ਜਲੰਧਰ (ਬਿਊਰੋ)— ਪੰਜਾਬੀ ਫਿਲਮ ਇੰਡਸਟਰੀ ਉੱਚੀ ਉਡਾਣ ਭਰ ਰਹੀ ਹੈ ਕਿਉਂਕਿ ਅੱਜਕਲ ਨਿਰਦੇਸ਼ਕ ਕਹਾਣੀਆਂ ਦੇ ਨਾਲ ਪ੍ਰਯੋਗ ਕਰ ਰਹੇ ਹਨ ਤੇ ਅਦਾਕਾਰ ਵੀ ਅਜਿਹੇ ਕਿਰਦਾਰ ਨਿਭਾਉਣ ਨੂੰ ਉਤਸ਼ਾਹਿਤ ਰਹਿੰਦੇ ਹਨ, ਜੋ ਉਨ੍ਹਾਂ ਨੂੰ ਕੁਝ ਚੁਣੌਤੀਪੂਰਨ ਲੱਗਣ। ਦਰਸ਼ਕ ਵੀ ਅਜਿਹੀਆਂ ਫਿਲਮਾਂ ਦਾ ਸੁਆਗਤ ਖੁੱਲ੍ਹੀਆਂ ਬਾਹਾਂ ਨਾਲ ਕਰ ਰਹੇ ਹਨ ਤੇ ਤਾਜ਼ਗੀ ਭਰੇ ਅਜਿਹੇ ਕੰਸੈਪਟਾਂ ਦਾ ਭਰਪੂਰ ਮਜ਼ਾ ਲੈ ਰਹੇ ਹਨ। ਅਜਿਹੀ ਹੀ ਇਕ ਫਿਲਮ ਹੈ 'ਉੜਾ ਆੜਾ'। ਫਿਲਮ ਦਾ ਟਰੇਲਰ ਪਹਿਲਾਂ ਹੀ ਲੋਕਾਂ ਦੇ ਦਿਲਾਂ ਨੂੰ ਜਿੱਤ ਰਿਹਾ ਹੈ ਤੇ ਹੁਣ ਇਸ ਦੇ ਟਾਈਟਲ ਟਰੈਕ ਨੇ ਉਤਸ਼ਾਹ ਹੋਰ ਵੀ ਵੱਧ ਗਿਆ ਹੈ।
ਟਾਈਟਲ ਟਰੈਕ 'ਉੜਾ ਆੜਾ' ਦੇ ਗਾਇਕ ਤਰਸੇਮ ਜੱਸੜ ਹਨ, ਜੋ ਫਿਲਮ 'ਚ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਗੀਤ ਦੇ ਬੋਲ ਖੁਦ ਤਰਸੇਮ ਜੱਸੜ ਨੇ ਲਿਖੇ ਹਨ ਤੇ ਇਸ ਦਾ ਸੰਗੀਤ ਆਰ. ਗੁਰੂ ਨੇ ਦਿੱਤਾ ਹੈ। ਇਹ ਗੀਤ ਵਿਹਲੀ ਜਨਤਾ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। 'ਉੜਾ ਆੜਾ' 'ਚ ਤਰਸੇਮ ਜੱਸੜ ਦੇ ਨਾਲ ਨਜ਼ਰ ਪੰਜਾਬੀ ਫਿਲਮਾਂ ਦੀ ਬਿਹਤਰੀਨ ਅਦਾਕਾਰਾ ਨੀਰੂ ਬਾਜਵਾ ਨਜ਼ਰ ਆਵੇਗੀ। ਇਸ ਫਿਲਮ ਦੇ ਨਿਰਦੇਸ਼ਕ ਸ਼ਿਤਿਜ ਚੌਧਰੀ ਹਨ ਤੇ ਇਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਇਸ ਦੀ ਸਕ੍ਰਿਪਟ ਨਰੇਸ਼ ਕਥੂਰੀਆ ਤੇ ਸੁਰਮੀਤ ਮਾਵੀ ਨੇ ਲਿਖੀ ਹੈ। ਇਸ ਫਿਲਮ ਦਾ ਨਿਰਮਾਣ ਰੁਪਾਲੀ ਗੁਪਤਾ ਤੇ ਦੀਪਕ ਗੁਪਤਾ ਨੇ ਫ੍ਰਾਈਡੇ ਰਸ਼ ਮੋਸ਼ਨ ਪਿਕਚਰਜ਼ ਬੈਨਰ ਦੇ ਅਧੀਨ ਕੀਤਾ ਹੈ ਤੇ ਸ਼ਿਤਿਜ ਚੌਧਰੀ ਫਿਲਮਜ਼, ਨਰੇਸ਼ ਕਥੂਰੀਆ ਫਿਲਮਜ਼ ਇਸ ਦੇ ਸਹਿ-ਨਿਰਮਾਤਾ ਹਨ। ਦੁਨੀਆ ਭਰ 'ਚ ਇਹ ਫਿਲਮ 1 ਫਰਵਰੀ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।