਿਲਮ ਇਕੱਠਿਆਂ ਤਿੰਨ ਭਾਸ਼ਾਵਾਂ ਤੇਲਗੂ ਵਿਚ 'ਅਭਿਨੇਤਰੀ', ਹਿੰਦੀ ਵਿਚ 'ਤੂਤਕ ਤੂਤਕ ਤੂਤੀਆਂ' ਅਤੇ ਤਮਿਲ ਵਿਚ ਦੇਵੀ (ਐੱਲ) ਦੇ ਨਾਂ ਨਾਲ ਰਿਲੀਜ਼ ਹੋ ਰਹੀ ਹੈ। ਸੋਨੂੰ ਸੂਦ ਨਾਲ ਇਸ ਫਿਲਮ ਵਿਚ ਤਮੰਨਾ ਭਾਟੀਆ ਅਤੇ ਪ੍ਰਭੂਦੇਵਾ ਅਹਿਮ ਭੂਮਿਕਾ ਵਿਚ ਹਨ। ਸੋਨੂੰ ਆਪਣੀ ਇਸ ਹੋਮ ਪ੍ਰੋਡਕਸ਼ਨ ਫਿਲਮ ਦੀ ਪ੍ਰਮੋਸ਼ਨ ਵਿਚ ਰੁੱਝੇ ਹੋਏ ਹਨ। ਇਸੇ ਸਿਲਸਿਲੇ ਵਿਚ ਸੋਨੂੰ ਆਪਣੀ ਟੀਮ ਤਮੰਨਾ ਭਾਟੀਆ, ਕੋਰੀਓਗ੍ਰਾਫਰ/ਡਾਂਸਰ ਪ੍ਰਭੂਦੇਵਾ ਅਤੇ ਪੰਜਾਬੀ ਪੌਪ ਗਾਇਕ ਮਲਕੀਤ ਸਿੰਘ ਨਾਲ ਦਿੱਲੀ ਪਹੁੰਚੇ। ਇਸ ਦੌਰਾਨ ਸਟਾਰ ਕਾਸਟ ਨੇ ਨਵੋਦਿਆ ਟਾਇਮਸ/ਜਗ ਬਾਣੀ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਇਸਦੇ ਅੰਸ਼ :
ਸੈਲੀਬ੍ਰੇਸ਼ਨ ਦੀ ਕਹਾਣੀ 'ਤੂਤਕ ਤੂਤਕ ਤੂਤੀਆਂ'
ਫਿਲਮ ਬਾਰੇ ਗੱਲ ਕਰਦੇ ਹੋਏ ਸੋਨੂੰ ਸੂਦ ਕਹਿੰਦੇ ਹਨ ਕਿ ਇਸ ਫਿਮਲ ਨੂੰ ਸੈਲੀਬ੍ਰੇਸ਼ਨ ਦੇ ਮੂਡ ਵਿਚ ਬਣਾਇਆ ਗਿਆ ਹੈ। ਇਸ ਫਿਲਮ ਦੀ ਕਹਾਣੀ ਇਕ ਥ੍ਰਿਲਰ ਕਾਮੇਡੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇਸ ਫਿਲਮ ਦਾ ਨਾਂ ਤੈਅ ਕੀਤਾ ਸੀ ਤਾਂ ਸਾਡੇ ਦਿਮਾਗ ਵਿਚ ਸਨ ਇਸ ਗੀਤ ਦੇ ਕੈਚੀ ਬੋਲ ਅਤੇ ਮਿਊਜ਼ਿਕ। ਇਸ ਗਾਣੇ ਦੇ ਬੋਲ ਹੀ ਅਜਿਹੇ ਹਨ ਕਿ ਜੋ ਵੀ ਸੁਣਦਾ ਹੈ, ਉਸ ਦੀ ਐਨਰਜੀ ਵਿਚ ਗੁਆਚ ਜਾਂਦਾ ਹੈ। ਸਾਨੂੰ ਲੱਗਿਆ ਕਿ ਫਿਲਮ ਲਈ ਇਹ ਨਾਂ ਬਿਲਕੁਲ ਪ੍ਰਫੈਕਟ ਹੈ। ਨਾਲ ਹੀ ਫਿਲਮ ਵਿਚ ਇਹ ਗਾਣਾ ਵੀ ਰੱਖਣਾ ਸੀ ਤਾਂ ਇਸ ਦੀ ਅਹਿਮੀਅਤ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ।
ਸੋਚਿਆ ਨਹੀਂ ਸੀ ਮੁੰਬਈ ਵਿਚ ਕੀ ਕਰਾਂਗਾ
ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਸੋਨੂੰ ਕਹਿੰਦੇ ਹਨ ਕਿ ਜਦੋਂ ਮੈਂ ਦਿੱਲੀ ਤੋਂ ਮੁੰਬਈ ਗਿਆ ਸੀ ਤਾਂ ਸੋਚਿਆ ਨਹੀਂ ਸੀ ਕਿ ਕੀ ਕਰਾਂਗਾ। ਮੈਂ ਬਸ ਐਕਟਿੰਗ ਕਰਨਾ ਚਾਹੁੰਦਾ ਸੀ ਅਤੇ ਜਾਣਦਾ ਸੀ ਕਿ ਮੇਰੇ ਅੰਦਰ ਕੰਮ ਕਰਨ ਦਾ ਜਨੂੰਨ ਸੀ। ਮੈਂ ਬਸ ਆਪਣੀ ਮਿਹਨਤ ਅਤੇ ਕਿਸਮਤ ਦੇ ਨਾਲ ਹੀ ਉਥੇ ਗਿਆ ਸੀ। ਅਸਲ ਵਿਚ ਤਾਂ ਸਿਰਫ ਤੁਹਾਡੇ ਕੋਲ ਮਿਹਨਤ ਹੁੰਦੀ ਹੈ ਅਤੇ ਓਹ ਹੀ ਤੁਸੀਂ ਕਰ ਸਕਦੇ ਹੋ ਅਤੇ ਬਾਕੀ ਸਭ ਕਿਸਮਤ ਦੀ ਗੱਲ ਹੁੰਦੀ ਹੈ। ਸ਼ੁਰੂਆਤੀ ਸਮੇਂ ਵਿਚ ਮੇਰੇ ਕੋਈ ਕੋਈ ਕਾਂਟ੍ਰੈਕਟਸ ਨਹੀਂ ਸਨ। ਮੈਂ ਘੰਟਿਆਂਬੱਧੀ ਪ੍ਰੋਡਿਊਸਰਾਂ ਦੇ ਘਰ ਦੇ ਬਾਹਰ ਖੜ੍ਹਾ ਰਹਿੰਦਾ ਸੀ। ਕਈ ਵਾਰ ਤਾਂ ਸ਼ਾਮ ਤੱਕ ਹੋ ਜਾਂਦੀ ਸੀ ਪਰ ਮਿਲਣ ਲਈ ਕੋਈ ਸੱਦਾ ਨਹੀਂ ਆਉਂਦਾ ਸੀ।
ਮੁਸ਼ਕਿਲ ਕੰਮ ਹੈ ਫਿਲਮ ਨਿਰਮਾਣ
ਸੋਨੂੰ ਸੂਦ ਦਾ ਮੰਨਣਾ ਹੈ ਕਿ ਫਿਲਮ ਨਿਰਮਾਣ ਅਦਾਕਾਰੀ ਤੋਂ ਵੱਧ ਮੁਸ਼ਕਿਲ ਕੰਮ ਹੈ। ਸੋਨੂੰ ਦਾ ਕਹਿਣਾ ਹੈ ਕਿ ਫਿਲਮ ਪ੍ਰੋਡਕਸ਼ਨ ਨਿਸ਼ਚਿਤ ਰੂਪ ਨਾਲ ਮੁਸ਼ਕਿਲ ਕੰਮ ਹੈ। ਤੁਸੀਂ 500 ਲੋਕਾਂ ਲਈ ਜਵਾਬਦੇਹ ਹੋ ਅਤੇ ਤੁਹਾਨੂੰ ਹਰ ਗੱਲ ਦੀ ਖਬਰ ਰੱਖਣੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਇੰਜੀਨੀਅਰਿੰਗ ਕਰ ਰਿਹਾ ਸੀ ਤਾਂ ਮੈਂ ਸੋਚਦਾ ਸੀ ਕਿ ਮੈਨੂੰ ਅਦਾਕਾਰ ਬਣਨਾ ਚਾਹੀਦਾ ਹੈ ਅਤੇ ਅਦਾਕਾਰ ਤੋਂ ਇਲਾਵਾ ਮੈਂ ਨਿਰਮਾਤਾ ਵੀ ਬਣਨਾ ਚਾਹੁੰਦੀ ਸੀ। ਇਸ ਲਈ ਖੁਦ ਬਾਰੇ ਜਾਣਨ ਅਤੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਨਾ ਥੋੜ੍ਹਾ ਚੁਣੌਤੀ ਭਰਪੂਰ ਹੈ। ਮੈਨੂੰ ਖੁਸ਼ੀ ਹੈ ਕਿ ਮੈਨੂੰ ਨਿਰਮਾਤਾ ਦਾ ਤਜਰਬਾ ਮਿਲਿਆ।
ਪੰਜਾਬ ਦੀਆਂ ਯਾਦਾਂ ਵਿਚ ਗੁਆਚੇ ਸੋਨੂੰ
ਸੋਨੂੰ ਮੋਗਾ ਨਾਲ ਸਬੰਧ ਰੱਖਦੇ ਹਨ। ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਸੋਨੂੰ ਨੇ ਦੱਸਿਆ ਕਿ ਉਹ ਬਹੁਤ ਛੋਟੇ ਸਨ ਅਤੇ ਉਨ੍ਹਾਂ ਦੇ ਘਰ 'ਹਿੰਦ ਸਮਾਚਾਰ' ਅਖਬਾਰ ਆਇਆ ਕਰਦੀ ਸੀ। ਉਹ ਅਕਸਰ ਪੰਜਾਬ ਕੇਸਰੀ ਪੜ੍ਹਿਆ ਕਰਦੇ ਸਨ। ਅੱਜ ਮੈਂ ਬੇਹੱਦ ਖੁਸ਼ ਹਾਂ ਕਿ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ।
3 ਭਾਸ਼ਾਵਾਂ 'ਚ ਬਣਾਉਣਾ ਸਭ ਤੋਂ ਵੱਡਾ ਚੈਲੰਜ
ਬਾਹੂਬਲੀ ਫੇਮ ਤਮੰਨਾ ਭਾਟੀਆ ਨੇ ਆਪਣੀ ਆਉਣ ਵਾਲੀ ਫਿਲਮ ਬਾਰੇ ਗੱਲ ਕਰਦਿਆਂ ਕਿਹਾ ਕਿ ਜਦ ਅਸੀਂ ਇਸ ਫਿਲਮ ਨੂੰ 3 ਭਾਸ਼ਾਵਾਂ 'ਚ ਬਣਾਉਣ ਦਾ ਫੈਸਲਾ ਲਿਆ ਤਾਂ ਪ੍ਰਭੂ ਸਰ ਨੇ ਸਾਨੂੰ ਪਹਿਲਾਂ ਹੀ ਵਾਰਨ ਕੀਤਾ ਸੀ ਕਿ ਇਹ ਆਸਾਨ ਕੰਮ ਨਹੀਂ ਹੈ। ਜਦ ਅਸੀਂ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਤਾਂ ਸਾਨੂੰ ਸਮਝ 'ਚ ਆਇਆ ਕਿ ਪ੍ਰਭੂ ਸਰ ਬਿਲਕੁਲ ਸਹੀ ਕਹਿ ਰਹੇ ਸਨ ਪਰ ਜਦ ਅਸੀਂ ਫਿਲਮ ਪੂਰੀ ਕਰ ਲਈ ਤਾਂ ਲੋਕਾਂ ਦਾ ਇੰਨਾ ਪਿਆਰ ਮਿਲਿਆ ਕਿ ਹੁਣ ਉਹ ਮੁਸ਼ਕਿਲਾਂ ਯਾਦ ਹੀ ਨਹੀਂ ਆਉਂਦੀਆਂ। ਹੁਣ ਸਾਨੂੰ ਚੰਗਾ ਲੱਗ ਰਿਹਾ ਹੈ ਕਿ ਜੋ ਅਸੀਂ ਲੋਕਾਂ ਨੂੰ ਦੇਣਾ ਚਾਹੁੰਦੇ ਸੀ ਉਹ ਉਨ੍ਹਾਂ ਤੱਕ ਪੁੱਜ ਗਿਆ ਹੈ।
ਬਾਹੂਬਲੀ 2 'ਚ ਸਾਹਮਣੇ ਆਵੇਗੀ ਕੱਟਪਾ ਦੀ ਸੱਚਾਈ
2015 ਦੀ ਸਭ ਤੋਂ ਵੱਡੀ ਫਿਲਮ ਬਾਹੂਬਲੀ ਬਾਰੇ ਸਭ ਲੋਕ ਜਾਣਨਾ ਚਾਹੁੰਦੇ ਹਨ ਕਿ ਆਖਿਰ ਕੱਟਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ? ਇਸ 'ਤੇ ਤਮੰਨਾ ਕਹਿੰਦੀ ਹੈ ਕਿ ਕੱਟਪਾ ਦੀ ਸੱਚਾਈ ਲੋਕਾਂ ਨੂੰ ਬਾਹੂਬਲੀ 2 ਦੇਖਣ ਤੋਂ ਬਾਅਦ ਪਤਾ ਚੱਲੇਗੀ।
ਅੱਜ ਵੀ ਹੈ ਲੋਕਾਂ 'ਚ 'ਤੂਤਕ-ਤੂਤਕ-ਤੂਤੀਆਂ' ਦਾ ਕ੍ਰੇਜ਼
ਪੰਜਾਬੀ ਗਾਇਕ ਮਲਕੀਤ ਸਿੰਘ ਦੱਸਦੇ ਹਨ ਕਿ ਉਹ ਹੁਣ ਤੱਕ 30 ਤੋਂ ਵੱਧ ਦੇਸ਼ਾਂ 'ਚ ਪਰਫਾਰਮ ਕਰ ਚੁੱਕੇ ਹਨ ਅਤੇ 20 ਸਾਲਾਂ ਬਾਅਦ ਵੀ 'ਤੂਤਕ-ਤੂਤੀਆਂ' ਹੀ ਇਕੋ-ਇਕ ਅਜਿਹਾ ਗਾਣਾ ਹੈ, ਜਿਸ ਦਾ ਕ੍ਰੇਜ਼ ਅੱਜ ਤੱਕ ਲੋਕਾਂ 'ਚ ਘੱਟ ਨਹੀਂ ਹੋਇਆ ਹੈ। ਇਸ ਦਾ ਜਾਦੂ ਅੱਜ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ ਤੇ ਲੋਕ ਝੂਮਣ ਲਈ ਮਜਬੂਰ ਹੋ ਜਾਂਦੇ ਹਨ। ਕਈ ਵਾਰ ਤਾਂ ਅਜਿਹਾ ਵੀ ਹੁੰਦਾ ਹੈ ਜਦ ਇਕ ਗਾਣਾ ਮੈਨੂੰ ਵਾਰ-ਵਾਰ ਗਾਉਣਾ ਪੈਂਦਾ ਹੈ।
ਪੰਜਾਬ ਨੂੰ ਮੈਂ ਦਿੱਤੀ ਸੀ ਪਹਿਲੀ ਐਲਬਮ
ਮਲਕੀਤ ਸਿੰਘ ਲਗਭਗ 20 ਸਾਲਾਂ ਤੋਂ ਵੱਧ ਸਮੇਂ ਤੋਂ ਪੰਜਾਬ 'ਚ ਗੀਤ ਗਾ ਰਹੇ ਹਨ। ਜਿਥੇ ਉਨ੍ਹਾਂ ਦਾ ਇਕ ਵੱਖਰਾ ਰੁਤਬਾ ਤੇ ਸਟਾਰ ਈਮੇਜ ਵੀ ਹੈ ਪਰ ਬਾਲੀਵੁੱਡ 'ਚ ਆਉਣ ਲਈ ਉਨ੍ਹਾਂ ਨੂੰ ਲੰਬਾ ਸਮਾਂ ਲੱਗ ਗਿਆ। ਇਸ 'ਤੇ ਉਹ ਕਹਿੰਦੇ ਹਨ ਕਿ ਬਾਲੀਵੁੱਡ ਦੇ ਲਈ ਗਾਉਣਾ ਤਾਂ ਹਾਲਾਤ 'ਤੇ ਨਿਰਭਰ ਕਰਦਾ ਹੈ। ਇਸ ਦੇ ਇਲਾਵਾ ਮੈਂ ਖੁਦ ਨੂੰ ਕਾਫੀ ਲੱਕੀ ਮੰਨਦਾ ਹਾਂ ਕਿ ਮੈਂ ਪੰਜਾਬ ਨੂੰ ਪਹਿਲੀ ਪੰਜਾਬੀ ਮਿਊਜ਼ੀਕਲ ਐਲਬਮ ਦਿੱਤੀ ਸੀ। ਮੈਂ 1987 ਤੋਂ ਲੈ ਕੇ ਹੁਣ ਤੱਕ ਲਗਭਗ ਮੁੰਬਈ ਦੇ ਹਰ ਸਟੂਡੀਓ 'ਚ ਕੰਮ ਕਰ ਚੁੱਕਾ ਹਾਂ।
ਡਾਂਸ ਮੇਰਾ ਪੈਸ਼ਨ, ਟੀਚਿੰਗ ਮੇਰੀ ਆਤਮਾ
ਦੋ ਵਾਰ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਤੇ ਬ੍ਰੇਕ ਡਾਂਸ ਦੇ ਮਹਾਰਥੀ ਪ੍ਰਭੂਦੇਵਾ ਨੇ ਦੱਸਿਆ ਕਿ ਡਾਂਸ ਮੇਰਾ ਪੈਸ਼ਨ ਹੈ ਅਤੇ ਟੀਚਿੰਗ ਮੇਰੀ ਆਤਮਾ ਹੈ। ਡਾਂਸ ਦੀ ਸਿੱਖਿਆ ਦੇਣਾ ਮੈਨੂੰ ਬਹੁਤ ਚੰਗਾ ਲੱਗਦਾ ਹੈ ਅਤੇ ਮੈਂ ਇਕ ਸਖਤ ਟੀਚਰ ਹਾਂ। ਆਪਣੇ ਡਾਂਸ ਦੌਰਾਨ ਆਪਣੇ ਸਰੀਰਕ ਲਚੀਲੇਪਣ ਨੂੰ ਲੈ ਕੇ ਪ੍ਰਭੂਦੇਵਾ ਨੇ ਦੱਸਿਆ ਕਿ ਡਾਂਸ ਵਿਚ ਵੀ ਹੱਦਾਂ ਨੂੰ ਨਹੀਂ ਲੰਘਣਾ ਚਾਹੀਦਾ। ਇਸ ਫਿਲਮ 'ਤੂਤਕ ਤੂਤਕ ਤੂਤੀਆਂ' ਦੇ ਇਕ ਨ੍ਰਿਤ-ਗੀਤ ਦੀ ਸ਼ੂਟਿੰਗ ਦੌਰਾਨ ਉਹ ਡਾਂਸ ਦੀਆਂ ਹੱਦਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਇਸ ਕਾਰਨ ਉਨ੍ਹਾਂ ਨੂੰ ਮਾਸਪੇਸ਼ੀਆਂ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਸ ਲਈ ਡਾਂਸ ਲਈ ਨਵੇਂ ਸਟੈਪਸ ਦੀ ਕੋਸ਼ਿਸ਼ ਕਰਨਾ ਠੀਕ ਹੈ ਪਰ ਸਰੀਰਕ ਹੱਦਾਂ ਨੂੰ ਲੰਘ ਕੇ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ।
'ਭੂਲ-ਭੁਲੱਈਆ' ਤੋਂ ਵੱਖਰੀ ਹੈ 'ਤੂਤਕ ਤੂਤਕ ਤੂਤੀਆਂ'
ਇਸ ਫਿਲਮ ਦਾ ਮੁਕਾਬਲਾ ਅਕਸ਼ੈ ਕੁਮਾਰ ਸਟਾਰਰ ਫਿਲਮ 'ਭੂਲ ਭੁਲੱਈਆ' ਨਾਲ ਹੋਣ 'ਤੇ ਪ੍ਰਭੂਦੇਵਾ ਕਹਿੰਦੇ ਹਨ ਕਿ ਹਾਲਾਂਕਿ ਦੋਵੇਂ ਫਿਲਮਾਂ ਇਕ ਹੀ ਸ਼ੈਲੀ ਦੀਆਂ ਹਨ ਪਰ 'ਤੂਤਕ ਤੂਤਕ ਤੂਤੀਆਂ' ਪੂਰਨ ਤੌਰ 'ਤੇ ਵੱਖਰੀ ਹੈ। ਇਹ ਇਕ ਨਵੀਂ ਸ਼ੈਲੀ ਵਾਲੀ ਫਿਲਮ ਹੈ, ਡਰਾਵਨੀ ਵੀ ਅਤੇ ਹਾਸ ਵੀ, ਜੋ ਬਾਲੀਵੁੱਡ ਵਿਚ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਦਰਸ਼ਕਾਂ ਨੂੰ ਬਹੁਤ ਆਨੰਦ ਆਏਗਾ। ਇਹ ਪੂਰਨ ਤੌਰ 'ਤੇ ਪਰਿਵਾਰਕ ਮਨੋਰੰਜਨ ਵਾਲੀ ਫਿਲਮ ਹੈ। ਫਿਲਮ ਵਿਚ ਮੇਰਾ ਕਿਰਦਾਰ ਇਕ ਅਜਿਹੇ ਮੁੰਡੇ ਦਾ ਹੈ, ਜੋ ਆਧੁਨਿਕ ਜ਼ਮਾਨੇ ਦੀ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਹੈ। ਹਾਲਾਂਕਿ, ਉਸ ਨੂੰ ਪਿੰਡ ਦੀ ਇਕ ਆਮ ਕੁੜੀ ਨਾਲ ਵਿਆਹ ਕਰਨਾ ਪੈਂਦਾ ਹੈ।

Tags: ਤੂਤਕ ਤੂਤਕ ਤੂਤੀਆਂ ਸੋਨੂੰ ਸੂਦ ਤਮੰਨਾ ਭਾਟੀਆ ਪ੍ਰਭੂਦੇਵਾ Sonu Sood Tamannaah Prabhudeva