ਜਲੰਧਰ (ਬਿਊਰੋ) — ਪੰਜਾਬੀ ਫਿਲਮ 'ਉੜਾ ਆੜਾ' 1 ਫਰਵਰੀ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਲਈ ਤਿਆਰ ਹੈ। ਦੱਸ ਦਈਏ ਕਿ ਨੀਰੂ ਬਾਜਵਾ ਤੇ ਤਰਸੇਮ ਜੱਸੜ ਦੀ 'ਉੜਾ ਆੜਾ' ਸਿੱਖਿਆ ਪ੍ਰਣਾਲੀ ਨੂੰ ਪੇਸ਼ ਕਰਦੀ ਹੈ, ਜਿਸ 'ਚ ਅੱਜ ਦੇ ਆਧੁਨਿਕ ਸਮਾਜ 'ਚ ਮਾਪੇ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ 'ਚ ਪੜ੍ਹਾਉਣ ਦੀ ਹੋੜ 'ਚ ਲੱਗੇ ਹੋਏ ਹਨ, ਜਿਸ ਕਾਰਨ ਬੱਚੇ ਆਪਣੀ ਮਾਤ ਭਾਸ਼ਾ ਨਾਲ-ਨਾਲ ਆਪਣੇ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਨ। ਬੀਤੇ ਕੁਝ ਦਿਨ ਪਹਿਲਾਂ ਇਸ ਫਿਲਮ ਦਾ ਗੀਤ 'ਮੇਰੇ ਫਿਕਰ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਨੀਰੂ ਬਾਜਵਾ ਤੇ ਤਰਸੇਮ ਜੱਸੜ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਵੇਹਲੀ ਜਨਤਾ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। 'ਮੇਰੇ ਫਿਕਰ' ਗੀਤ ਨੂੰ ਪ੍ਰਭ ਗਿੱਲ ਨੇ ਆਪਣੀ ਮਿੱਠ ਬੋਲੜੀ ਆਵਾਜ਼ ਨਾਲ ਸ਼ਿੰਗਾਰਿਆ ਹੈ ਅਤੇ ਗੀਤ ਦੇ ਬੋਲ ਵਿੰਦਰ ਨੱਥੂਮਾਜਰਾ ਵਲੋਂ ਲਿਖੇ ਗਏ ਹਨ, ਜਿਸ ਨੂੰ ਮਿਊਜ਼ਿਕ ਗੁਰਚਰਨ ਸਿੰਘ ਨੇ ਦਿੱਤਾ ਹੈ। ਗੀਤ ਦੀ ਖਾਸ ਗੱਲ ਇਹ ਹੈ ਕਿ ਗੀਤ ਰਿਲੀਜ਼ ਹੁੰਦਿਆਂ ਹੀ ਟਰੈਂਡਿੰਗ 'ਚ ਛਾਇਆ ਹੋਇਆ ਸੀ।
ਦੱਸਣਯੋਗ ਹੈ ਕਿ ਫਿਲਮ ਦੇ ਟਰੇਲਰ ਤੇ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ 'ਚ ਨੀਰੂ ਬਾਜਵਾ ਅਤੇ ਤਰਸੇਮ ਜੱਸੜ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ ਰਹੀ ਹੈ। ਇਹ ਫਿਲਮ ਇਕ ਸਵਾਲ ਉਠਾਉਂਦੀ ਹੈ ਕਿ ਕਿਵੇਂ ਅੱਜ ਦੇ ਆਧੁਨਿਕ ਸਮਾਜ 'ਚ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ 'ਚ ਪੜ੍ਹਾਉਣ ਦੀ ਦੌੜ 'ਚ ਲੱਗੇ ਹਨ, ਜਿਸ ਕਾਰਨ ਬੱਚੇ ਆਪਣੀਆਂ ਜੜ੍ਹਾਂ ਨੂੰ ਸਮਝਣ ਤੋਂ ਅਸਮਰੱਥ ਹਨ। 'ਉੜਾ ਆੜਾ' ਦੀ ਕਹਾਣੀ ਸਾਡੀ ਜ਼ਿੰਦਗੀ 'ਚ ਹਰ ਭਾਸ਼ਾ ਦੀ ਮਹੱਤਤਾ ਨੂੰ ਵੀ ਉਜਾਗਰ ਕਰਦੀ ਹੈ। ਇਹ ਫਿਲਮ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤੀ ਹੈ ਅਤੇ ਨਰੇਸ਼ ਕਥੂਰੀਆ ਨੇ ਇਸ ਦੀ ਕਹਾਣੀ ਲਿਖੀ ਹੈ। ਫਿਲਮ 'ਚ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ ਤੇ ਹੋਰ ਕਈ ਵੱਡੇ ਚਿਹਰੇ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।