FacebookTwitterg+Mail

ਲਘੂ ਫਿਲਮ 'ਉਮਰਾਂ ਦੀ ਸਾਂਝ' 'ਚ ਰਿਸ਼ਤਿਆਂ ਦਾ ਸੁਖ਼ਨ ਸੁਨੇਹਾ : ਅਮਰੀਕ ਟੁਰਨਾ

umran di saanjh
29 November, 2017 11:08:33 PM

ਜਲੰਧਰ (ਬਿਊਰੋ)— ਜਿਸ ਉਂਗਲੀ ਨੂੰ ਫੜ ਅਸੀਂ ਤੁਰਨਾ ਸਿਖਦੇ ਹਾਂ, ਉਸ ਉਂਗਲੀ ਨੂੰ ਉਸ ਦੇ ਬੁਢਾਪੇ 'ਚ ਫੜਨ ਤੋਂ ਇਸ ਸਮਾਜ 'ਚ ਕੁਝ ਬੰਦੇ ਕਿਉਂ ਮੁਨਕਰ ਹੋ ਰਹੇ ਹਨ? ਇਹ ਸਵਾਲ ਹੋਰ ਗੰਭੀਰ ਹੁੰਦਾ ਹੈ, ਜਦੋਂ ਅਸੀਂ ਬੁਢਾਪਾ ਆਸ਼ਰਮਾਂ ਨੂੰ ਦੇਖਦੇ ਹਾਂ। ਐੱਮ. ਐੱਨ. ਪ੍ਰੋਡਕਸ਼ਨਜ਼ ਤੇ ਆਦਿੱਤਿਆ ਐੱਸ. ਆਰ. ਫਿਲਮਜ਼ ਦੀ ਨਵੀਂ ਲਘੂ ਫਿਲਮ ਔਲਾਦ ਤੇ ਮਾਪਿਆਂ ਦੀ ਇਸੇ ਸਾਂਝ ਦੀ ਕਹਾਣੀ ਹੈ। ਫਿਲਮ 'ਉਮਰਾਂ ਦੀ ਸਾਂਝ' 2 ਦਸੰਬਰ ਨੂੰ ਯੂਟਿਊਬ 'ਤੇ ਪਰਦਾਪੇਸ਼ ਹੋ ਰਹੀ ਹੈ। ਇਹ ਫਿਲਮ ਪਿਓ-ਪੁੱਤ ਵਿਚਲੇ ਪਿਆਰ ਦੀ ਖੂਬਸੂਰਤ ਤੰਦ ਨੂੰ ਬਿਆਨਦੀ ਹੈ। ਨਿਰਮਾਤਾ ਵਿਸ਼ਾਲਦੀਪ ਨਾਗਰਾ, ਅਜੈ ਰਾਣਾ ਦੀ ਫਿਲਮ ਨੂੰ ਰਾਣਾ ਰੰਗੀ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਫਿਲਮ ਦੀ ਕਹਾਣੀ ਤ੍ਰਿਪਤਾ ਬਰਮੋਤਾ 'ਤੇ ਆਧਾਰਿਤ ਹੈ।
ਫਿਲਮ ਦੀ ਸੰਪਾਦਨਾ ਸਿਕੰਦਰ ਸਿੰਘ, ਸਿਨੇਮੈਟੋਗ੍ਰਾਫੀ ਲਾਲੀ ਗਿੱਲ ਤੇ ਸੰਗੀਤ ਪਲਵਿੰਦਰ ਬਬਲੂ ਦਾ ਹੈ। 'ਉਮਰਾਂ ਦੀ ਸਾਂਝ' ਫਿਲਮ ਸੁਖਪਾਲ ਸਿੰਘ, ਰਾਣਾ ਰੰਗੀ ਤੇ ਜੱਗੀ ਸਿੰਘ ਦੀ ਅਦਾਕਾਰੀ ਨਾਲ ਸਜੀ ਦਰਸ਼ਕਾਂ ਨੂੰ ਚੰਗੇ ਸਮਾਜਿਕ ਸੰਦੇਸ਼ ਨਾਲ ਛੱਡ ਕੇ ਜਾਵੇਗੀ। ਇਸ ਫਿਲਮ ਦੇ ਕਾਰਜਕਾਰੀ ਨਿਰਮਾਤਾ ਰਮਨਪ੍ਰੀਤ ਨਾਗਰਾ ਹਨ ਤੇ ਹਰਭਜਨ ਸਿੰਘ (ਗਲੋਬਲ ਪੰਜਾਬ ਟੀ. ਵੀ.,ਯੂ. ਐੱਸ. ਏ.) ਦਾ ਖਾਸ ਸਹਿਯੋਗ ਰਿਹਾ ਹੈ।
Punjabi Bollywood Tadka
ਇਹ ਫਿਲਮ ਸਾਨੂੰ ਦੱਸਦੀ ਹੈ ਕਿ ਮਾਪਿਆਂ ਦੀ ਸੇਵਾ ਕਰਨ ਲੱਗਾ ਸਾਨੂੰ ਆਪਣੇ ਬਚਪਨ ਦੌਰਾਨ ਉਨ੍ਹਾਂ ਵਲੋਂ ਕੀਤੀ ਦੇਖਭਾਲ ਤੇ ਉਨ੍ਹਾਂ ਦਾ ਸਾਨੂੰ ਵੱਡਿਆਂ ਕਰਨ 'ਚ ਕੀਤੀ ਘਾਲਣਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਮਾਪਿਆਂ ਦੀ ਦਿਲੋਂ ਕੀਤੀ ਸੇਵਾ ਹੀ ਸਾਡੀ ਜ਼ਿੰਦਗੀ ਦੀ ਅਸਲ ਬੰਦਗੀ ਹੈ ਤੇ ਇਸੇ ਨਾਲ ਹੀ ਸਾਡੇ ਮਨ ਦੀ ਅਸਲ ਸੰਤੁਸ਼ਟੀ ਹੈ। ਫਿਲਮ ਆਪਣੇ ਬਿਹਤਰੀਨ ਸੁਨੇਹੇ ਨਾਲ ਆਪਣੀ ਛਾਪ ਛੱਡਦੀ ਹੈ ਕਿ ਜੇ ਅਸੀਂ ਮਾਪਿਆਂ ਦੀ ਸੇਵਾ ਕਰਨ ਦੌਰਾਨ ਕਿਸੇ ਤਰ੍ਹਾਂ ਦੀ ਸ਼ਰਮਿੰਦਗੀ ਮਹਿਸੂਸ ਨਾ ਕਰਦਿਆਂ ਉਨ੍ਹਾਂ ਨੂੰ ਖੁਸ਼ ਰੱਖੀਏ ਤਾਂ ਉਨ੍ਹਾਂ ਦੇ ਅਹਿਸਾਸ 'ਚ ਸਾਡੇ ਲਈ ਦਿਲੋਂ ਪਿਆਰ ਤੇ ਦੁਆਵਾਂ ਸ਼ਾਮਲ ਰਹਿੰਦੀਆਂ ਹਨ।
ਇਸ ਸਾਂਝ ਨੂੰ ਜੇ ਸਮਝਿਆ ਜਾਵੇ ਤਾਂ ਸਮਾਜ 'ਚ ਇਕ ਬਿਹਤਰ ਉਮੀਦ ਫੈਲਦੀ ਹੈ। ਪੰਜਾਬੀ ਸਿਨੇਮਾ ਅੰਦਰ ਅਜਿਹੀਆਂ ਛੋਟੀਆਂ ਫਿਲਮਾਂ ਦਾ ਰੁਝਾਣ ਸਿਨੇਮਾ ਨੂੰ ਬਿਹਤਰ ਕਰ ਰਿਹਾ ਹੈ। ਇੰਝ ਆਲੇ-ਦੁਆਲੇ ਫੈਲੀਆਂ ਕਿੰਨੀਆਂ ਹੀ ਨਿੱਕੀਆਂ ਕਹਾਣੀਆਂ ਨੂੰ ਥਾਂ ਮਿਲ ਰਹੀ ਹੈ ਤੇ ਸਿਨੇਮਾ ਆਪਣੀ ਕਲਾ ਰਾਹੀਂ ਪੰਜਾਬ ਦੇ ਬਹੁਤ ਸਾਰੇ ਵਿਸ਼ਿਆਂ ਨੂੰ ਚਰਚਾ 'ਚ ਲਿਆ ਰਿਹਾ ਹੈ। ਛੋਟੀਆਂ ਫਿਲਮਾਂ ਦੇ ਅਜਿਹੇ ਸੰਸਾਰ ਨੂੰ ਭਰਵਾਂ ਹੁੰਗਾਰਾ ਮਿਲਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੀ ਵਿੱਤੀ ਪਹੁੰਚ ਕਾਫੀ ਹੱਦਬੰਦੀ 'ਚ ਹੁੰਦੀ ਹੈ।


Tags: Umran Di Saanjh Rana Rangi Sukhpal Singh Jaggi Singh Short Film