FacebookTwitterg+Mail

‘ਮਾਂ ਬੋਲੀ ਨਾਲ ਜੁੜੇ ਰਹਾਂਗੇ ਤਾਂ ਹੀ ਲੋਕ ਸਾਨੂੰ ਪੰਜਾਬੀ ਕਹਿਣਗੇ’

uda aida
26 January, 2019 09:01:37 AM

ਪੰਜਾਬੀ ਫਿਲਮ ‘ਊੜਾ ਆੜਾ’ 1 ਫਰਵਰੀ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ’ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ਨੂੰ ਰੁਪਾਲੀ ਗੁਪਤਾ, ਦੀਪਕ ਗੁਪਤਾ, ਸ਼ਿਤਿਜ ਚੌਧਰੀ ਤੇ ਨਰੇਸ਼ ਕਥੂਰੀਆ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ ਤੇ ਇਸ ਦੇ ਡਾਇਰੈਕਟਰ ਸ਼ਿਤਿਜ ਚੌਧਰੀ ਹਨ। ਫਿਲਮ ਦੀ ਪ੍ਰਮੋਸ਼ਨ ਲਈ ਤਰਸੇਮ ਜੱਸੜ, ਨੀਰੂ ਬਾਜਵਾ ਤੇ ਰੁਪਾਲੀ ਗੁਪਤਾ ‘ਜਗ ਬਾਣੀ’ ਦੇ ਦਫਤਰ ਪੁੱਜੇ, ਜਿਥੇ ਸਾਡੇ ਪ੍ਰਤੀਨਿਧੀ ਰਾਹੁਲ ਸਿੰਘ ਨੇ ਉਨ੍ਹਾਂ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—
ਤਰਸੇਮ ਜੱਸੜ
‘ਊੜਾ ਆੜਾ’ ਫਿਲਮ ਦਾ ਤਜਰਬਾ ਕਿਸ ਤਰ੍ਹਾਂ ਦਾ ਰਿਹਾ?
ਆਪਣੀ ਬੋਲੀ ਨਾਲ ਸਬੰਧਤ ਇਸ ਵਿਸ਼ੇ ’ਤੇ ਮੈਂ ਇਕ ਗੀਤ ਕਰਨਾ ਚਾਹੁੰਦਾ ਸੀ। ਮੇਰੀ ਦਿਲੋਂ ਤਮੰਨਾ ਸੀ ਕਿ ਕੁਝ ਨਾ ਕੁਝ ਮਾਂ ਬੋਲੀ ਲਈ ਲਿਖਿਆ ਜਾਵੇ। ਜਦੋਂ ਨਰੇਸ਼ ਕਥੂਰੀਆ ਤੇ ਰੁਪਾਲੀ ਗੁਪਤਾ ਨੇ ਇਸ ਫਿਲਮ ਦਾ ਜ਼ਿਕਰ ਕੀਤਾ ਤੇ ਫਿਲਮ ਦਾ ਨਾਂ ਮੈਨੂੰ ਦੱਸਿਆ ਤਾਂ ਮੈਂ ਬਹੁਤ ਉਤਸ਼ਾਹਿਤ ਹੋਇਆ ਕਿਉਂਕਿ ਜੋ ਚੀਜ਼ ਮੈਂ ਗੀਤ ਰਾਹੀਂ ਦਿਖਾਉਣਾ ਚਾਹੁੰਦਾ ਸੀ, ਉਹ ਮੈਨੂੰ ਇੰਨੀ ਵੱਡੀ ਫਿਲਮ ’ਚ ਦਿਖਾਉਣ ਦਾ ਮੌਕਾ ਮਿਲਿਆ। ਮੈਂ ਆਪਣੀ ਖੁਸ਼ਕਿਸਮਤੀ ਵੀ ਸਮਝਦਾ ਹਾਂ ਕਿ ਇੰਨੇ ਖੂਬਸੂਰਤ ਵਿਸ਼ੇ ’ਤੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਐਂਟਰਟੇਨਮੈਂਟ ਦੇ ਨਾਲ-ਨਾਲ ਕੋਈ ਨਵਾਂ ਮੁੱਦਾ ਵੀ ਲੋਕਾਂ ਸਾਹਮਣੇ ਰੱਖਿਆ ਜਾਵੇ।

ਕੀ ਤੁਹਾਨੂੰ ਲੱਗਦਾ ਹੈ ਕਿ ਬੱਚੇ ਪੰਜਾਬੀ ਭਾਸ਼ਾ ਤੋਂ ਦੂਰ ਹੋ ਰਹੇ ਹਨ?
ਮਾਤਾ-ਪਿਤਾ ਹਮੇਸ਼ਾ ਆਪਣੇ ਬੱਚੇ ਦੇ ਚੰਗੇ ਭਵਿੱਖ ਲਈ ਕੰਮ ਕਰਦੇ ਹਨ। ਜੇਕਰ ਅਸੀਂ ਉੱਚ ਪੱਧਰੀ ਸਿੱਖਿਆ ਹਾਸਲ ਕਰਨੀ ਹੈ ਤਾਂ ਸਾਨੂੰ ਅੰਗਰੇਜ਼ੀ ਆਉਣੀ ਜ਼ਰੂਰੀ ਹੈ। ਅੰਗਰੇਜ਼ੀ ਭਾਸ਼ਾ ਸਿੱਖਣੀ ਜ਼ਰੂਰ ਚਾਹੀਦੀ ਹੈ ਪਰ ਨਾਲ-ਨਾਲ ਆਪਣੀ ਮਾਂ ਬੋਲੀ ਪੰਜਾਬੀ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਪੰਜਾਬੀ ਭਾਸ਼ਾ ਤੋਂ ਬੱਚਿਆਂ ਨੂੰ ਵੀ ਦੂਰ ਨਹੀਂ ਕਰਨਾ ਚਾਹੀਦਾ ਤੇ ਇਹ ਗੱਲ ਅੱਜ ਦੇ ਸਮੇਂ ’ਚ ਆਮ ਦੇਖਣ ਨੂੰ ਮਿਲਦੀ ਹੈ ਕਿ ਬੱਚਿਆਂ ਨੂੰ ਪੰਜਾਬੀ ਛੱਡ ਕੇ ਅੰਗਰੇਜ਼ੀ ਸਿਖਾਈ ਜਾਂਦੀ ਹੈ।

ਤੁਸੀਂ ਮੰਨਦੇ ਹੋ ਕਿ ਸਕੂਲਾਂ ’ਚ ਪੰਜਾਬੀ ਭਾਸ਼ਾ ਲਾਜ਼ਮੀ ਕਰਨੀ ਚਾਹੀਦੀ ਹੈ?
ਪੰਜਾਬੀ ਭਾਸ਼ਾ ਸਕੂਲਾਂ ’ਚ ਲਾਜ਼ਮੀ ਹੋਣੀ ਚਾਹੀਦੀ ਹੈ। ਕਈ ਸਕੂਲਾਂ ਨੇ ਆਪਸ਼ਨਲ ਭਾਸ਼ਾ ਪੰਜਾਬੀ ਰੱਖੀ ਹੈ ਪਰ ਕਈ ਮਾਪੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਹੀਂ ਰੱਖਣ ਦਿੰਦੇ ਕਿਉਂਕਿ ਮਾਤਾ-ਪਿਤਾ ਹੀ ਨਹੀਂ ਚਾਹੁੰਦੇ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣ। ਇਸ ’ਚ ਸਕੂਲਾਂ ਦੀ ਵੀ ਕੋਈ ਗਲਤੀ ਨਹੀਂ ਹੈ। ਸਭ ਨੂੰ ਮਿਲ ਕੇ ਇਹ ਦੇਖਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਲਾਜ਼ਮੀ ਕਰੀਏ ਕਿਉਂਕਿ ਬੱਚੇ ਤਾਂ ਮਾਸੂਮ ਹਨ, ਉਨ੍ਹਾਂ ਨੂੰ ਨਹੀਂ ਪਤਾ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਇਹ ਮਾਤਾ-ਪਿਤਾ ਹੀ ਦੱਸ ਸਕਦੇ ਹਨ। ਜੇਕਰ ਆਪਣੀ ਜ਼ੁਬਾਨ ਨਾਲ ਜੁੜੇ ਰਹਾਂਗੇ ਤਾਂ ਹੀ ਸਾਨੂੰ ਕੋਈ ਪੰਜਾਬੀ ਕਹੇਗਾ।

ਸ਼ਿਤਿਜ ਚੌਧਰੀ ਨਾਲ ਫਿਲਮ ਦਾ ਤਜਰਬਾ ਕਿਸ ਤਰ੍ਹਾਂ ਰਿਹਾ?
ਸ਼ਿਤਿਜ ਚੌਧਰੀ ਇਕ ਠੰਡੇ ਤੇ ਸ਼ਾਂਤ ਦਿਮਾਗ ਵਾਲੇ ਡਾਇਰੈਕਟਰ ਹਨ। ਉਨ੍ਹਾਂ ਨਾਲ ਕੰਮ ਕਰਨ ਦਾ ਤਜਰਬਾ ਬਹੁਤ ਵਧੀਆ ਰਿਹਾ। ਆਪਣੇ ਨਜ਼ਰੀਏ ਦੇ ਉਹ ਕਾਫੀ ਪੱਕੇ ਹਨ। ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਮੈਂ ਕੀ ਕਰਨਾ ਹੈ ਤੇ ਇਸ ਚੀਜ਼ ਨੂੰ ਲੈ ਕੇ ਉਹ ਫੋਕਸ ਹੁੰਦੇ ਹਨ। ਟੈਂਸ਼ਨ ਨਾ ਕਿਸੇ ਨੂੰ ਦਿੰਦੇ ਹਨ ਨਾ ਲੈਂਦੇ ਹਨ। ਆਪਣੇ ਕੰਮ ਲਈ ਵੀ ਉਹ ਵਧੀਆ ਹਨ ਤੇ ਸੁਭਾਅ ਦੇ ਵੀ ਨਰਮ ਹਨ।
‘ਸਭ ਤੋਂ ਪਹਿਲਾਂ ਫਿਲਮ ਦਾ ਨਾਂ ‘ਊੜਾ ਆੜਾ’ ਕਰਕੇ ਅਸੀਂ ਫਿਲਮ ਦੇਖਣੀ ਹੈ। ਇਹ ਆਪਣੀ ਜ਼ੁਬਾਨ ’ਤੇ ਬਣੀ ਫਿਲਮ ਹੈ। ਮੈਨੂੰ ਲੱਗਦਾ ਕਿ ਇਹ ਪਹਿਲੀ ਪੰਜਾਬੀ ਫਿਲਮ ਹੈ, ਜਿਸ ’ਚ ਸਾਰੀ ਗੱਲ ਆਪਣੀ ਭਾਸ਼ਾ ਨਾਲ ਸਬੰਧਤ ਕੀਤੀ ਗਈ ਹੈ। ਤੁਹਾਨੂੰ ਹਸਾ-ਹਸਾ ਕੇ ਇਕ ਸੁਨੇਹਾ ਦੇਵਾਂਗੇ, ਜੋ ਦਰਸ਼ਕ ਪਸੰਦ ਕਰਨਗੇ।’—ਤਰਸੇਮ ਜੱਸੜ

ਨੀਰੂ ਬਾਜਵਾ
ਫਿਲਮਾਂ ਰਾਹੀਂ ਚੰਗਾ ਮੈਸੇਜ ਦਰਸ਼ਕਾਂ ਨੂੰ ਦੇਣ ਦੀ ਕੋਸ਼ਿਸ਼ ਵੱਧ ਰਹੀ ਹੈ। ਇਸ ਬਾਰੇ ਤੁਸੀਂ ਕੀ ਕਹੋਗੇ?

ਮੈਨੂੰ ਲੱਗਦਾ ਹੈ ਕਿ ਵਧੀਆ ਫਿਲਮਾਂ ਲਿਖੀਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਕੰਸੈਪਟ ਮਜ਼ਬੂਤ ਹੁੰਦੇ ਹਨ। ਫਾਰਮੂਲਾ ਫਿਲਮਜ਼ ਦੇ ਨਾਲ ਦਰਸ਼ਕ ਵੀ ਚਾਹੁੰਦੇ ਹਨ ਕਿ ਕੁਝ ਵੱਖਰਾ ਉਨ੍ਹਾਂ ਨੂੰ ਦੇਖਣ ਨੂੰ ਮਿਲੇ। ਉਹ ਵੀ ਚਾਹੁੰਦੇ ਹਨ ਕਿ ਫਿਲਮਾਂ ’ਚ ਉਨ੍ਹਾਂ ਨੂੰ ਕੰਟੈਂਟ ਦੇਖਣ ਨੂੰ ਮਿਲੇ। ਮੇਰੀ ਪਿਛਲੀ ਫਿਲਮ ਵੀ ਇਕ ਮੈਸੇਜ ਦੇ ਕੇ ਗਈ ਸੀ ਤੇ ਇਸ ਵਾਰ ਵੀ ਦਰਸ਼ਕਾਂ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

ਫਿਲਮ ’ਚ ਕਿਹੜਾ ਕਿਰਦਾਰ ਨਿਭਾਅ ਰਹੇ ਹੋ?
ਮੈਂ ਫਿਲਮ ’ਚ ਮਨਜੀਤ ਨਾਂ ਦੀ ਇਕ ਮਾਂ ਦਾ ਕਿਰਦਾਰ ਨਿਭਾਅ ਰਹੀ ਹਾਂ। ਜਿਵੇਂ ਸਾਰੀਆਂ ਮਾਵਾਂ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਬੱਚਾ ਵਧੀਆ ਸਕੂਲ ’ਚ ਪੜ੍ਹੇ ਤੇ ਆਪਣੇ ਬੱਚਿਆਂ ਲਈ ਬਿਹਤਰ ਕਰਨ, ਉਹੀ ਮੈਂ ਫਿਲਮ ’ਚ ਕਰਨ ਤੇ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਨੂੰ ਚੰਗੀ ਐਜੂਕੇਸ਼ਨ ਮਿਲੇ ਤੇ ਕੱਲ ਨੂੰ ਪੜ੍ਹ-ਲਿਖ ਕੇ ਉਨ੍ਹਾਂ ਦਾ ਬੱਚਾ ਵੱਡਾ ਅਫਸਰ ਬਣੇ। ਮਨਜੀਤ ਪੰਜਾਬੀ ਨੂੰ ਨੀਵਾਂ ਨਹੀਂ ਸਮਝਦੀ ਪਰ ਉਹ ਚਾਹੁੰਦੀ ਹੈ ਕਿ ਕੱਲ ਨੂੰ ਉਸ ਦਾ ਬੱਚਾ ਵੱਡਾ ਅਫਸਰ ਬਣ ਸਕੇ, ਜਿਸ ਲਈ ਅੰਗਰੇਜ਼ੀ ਸਿੱਖਣੀ ਜ਼ਰੂਰੀ ਹੈ।

ਕੀ ਤੁਸੀਂ ਆਪਣੀ ਬੇਟੀ ਅਨਾਇਆ ਨੂੰ ਪੰਜਾਬੀ ਸਿਖਾਉਂਦੇ ਹੋ?
ਜੀ ਹਾਂ, ਮੈਂ ਆਪਣੀ ਬੇਟੀ ਅਨਾਇਆ ਨੂੰ ਪੰਜਾਬੀ ਸਿਖਾਉਂਦੀ ਹਾਂ। ਬਾਹਰ ਅਸੀਂ ਪੰਜਾਬੀ ਸਿਖਾਉਣ ਲਈ ਟੀਚਰ ਵੀ ਰੱਖਿਆ ਸੀ। ਘਰ ਵੀ ਅਸੀਂ ਪੰਜਾਬੀ ’ਚ ਹੀ ਗੱਲ ਕਰਦੇ ਹਾਂ ਤੇ ਅਨਾਇਆ ਪੰਜਾਬੀ ਗੀਤ ਵੀ ਸੁਣਦੀ ਹੈ ਤੇ ਫਿਲਮਾਂ ਵੀ ਦੇਖਦੀ ਹੈ।

ਕੀ ਪੰਜਾਬੀ ਭਾਸ਼ਾ ਲਾਜ਼ਮੀ ਹੋਣੀ ਚਾਹੀਦੀ ਹੈ?
ਕੈਨੇਡਾ ’ਚ ਜਿਵੇਂ ਫਰੈਂਚ ਲਾਜ਼ਮੀ ਰੱਖੀ ਜਾਂਦੀ ਹੈ ਤੇ ਪੰਜਾਬੀ ਵੀ ਇਕ ਆਪਸ਼ਨ ਵਜੋਂ ਆ ਗਈ ਹੈ। ਇਥੇ ਵੀ ਜੇਕਰ ਪੰਜਾਬੀ ਨੂੰ ਲਾਜ਼ਮੀ ਕੀਤਾ ਜਾਂਦਾ ਹੈ ਤਾਂ ਇਸ ’ਚ ਕੁਝ ਗਲਤ ਜਾਂ ਨੈਗੇਟਿਵ ਤਾਂ ਹੋਵੇਗਾ ਨਹੀਂ। ਮੈਂ ਇਹ ਗੱਲ ਦੇਖ ਕੇ ਵੀ ਹੈਰਾਨ ਸੀ ਕਿ ਫਿਲਮ ’ਚ ਜੋ ਬੱਚੇ ਹਨ, ਉਨ੍ਹਾਂ ਨੂੰ ਪੰਜਾਬੀ ਘੱਟ ਆਉਂਦੀ ਸੀ, ਉਥੇ ਦੂਜੇ ਪਾਸੇ ਬਾਹਰਲੇ ਬੱਚੇ ਪੰਜਾਬੀ ਜ਼ਿਆਦਾ ਬੋਲਦੇ ਹਨ।
‘ਟ੍ਰੇਲਰ ਸਾਰਿਆਂ ਨੂੰ ਪਸੰਦ ਆਇਆ ਹੈ। ਮੈਨੂੰ ਉਮੀਦ ਹੈ ਕਿ ਲੋਕ ਆਪਣੇ ਪਰਿਵਾਰ ਨਾਲ ਇਹ ਫਿਲਮ ਦੇਖਣਗੇ। ਮਨੋਰੰਜਨ ਦੇ ਨਾਲ-ਨਾਲ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਸਾਨੂੰ ਉਮੀਦ ਹੈ ਕਿ ਲੋਕ ਪਸੰਦ ਕਰਨਗੇ।’ —ਨੀਰੂ ਬਾਜਵਾ

ਰੁਪਾਲੀ ਗੁਪਤਾ
ਫਿਲਮ ਨੂੰ ਲੈ ਕੇ ਕਿੰਨੇ ਕੁ ਉਤਸ਼ਾਹਿਤ ਹੋ?

ਮੈਨੂੰ ਉਤਸ਼ਾਹ ਬਹੁਤ ਜ਼ਿਆਦਾ ਹੈ। ਜਦੋਂ ਫਿਲਮ ਅਸੀਂ ਸੁਣੀ ਸੀ, ਉਦੋਂ ਵੀ ਅਸੀਂ ਬੇਹੱਦ ਉਤਸ਼ਾਹਿਤ ਸੀ ਤੇ ਹੁਣ ਉਹ ਲੋਕਾਂ ਸਾਹਮਣੇ ਆਉਣ ਵਾਲੀ ਹੈ, ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਹੈ ਕਿ ਜੋ ਅਸੀਂ ਸੋਚਿਆ ਸੀ, ਉਹੀ ਦਰਸ਼ਕ 1 ਫਰਵਰੀ ਨੂੰ ਸਿਨੇਮਾਘਰਾਂ ’ਚ ਦੇਖਣਗੇ।

ਨਰੇਸ਼ ਕਥੂਰੀਆ ਤੇ ਸ਼ਿਤਿਜ ਚੌਧਰੀ ਨਾਲ ਤਜਰਬਾ ਕਿਸ ਤਰ੍ਹਾਂ ਦਾ ਰਹਿੰਦਾ ਹੈ?
ਸਾਡੀਆਂ ਪਹਿਲੀਆਂ ਦੋ ਫਿਲਮਾਂ ਵੀ ਨਰੇਸ਼ ਕਥੂਰੀਆ ਨੇ ਲਿਖੀਆਂ ਸਨ ਤੇ ਡਾਇਰੈਕਟ ਸ਼ਿਤਿਜ ਚੌਧਰੀ ਨੇ ਕੀਤੀਆਂ ਸਨ। ਸਾਡੀ ਤਿੰਨਾਂ ਦੀ ਟੀਮ ਹੈ। ਮੈਂ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਤਿੰਨੇ ਇਕੋ ਤਰ੍ਹਾਂ ਸੋਚਦੇ ਹਾਂ। ਨਰੇਸ਼ ਜੀ ਇਸ ਵਾਰ ਫਿਲਮ ’ਚ ਨਹੀਂ ਹਨ ਕਿਉਂਕਿ ਉਨ੍ਹਾਂ ਮੁਤਾਬਕ ਕੋਈ ਰੋਲ ਨਹੀਂ ਨਿਕਲਿਆ। ਉਹ ਲਿਖਣ ਦੇ ਨਾਲ-ਨਾਲ ਅਦਾਕਾਰ ਵੀ ਬਿਹਤਰ ਹਨ। ਸੋ ਇਸ ਵਾਰ ਨਾ ਸਹੀ ਪਰ ਅਗਲੀਆਂ ਫਿਲਮਾਂ ’ਚ ਉਹ ਜ਼ਰੂਰ ਨਜ਼ਰ ਆਉਣਗੇ।

ਫਿਲਮ ਦਾ ਫੇਵਰੇਟ ਪਾਰਟ ਕੀ ਹੈ?
ਫਿਲਮ ਪੂਰੀ ਦੀ ਪੂਰੀ ਹੀ ਮੇਰੇ ਲਈ ਖਾਸ ਹੈ ਪਰ ਜੇ ਮੈਂ ਇਕ ਖਾਸ ਸੀਨ ਦੀ ਗੱਲ ਕਰਾਂ ਤਾਂ ਉਹ ਕਲਾਈਮੈਕਸ ਹੈ। ਜਦੋਂ ਅਸੀਂ ਕਲਾਈਮੈਕਸ ਸ਼ੂਟ ਵੀ ਕਰ ਰਹੇ ਸੀ ਤਾਂ ਸਾਡੇ ਲੂੰ ਕੰਢੇ ਖੜ੍ਹੇ ਹੋ ਰਹੇ ਸਨ ਤੇ ਸਾਰਿਆਂ ਨੇ ਆਪਣੇ ਬੱਚੇ ਕਲਾਈਮੈਕਸ ਸ਼ੂਟ ਕਰਨ ਤੋਂ ਬਾਅਦ ਪੰਜਾਬੀ ਸਿੱਖਣ ਲਾ ਦਿੱਤੇ।

ਤੁਹਾਨੂੰ ਲੱਗਦਾ ਹੈ ਕਿ ਪੰਜਾਬੀ ਭਾਸ਼ਾ ਕਿਤੇ ਨਾ ਕਿਤੇ ਪੱਛੜ ਰਹੀ ਹੈ?
ਪੰਜਾਬੀ ਭਾਸ਼ਾ ਪੱਛੜ ਤਾਂ ਬਿਲਕੁੱਲ ਰਹੀ ਹੈ। ਜਦੋਂ ਗਾਣੇ ਸੁਣਨ ਜਾਂ ਫਿਰ ਫਿਲਮਾਂ ਦੇਖਣ ਦੀ ਵਾਰੀ ਆਉਂਦੀ ਹੈ ਤਾਂ ਅਸੀਂ ਪੰਜਾਬੀ ਗੀਤ ਸੁਣਦੇ ਹਾਂ, ਪੰਜਾਬੀ ਗੀਤ ਗਾਉਂਦੇ ਹਾਂ ਤੇ ਫਿਲਮਾਂ ਵੀ ਪੰਜਾਬੀ ਦੇਖਦੇ ਹਾਂ ਪਰ ਜਦੋਂ ਬੱਚਿਆਂ ਨੂੰ ਪੜ੍ਹਾਉਣ ਦੀ ਵਾਰੀ ਆਉਂਦੀ ਹੈ ਤਾਂ ਉਦੋਂ ਸਾਡੀ ਪੰਜਾਬੀਅਤ ਕਿਥੇ ਚਲੀ ਜਾਂਦੀ ਹੈ, ਮੈਨੂੰ ਸਮਝ ਨਹੀਂ ਆਉਂਦੀ।


Tags: Uda Aida Tarsem Jassar Neeru Bajwa Rrupaali Gupta Deepak Gupta Ksshitij Chaudhary Naresh Kathooria

Edited By

Sunita

Sunita is News Editor at Jagbani.