FacebookTwitterg+Mail

14 ਨੂੰ ਰਿਲੀਜ਼ ਹੋਵੇਗੀ ਐਮੀ ਵਿਰਕ ਅਤੇ ਤਾਨੀਆ ਦੀ ਫਿਲਮ 'ਸੁਫਨਾ'

upcoming movie sufna
07 February, 2020 04:17:32 PM

ਮੋਹਾਲੀ (ਨਿਆਮੀਆਂ) - ਨਿਰਮਾਤਾ ਗੁਰਪ੍ਰੀਤ ਸਿੰਘ ਦੀ ਜਗਦੀਪ ਸਿੱਧੂ ਦੇ ਨਿਰਦੇਸ਼ਨ ਹੇਠ ਤਿਆਰ ਹੋਈ ਵੱਡੇ ਬਜਟ ਵਾਲੀ ਪੰਜਾਬੀ ਫਿਲਮ 'ਸੁਫਨਾ' ਵੈਲੇਨਟਾਈਨ ਡੇਅ 'ਤੇ 14 ਫਰਵਰੀ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਇਕ ਵੱਖਰੇ ਵਿਸ਼ੇ ਨੂੰ ਲੈ ਕੇ ਬਣਾਈ ਗਈ ਹੈ ਅਤੇ ਇਸ ਵਿਚ ਉਨ੍ਹਾਂ ਲੋਕਾਂ ਦੀ ਗੱਲ ਕੀਤੀ ਗਈ ਹੈ, ਜਿਨ੍ਹਾਂ ਬਾਰੇ ਫਿਲਮਾਂ 'ਚ ਕਦੇ ਜ਼ਿਕਰ ਨਹੀਂ ਹੁੰਦਾ। ਇਹ ਫਿਲਮ ਆਮ ਲੋਕਾਂ ਦੀ ਜ਼ਿੰਦਗੀ ਬਾਰੇ ਗੱਲ ਕਰਦੀ ਹੈ। ਇਸ ਵਿਚ ਖੇਤਾਂ ਵਿਚ ਕੰਮ ਕਰਨ ਵਾਲੇ, ਘੱਟ ਜ਼ਮੀਨ ਵਾਲੇ ਕਿਸਾਨ ਅਤੇ ਕਰਜ਼ੇ ਦੀ ਮਾਰ ਹੇਠ ਆਏ ਹੋਏ ਲੋਕਾਂ ਦੀ ਦਸ਼ਾ ਬਿਆਨ ਕੀਤੀ ਗਈ ਹੈ।

ਫਿਲਮ ਦੇ ਅਭਿਨੇਤਾ ਐਮੀ ਵਿਰਕ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਫਿਲਮ ਨਰਮਾ ਪੱਟੀ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਬਾਰੇ ਹੈ। ਉਨ੍ਹਾਂ ਦੱਸਿਆ ਕਿ ਇਸ ਫਿਲਮ ਦੀ ਸਾਰੀ ਸ਼ੂਟਿੰਗ ਰਾਜਸਥਾਨ ਵਿਖੇ ਹੋਈ ਹੈ। ਚਾਰੇ ਪਾਸੇ ਚਿੱਟੀਆਂ ਕਪਾਹ ਦੀਆਂ ਖਿੜੀਆਂ ਹੋਈਆਂ ਫੁੱਟੀਆਂ ਨਾਲ ਭਰੇ ਹੋਏ ਖੇਤ ਅਤੇ ਆਮ ਜੀਵਨ ਵਾਲੀਆਂ ਗੱਲਾਂ ਕਰਦੇ ਕਿਸਾਨ ਅਤੇ ਮਜ਼ਦੂਰ। ਉਨ੍ਹਾਂ ਕਿਹਾ ਕਿ ਹੀਰੋ ਕਾਲਜ 'ਚ ਪੜ੍ਹਦਾ ਹੈ ਪਰ ਘਰ ਆ ਕੇ ਉਸ ਨੂੰ ਨਰਮੇ ਦੇ ਖੇਤਾਂ 'ਚ ਵੀ ਕੰਮ ਕਰਨਾ ਪੈਂਦਾ ਹੈ। ਅਜਿਹੀ ਸਖਤ ਮਿਹਨਤ ਅਤੇ ਰੋਮਾਂਟਿਕ ਜੀਵਨ ਬਾਰੇ ਹੈ ਫਿਲਮ ਸੁਪਨਾ। ਉਨ੍ਹਾਂ ਦੱਸਿਆ ਕਿ ਅੱਜ-ਕੱਲ ਤਣਾਅ ਭਰੀ ਜ਼ਿੰਦਗੀ ਵਿਚ ਲੋਕ ਹੱਸਣਾ ਚਾਹੁੰਦੇ ਹਨ। ਲੋਕ ਚਾਹੇ ਅਮੀਰ ਹੋਣ ਜਾਂ ਗਰੀਬ, ਹਰ ਕੋਈ ਮਨੋਰੰਜਨ ਚਾਹੁੰਦਾ ਹੈ। ਭਾਵੇਂ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਮਾਰ-ਧਾੜ ਵਾਲੀਆਂ ਫਿਲਮਾਂ ਹਨ ਪਰ ਸਾਫ ਸੁਥਰੀ ਅਤੇ ਮਨੋਰੰਜਕ ਫਿਲਮ ਹਰ ਵਰਗ ਦੇ ਦਰਸ਼ਕ ਨੂੰ ਆਪਣੇ ਵੱਲ ਖਿਚਦੀ ਹੈ। ਇਹ ਫਿਲਮ ਗਰੀਬ ਪਰਿਵਾਰ ਦੀ ਕੁੜੀ ਦੇ ਪਿਆਰ ਅਤੇ ਬਲੀਦਾਨ ਦੀ ਕਹਾਣੀ ਹੈ। ਐਮੀ ਵਿਰਕ ਨੇ ਦੱਸਿਆ ਕਿ ਇਸ ਫਿਲਮ ਦਾ ਸ਼ੂਟ ਦੋ ਮਹੀਨੇ ਚੱਲਿਆ ਅਤੇ ਫਿਲਮ ਲਈ ਉਸ ਨੇ ਆਪਣਾ ਵਜ਼ਨ ਵੀ ਘਟਾਇਆ ਹੈ। ਉਸ ਨੂੰ ਆਸ ਹੈ ਕਿ ਪਹਿਲੀਆਂ ਫਿਲਮਾਂ ਵਾਂਗ ਦਰਸ਼ਕ 'ਸੁਪਨਾ' ਵਿਚ ਵੀ ਉਸ ਦੀ ਅਦਾਕਾਰੀ ਨੂੰ ਜ਼ਰੂਰ ਪਸੰਦ ਕਰਨਗੇ ਅਤੇ ਇਹ ਫਿਲਮ ਉਸ ਦੇ ਕੈਰੀਅਰ ਲਈ ਮੀਲ ਪੱਥਰ ਸਾਬਤ ਹੋਵੇਗੀ।

ਉਨ੍ਹਾਂ ਖੁੱਲ੍ਹੇ ਮਨ ਨਾਲ ਇਹ ਗੱਲ ਆਖੀ ਕਿ ਅਜੇ ਉਨ੍ਹਾਂ ਨੂੰ ਐਕਟਿੰਗ ਨਹੀਂ ਆਉਂਦੀ ਅਤੇ ਨਾ ਹੀ ਉਹ ਫਿਲਮਾਂ 'ਚ ਐਕਟਿੰਗ ਕਰਦੇ ਹਨ। ਆਮ ਜ਼ਿੰਦਗੀ 'ਚ ਸਹਿਜ ਭਾਵ ਨਾਲ ਜਿਵੇਂ ਵਿਚਰਦੇ ਹਨ ਉਵੇਂ ਹੀ ਉਹ ਫਿਲਮਾਂ 'ਚ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਫਿਲਮ ਦਾ ਫਰੇਮ ਵੱਖਰਾ ਹੈ ਅਤੇ ਖੇਤਾਂ 'ਚ ਖਿੜਿਆ ਨਰਮਾ ਦਰਸ਼ਕਾਂ ਦੀਆਂ ਅੱਖਾਂ ਨੂੰ ਵੱਖਰਾ ਹੀ ਸਕੂਨ ਦੇਵੇਗਾ। ਫਿਲਮ 'ਚ ਪਹਿਲੀ ਵਾਰ ਮੁੱਖ ਰੋਲ 'ਚ ਆ ਰਹੀ ਅਭਿਨੇਤਰੀ ਤਾਨੀਆ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਪੜ੍ਹਦੇ ਸਮੇਂ ਚਾਰ ਸਾਲ ਥੀਏਟਰ ਨਾਲ ਜੁੜੀ ਰਹੀ। ਇਸ ਲਈ ਉਸ ਨੂੰ ਅਭਿਨੇ ਦੀ ਕੋਈ ਸਮੱਸਿਆ ਹੀ ਨਹੀਂ ਆਈ। ਉਹ ਕੱਥਕ ਨਾਚ ਵਿਚ ਗੋਲਡ ਮੈਡਲ ਜੇਤੂ ਹੈ। ਉਸ ਨੇ ਦੱਸਿਆ ਕਿ ਪਹਿਲਾਂ ਉਸ ਨੇ ਛੋਟੇ ਰੋਲ ਕੀਤੇ ਤਾਂ ਜੋ ਦਰਸ਼ਕਾਂ ਦਾ ਆਪਣੇ ਪ੍ਰਤੀ ਝੁਕਾਅ ਦੇਖ ਸਕੇ ਅਤੇ ਫਿਰ ਸਮਾਂ ਮਿਲਦੇ ਹੀ ਉਸ ਨੇ ਮੁੱਖ ਰੋਲ ਸਵੀਕਾਰ ਕਰ ਲਿਆ। ਇਸ ਫਿਲਮ 'ਚ ਐਮੀ ਵਿਰਕ ਅਤੇ ਤਾਨੀਆ ਤੋਂ ਇਲਾਵਾ ਜਗਜੀਤ ਸੰਧੂ, ਸੀਮਾ ਕੌਸ਼ਲ, ਬਲਵਿੰਦਰ ਬੁਲਟ, ਮੋਹਣੀ ਤੂਰ, ਜੈਸਮੀਨ ਬਾਜਵਾ, ਰਬਾਬ ਕੌਰ ਅਤੇ ਲੱਖਾ ਲਹਿਰੀ ਆਦਿ ਨੇ ਵੀ ਕੰਮ ਕੀਤਾ ਹੈ।


Tags: SufnaJagdeep SidhuAmmy VirkTaniaB PraakJaani

About The Author

sunita

sunita is content editor at Punjab Kesari