ਮੁੰਬਈ— ਅਭਿਨੇਤਾ-ਅਭਿਨੇਤਰੀਆਂ ਦੇ ਗੀਤ ਗਾਉਣ ਦੇ ਰਿਵਾਜ ਨੂੰ ਲੈ ਕੇ ਗਾਇਕ ਅਰਮਾਨ ਮਲਿਕ ਤੇ ਅਭਿਨੇਤਰੀ ਸੋਨਾਕਸ਼ੀ ਸਿਨ੍ਹਾ ਵਿਚਾਲੇ ਟਵਿਟਰ 'ਤੇ ਬਹਿਸ ਹੋਈ। ਅਰਮਾਨ ਨੇ ਇਕ ਲੇਖ ਸਾਂਝਾ ਕੀਤਾ, ਜਿਸ 'ਚ ਗਾਇਕ ਕੈਲਾਸ਼ ਖੇਰ ਨੇ ਪੌਪ ਸਟਾਰ ਜਸਟਿਨ ਬੀਬਰ ਦੇ ਪਹਿਲੇ ਭਾਰਤੀ ਸੰਗੀਤ ਸਮਾਰੋਹ 'ਚ ਪ੍ਰਬੰਧਕਾਂ ਵਲੋਂ ਸੋਨਾਕਸ਼ੀ ਸਿਨ੍ਹਾ ਨੂੰ ਸ਼ਾਮਲ ਕੀਤੇ ਜਾਣ ਦੇ ਫੈਸਲੇ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ।
ਅਰਮਾਨ ਨੇ ਲੇਖ ਦਾ ਲਿੰਕ ਸਾਂਝਾ ਕਰਦਿਆਂ ਟਵਿਟਰ 'ਤੇ ਲਿਖਿਆ, 'ਕੈਲਾਸ਼ ਖੇਰ ਨਾਲ ਸਹਿਮਤ ਹਾਂ। ਫਿਲਮ ਕਲਾਕਾਰ ਸਿਰਫ ਫਿਲਮ ਕਲਾਕਾਰ ਹੁੰਦੇ ਹਨ ਤੇ ਗਾਇਕ, ਗਾਇਕ। ਮੰਚ 'ਤੇ ਗਾਉਣ ਦਾ ਕੰਮ ਸਾਡੇ ਲਈ ਛੱਡ ਦਿਓ, ਇਹ ਸਾਡਾ ਕਾਰਜ ਖੇਤਰ ਹੈ, ਤੁਹਾਡਾ ਨਹੀਂ।'
ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਸੋਨਾਕਸ਼ੀ ਨੇ ਟਵੀਟ ਕੀਤਾ, 'ਕਿਸੇ ਕਲਾਕਾਰ ਨੂੰ ਹਮੇਸ਼ਾ ਦੂਜੇ ਕਲਾਕਾਰ ਨੂੰ ਆਪਣੀ ਪ੍ਰਤਿਭਾ ਵਿਕਸਿਤ ਕਰਨ ਤੇ ਉਸ ਦਾ ਸੁਪਨਾ ਸਾਕਾਰ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਕਲਾ ਦੇ ਕਿਸੇ ਵੀ ਰੂਪ ਨੂੰ ਦਬਾਇਆ ਨਹੀਂ ਜਾਣਾ ਚਾਹੀਦਾ।'
ਅਰਮਾਨ ਨੇ ਸੋਨਾਕਸ਼ੀ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਨੂਰ' ਦਾ ਟਾਈਟਲ ਟਰੈਕ ਵੀ ਗਾਇਆ ਹੈ। ਅਭਿਨੇਤਰੀ ਨੇ ਅਰਮਾਨ ਦੀ ਨਿੰਦਿਆ ਕਰਦਿਆਂ ਕਿਹਾ, 'ਤੁਸੀਂ ਹੁਣ ਅਜਿਹਾ ਕਹਿ ਰਹੇ ਹੋ, ਜਦਕਿ ਤੁਸੀਂ ਖੁਦ ਚਾਹੁੰਦੇ ਸੀ ਕਿ ਮੈਂ ਤੁਹਾਡੇ ਲਈ ਗਾਵਾਂ।' ਹਾਲਾਂਕਿ ਅਰਮਾਨ ਨੇ ਕਿਹਾ ਕਿ ਉਹ ਨਹੀਂ, ਸਗੋਂ ਉਨ੍ਹਾਂ ਦੇ ਸੰਗੀਤਕਾਰ ਭਰਾ ਅਮਾਲ ਮਲਿਕ ਸੋਨਾਕਸ਼ੀ ਨਾਲ ਕੰਮ ਕਰਨਾ ਚਾਹੁੰਦੇ ਸਨ। ਅਮਰਾਨ ਨੇ ਟਵੀਟ ਕੀਤਾ, 'ਉਹ ਅਮਾਲ ਮਲਿਕ ਸਨ, ਮੈਂ ਨਹੀਂ, ਸੰਗੀਤਕਾਰ ਉਹ ਹਨ।'