ਮੁੰਬਈ (ਬਿਊਰੋ) — ਟੀ. ਵੀ. ਅਦਾਕਾਰਾ ਪ੍ਰੇਕਸ਼ਾ ਮਹਿਤਾ ਨੇ ਫਾਹਾ ਲੈ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਕਾਰਨ ਉਹ ਡਿਪ੍ਰੈਸ਼ਨ 'ਚ ਸੀ, ਜਿਸ ਕਾਰਨ ਉਸ ਨੇ ਇਹ ਕਮਦ ਚੁੱਕਿਆ। ਪ੍ਰੇਕਸ਼ਾ ਮਹਿਤਾ ਨੇ ਕਈ ਵੀਡੀਓ ਐਲਬਮਾਂ ਅਤੇ ਲਘੂ ਫਿਲਮਾਂ 'ਚ ਕੰਮ ਕੀਤਾ ਸੀ। ਪ੍ਰੇਕਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਸੀ ਕਿ ਸਭ ਤੋਂ ਬੁਰਾ ਹੁੰਦਾ ਹੈ 'ਸੁਫਨਿਆਂ ਦਾ ਮਰ ਜਾਣਾ।' ਇਸ ਤੋਂ ਬਾਅਦ ਉਸ ਦਾ ਇੱਕ ਸੁਸਾਈੇਡ ਨੋਟ ਵੀ ਮਿਲਿਆ ਹੈ। ਇੱਕ ਨਿੱਜੀ ਅਖਬਾਰ ਮੁਤਾਬਕ ਪ੍ਰੇਕਸ਼ਾ ਮਹਿਤਾ ਨੇ ਆਪਣੀ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ। ਉਸ ਨੇ ਲਿਖਿਆ ਹੈ, ''ਮੇਰੇ ਟੁੱਟੇ ਹੋਏ ਸੁਫਨਿਆਂ ਨੇ ਮੇਰੇ ਵਿਸ਼ਵਾਸ਼ ਦਾ ਸਾਹ ਤੋੜ ਦਿੱਤਾ ਹੈ। ਮੈਂ ਮਰੇ ਹੋਏ ਸੁਫਨਿਆਂ ਨਾਲ ਨਹੀਂ ਜੀਅ ਸਕਦੀ। ਇਸ ਨਕਰਾਤਮਕਤਾ ਨਾਲ ਰਹਿਣਾ ਮੇਰੇ ਲਈ ਬਹੁਤ ਮੁਸ਼ਕਿਲ ਹੈ। ਪਿਛਲੇ ਇੱਕ ਸਾਲ ਤੋਂ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਹੁਣ ਮੈਂ ਥੱਕ ਗਈ ਹਾਂ।''

ਦੱਸ ਦਈਏ ਕਿ ਪ੍ਰੇਕਸ਼ਾ ਮਹਿਤਾ ਦੀ ਖੁਦਕੁਸ਼ੀ ਦਾ ਕਾਰਨ ਕੰਮ ਨਾ ਮਿਲਣ ਕਰਕੇ ਡਿਪ੍ਰੈਸ਼ਨ 'ਚ ਜਾਣਾ ਦੱਸਿਆ ਜਾ ਰਿਹਾ ਹੈ। ਪੁਲਸ ਮੁਤਾਬਕ, ਇੰਦੌਰ ਦੇ ਬਜਰੰਗ ਨਗਰ ਦੀ ਰਹਿਣ ਵਾਲੀ 25 ਸਾਲਾ ਪ੍ਰੇਕਸ਼ਾ ਮਹਿਤਾ 2 ਸਾਲ ਪਹਿਲਾਂ ਲੜੀਵਾਰਾਂ ਅਤੇ ਫਿਲਮਾਂ 'ਚ ਕੰਮ ਕਰਨ ਲਈ ਮੁੰਬਈ ਆਈ ਸੀ। ਉਸ ਦੇ ਪਿਤਾ ਰਵਿੰਦਰ ਮਹਿਤਾ ਦੀ ਕਾਲੋਨੀ 'ਚ ਹੀ ਦੁਕਾਨ ਹੈ। ਕੋਰੋਨਾ ਤਾਲਾਬੰਦੀ ਕਾਰਨ ਉਹ 25 ਮਾਰਚ ਨੂੰ ਇੰਦੌਰ ਆ ਗਈ ਸੀ ਅਤੇ ਉਸ ਤੋਂ ਬਾਅਦ ਡਿਪ੍ਰੈਸ਼ਨ 'ਚ ਸੀ।