FacebookTwitterg+Mail

UK ’ਚ ਹੋਇਆ ਸਤਿੰਦਰ ਸਰਤਾਜ ਦੀ ਫ਼ਿਲਮ ‘ਇੱਕੋ ਮਿੱਕੇ’ ਦਾ ਪ੍ਰੀਮੀਅਰ

upcoming movie ikko mikke
10 March, 2020 09:06:48 AM

ਚੰਡੀਗੜ੍ਹ (ਜ.ਬ.) - 13 ਮਾਰਚ ਸ਼ੁੱਕਰਵਾਰ ਨੂੰ ਭਾਰਤ ’ਚ ਰਿਲੀਜ਼ ਹੋ ਰਹੀ ਸਤਿੰਦਰ ਸਰਤਾਜ ਦੀ ਪਹਿਲੀ ਪੰਜਾਬੀ ਫ਼ਿਲਮ ‘ਇੱਕੋ ਮਿੱਕੇ’ ਦਾ ਯੂ. ਕੇ. ਵਿਚ ਸ਼ਾਨਦਾਰ ਪ੍ਰੀਮੀਅਰ ਹੋਇਆ। ਇਸ ਪ੍ਰੀਮੀਅਰ ਤੋਂ ਬਾਅਦ ਦਰਸ਼ਕਾਂ ਨੇ ਇਸ ਫ਼ਿਲਮ ਪ੍ਰਤੀ ਜੋ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ, ਉਹ ਪੰਜਾਬੀ ਸਿਨੇਮਾ ਲਈ ਮਾਣ ਵਾਲੀ ਗੱਲ ਹੈ। ਕਾਬਿਲ-ਏ-ਗੌਰ ਹੈ ਕਿ ਸਤਿੰਦਰ ਸਰਤਾਜ ਦੇ ਨਿੱਜੀ ਬੈਨਰ ‘ਫ਼ਿਰਦੋਸ ਫ਼ਿਲਮਜ਼’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਨੂੰ ਪੰਕਜ ਵਰਮਾ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਸਤਿੰਦਰ ਸਰਤਾਜ ਤੇ ਅਦਿਤੀ ਸ਼ਰਮਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਪ੍ਰਤੀ ਯੂ. ਕੇ. ਦੇ ਦਰਸ਼ਕਾਂ ਨੇ ਕਿਹਾ ਕਿ ਇਹ ਫ਼ਿਲਮ ਇਕ ਪਰਿਵਾਰਕ ਫ਼ਿਲਮ ਹੈ, ਜੋ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਤੋਂ ਜਾਣੂ ਕਰਵਾਉਂਦੀ ਹੈ। ਇਹ ਫ਼ਿਲਮ ਰਿਸ਼ਤਿਆਂ ਦੀ ਗੱਲ ਕਰਦੀ ਹੈ। ਅਜੋਕੇ ਦੌਰ ’ਚ ਦਿਨੋਂ-ਦਿਨ ਰਿਸ਼ਤਿਆਂ ’ਚ ਪੈ ਰਹੀਆਂ ਦੂਰੀਆਂ ਕਾਰਨ ਤੇ ਇਨ੍ਹਾਂ ਨੂੰ ਸਮੇਂ ਸਿਰ ਸੰਭਾਲਣ ਦਾ ਵੱਲ ਸਿਖਾਉਂਦੀ ਹੈ ਇਹ ਫ਼ਿਲਮ। ਦਰਸ਼ਕਾਂ ਮੁਤਾਬਕ ਆਮ ਫ਼ਿਲਮਾਂ ’ਚ ਅਕਸਰ ਪ੍ਰੇਮ ਕਹਾਣੀ ਤੇ ਉਸ ਤੋਂ ਬਾਅਦ ਵਿਆਹ ਦਿਖਾਇਆ ਜਾਂਦਾ ਹੈ ਪਰ ਇਸ ਫ਼ਿਲਮ ’ਚ ਪ੍ਰੇਮ ਤੇ ਫਿਰ ਵਿਆਹ ਤੇ ਵਿਆਹ ਤੋਂ ਬਾਅਦ ਆਉਣ ਵਾਲੀਆਂ ਸਮੱਸਿਆਵਾਂ ਨੂੰ ਦਿਖਾਇਆ ਗਿਆ ਹੈ।

ਇਸ ਫਿਲਮ ’ਚ ਰਿਸ਼ਤਿਆਂ ਦੀ ਤਰਜ਼ਮਾਨੀ ਜਿਸ ਤਰੀਕੇ ਨਾਲ ਕੀਤੀ ਗਈ ਹੈ, ਉਹ ਬੇਹੱਦ ਕਾਬਿਲ-ਏ-ਤਾਰੀਫ਼ ਹੈ। ਯੂ. ਕੇ. ਤੋਂ ਫ਼ਿਲਮ ਨੂੰ ਲੈ ਕੇ ਆਈ ਦਰਸ਼ਕਾਂ ਦੀ ਪ੍ਰਤੀਕਿਰਿਆ ਨੇ ਪੰਜਾਬ ’ਚ ਵੀ ਦਰਸ਼ਕਾਂ ’ਚ ਫ਼ਿਲਮ ਪ੍ਰਤੀ ਬੇਸਬਰੀ ਵਧਾ ਦਿੱਤੀ ਹੈ। ਦਰਸ਼ਕਾਂ ਮੁਤਾਬਕ ਸਤਿੰਦਰ ਸਰਤਾਜ ਤੋਂ ਅਜਿਹੀ ਹੀ ਫ਼ਿਲਮ ਦੀ ਆਸ ਸੀ, ਉਹ ਆਪਣੀ ਗਾਇਕੀ ਵਾਂਗ ਆਪਣੀ ਇਸ ਫਿਲਮ ਨਾਲ ਵੀ ਦਰਸ਼ਕਾਂ ਦੀ ਕਸੌਟੀ ’ਤੇ ਖਰਾ ਉਤਰੇ ਹਨ। ਇਸ ਫ਼ਿਲਮ ਦਾ ਸੰਗੀਤ ਦਰਸ਼ਕਾਂ ਦੇ ਦਿਲਾਂ ਨੂੰ ਟੁੰਭਦਾ ਹੈ। ਦੱਸ ਦੇਈਏ ਕਿ ਸਤਿੰਦਰ ਸਰਤਾਜ ਤੇ ਅਦਿਤੀ ਸ਼ਰਮਾ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਵਿਚ ਸਰਦਾਰ ਸੋਹੀ, ਮਹਾਵੀਰ ਭੁੱਲਰ, ਸ਼ਿਵਾਨੀ ਸੈਣੀ, ਵੰਦਨਾ ਸ਼ਰਮਾ, ਬੇਗੋ ਬਲਵਿੰਦਰ, ਵਿਜੇ ਕੁਮਾਰ, ਨਵਦੀਪ ਕਲੇਰ, ਮਨਿੰਦਰ ਵੈਲੀ, ਰਾਜ ਧਾਲੀਵਾਲ ਤੇ ਉਮੰਗ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ ਹੈ। ਸਰਤਾਜ ਨੇ ਆਪਣੀ ਇਸ ਫਿਲਮ ਜ਼ਰੀਏ ਦੱਸ ਦਿੱਤਾ ਹੈ ਕਿ ਵਿਆਹਾਂ, ਕਾਮੇਡੀ ਵਰਗੀਆਂ ਫ਼ਿਲਮਾਂ ਤੋਂ ਅੱਕ ਚੁੱਕੇ ਦਰਸ਼ਕਾਂ ਲਈ ਉਹ ਕੁਝ ਅਜਿਹਾ ਲੈ ਕੇ ਆਉਣਗੇ ਕਿ ਦਰਸ਼ਕ ਸਾਰਥਕ ਗੀਤਾਂ ਵਾਂਗ ਸਾਰਥਕ ਪੰਜਾਬੀ ਫ਼ਿਲਮਾਂ ਨੂੰ ਵੀ ਢੇਰ ਸਾਰਾ ਪਿਆਰ ਦੇਣਗੇ।

 


Tags: SharmindaSatinder SartaajUpcoming MovieIkko MikkePollywood Khabarਪਾਲੀਵੁੱਡ ਸਮਾਚਾਰ

About The Author

sunita

sunita is content editor at Punjab Kesari