FacebookTwitterg+Mail

ਅਜੋਕੇ ਰਿਸ਼ਤਿਆਂ ਦੀ ਬਾਤ ਪਾਵੇਗੀ ਸਤਿੰਦਰ ਸਰਤਾਜ ਦੀ ‘ਇੱਕੋ-ਮਿੱਕੇ’, 13 ਮਾਰਚ ਨੂੰ ਹੋਵੇਗੀ ਰਿਲੀਜ਼

upcoming punjabi movie ikko mikke
27 February, 2020 11:59:43 AM

ਚੰਡੀਗੜ੍ਹ (ਬਿਊਰੋ) : ਜੇ ਸਮਾਜ ਫ਼ਿਲਮਾਂ ਦਾ ਪ੍ਰਭਾਵ ਕਬੂਲਦਾ ਹੈ ਤਾਂ ਫ਼ਿਲਮਾਂ ਵੀ ਸਮਾਜ 'ਚ ਵਾਪਰ ਰਹੀਆਂ ਘਟਨਾਵਾਂ ਅਤੇ ਹਾਲਾਤ ਤੋਂ ਪ੍ਰੇਰਿਤ ਹੁੰਦੀਆਂ ਹਨ। ਪੰਜਾਬੀ ਫ਼ਿਲਮ 'ਇੱਕੋ-ਮਿੱਕੇ' ਇਹੋ-ਜਿਹੀ ਹੀ ਫ਼ਿਲਮ ਹੈ, ਜੋ ਅਜੋਕੇ ਰਿਸ਼ਤਿਆਂ ਅਤੇ ਇਨ੍ਹਾਂ 'ਚ ਵਧ ਰਹੀਆਂ ਦੂਰੀਆਂ ਦੀ ਗੱਲ ਕਰਦੀ ਹੈ। ਪੰਜਾਬੀ ਦੇ ਨਾਮਵਰ ਗਾਇਕ ਅਤੇ ਸ਼ਾਇਰ ਡਾ. ਸਤਿੰਦਰ ਸਰਤਾਜ ਦੀ ਬਤੌਰ ਨਾਇਕ ਇਹ ਪਹਿਲੀ ਪੰਜਾਬੀ ਫ਼ਿਲਮ ਮੁਹੱਬਤੀ ਰਿਸ਼ਤਿਆਂ ਦੀ ਗੱਲ ਕਰਦੀ ਹੈ। ਇਹ ਫ਼ਿਲਮ ਰਿਸ਼ਤਿਆਂ 'ਚ ਵਧ ਰਹੀਆਂ ਦੂਰੀਆਂ ਦੀ ਕਹਾਣੀ ਹੈ, ਜੋ ਇਕ-ਦੂਜੇ ਨੂੰ ਸਮਝਣ ਅਤੇ ਰਿਸ਼ਤਿਆਂ 'ਚ ਪੈ ਰਹੀਆਂ ਦੂਰੀਆਂ ਨੂੰ ਖ਼ਤਮ ਕਰਨ ਲਈ ਪ੍ਰੇਰਿਤ ਕਰਦੀ ਹੈ।

13 ਮਾਰਚ ਨੂੰ ਰਿਲੀਜ਼ ਹੋ ਰਹੀ ਇਹ ਫ਼ਿਲਮ ਮੁਹੱਬਤ ਦੇ ਰਿਸ਼ਤੇ 'ਚ ਬੰਨ੍ਹੇ ਇਕ ਅਜਿਹੇ ਜੋੜੇ ਦੀ ਕਹਾਣੀ ਹੈ, ਜੋ ਸਾਰੀ ਜ਼ਿੰਦਗੀ ਇਕ-ਦੂਜੇ ਦਾ ਸਾਥ ਨਿਭਾਉਣ ਦੀ ਕਸਮ ਖਾ ਕੇ ਵਿਆਹ ਦੇ ਬੰਧਨ 'ਚ ਬੱਝਦੇ ਹਨ ਪਰ ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਦੋਵਾਂ 'ਚ ਤਕਰਾਰ ਸ਼ੁਰੂ ਹੁੰਦੀ ਹੈ, ਜੋ ਦੋਵਾਂ ਦੀ ਜ਼ਿੰਦਗੀ 'ਚ ਉਥਲ-ਪੁਥਲ ਮਚਾ ਦਿੰਦੀ ਹੈ। ਪੰਕਜ ਵਰਮਾ ਦੀ ਲਿਖੀ ਅਤੇ ਨਿਰਦੇਸ਼ਿਤ ਕੀਤੀ ਇਸ ਫ਼ਿਲਮ 'ਚ ਸਤਿੰਦਰ ਸਰਤਾਜ ਅਤੇ ਅਦਿਤੀ ਸ਼ਰਮਾ ਦੀ ਜੋੜੀ ਬੇਹੱਦ ਜਚ ਰਹੀ ਹੈ। ਫ਼ਿਲਮ ਦਾ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕਾਂ ਦਾ ਇਸ ਫ਼ਿਲਮ ਪ੍ਰਤੀ ਉਤਸ਼ਾਹ ਦੇਖਿਆਂ ਹੀ ਬਣਦਾ ਹੈ। 'ਸੈਵਨ ਕਲਰ ਐਂਟਰਟੇਨਮੈਂਟ' ਵਲੋਂ ਦੁਨੀਆ ਭਰ 'ਚ ਡਿਸਟ੍ਰੀਬਿਊਟ ਕੀਤੀ ਜਾ ਰਹੀ ਇਸ ਫ਼ਿਲਮ 'ਚ ਦਰਸ਼ਕਾਂ ਨੂੰ ਸਤਿੰਦਰ ਸਰਤਾਜ ਦਾ ਇਕ ਵੱਖਰਾ ਹੀ ਰੂਪ ਦੇਖਣ ਨੂੰ ਮਿਲੇਗਾ।

ਸਰਦਾਰ ਸੋਹੀ, ਮਹਾਵੀਰ ਭੁੱਲਰ, ਸ਼ਿਵਾਨੀ ਸੈਣੀ, ਵੰਦਨਾ ਸ਼ਰਮਾ, ਬੇਗੋ ਬਲਵਿੰਦਰ, ਵਿਜੇ ਕੁਮਾਰ, ਨਵਦੀਪ ਕਲੇਰ, ਮਨਿੰਦਰ ਵੈਲੀ, ਰਾਜ ਧਾਲੀਵਾਲ, ਉਮੰਗ ਸ਼ਰਮਾ ਸਮੇਤ ਕਈ ਹੋਰ ਵੱਡੇ ਚਿਹਰੇ ਇਸ ਫ਼ਿਲਮ ਦਾ ਅਹਿਮ ਹਿੱਸਾ ਹਨ। ਫ਼ਿਲਮ ਦੀ ਟੀਮ ਮੁਤਾਬਕ ਦਰਸ਼ਕਾਂ ਨੂੰ ਇਸ ਫ਼ਿਲਮ 'ਚ ਸਰਤਾਜ ਦੀ ਗਾਇਕੀ ਵਾਂਗ ਹੀ ਅਦਾਕਾਰੀ ਦੇ ਵੀ ਵੱਖਰੇ ਰੰਗ ਦੇਖਣ ਨੂੰ ਮਿਲਣਗੇ। ਸਰਤਾਜ ਦੀ ਗਾਇਕੀ ਵਾਂਗ ਇਹ ਫ਼ਿਲਮ ਵੀ ਆਮ ਨਹੀਂ ਹੈ, ਸਗੋਂ ਪੰਜਾਬੀ ਫਿਲਮਾਂ ਨਾਲੋਂ ਹਰ ਪੱਖ ਤੋਂ ਵੱਖਰੀ ਫ਼ਿਲਮ ਹੈ। ਇਹ ਫਿਲਮ ਨਿਰੋਲ ਰੂਪ 'ਚ ਪਰਿਵਾਰਕ ਡਰਾਮਾ ਫ਼ਿਲਮ ਹੈ, ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਤਾਂ ਰੱਖਦੀ ਹੀ ਹੈ, ਸਗੋਂ ਇਕ-ਦੂਜੇ ਪ੍ਰਤੀ ਜ਼ਿੰਮੇਵਾਰੀ ਸਮਝਣ ਦਾ ਵੀ ਅਹਿਸਾਸ ਕਰਵਾਉਂਦੀ ਹੈ।


Tags: Upcoming Punjabi MovieIkko MikkeSatinder SartaajAditi SharmaPunjabi MovieSaga Music

About The Author

sunita

sunita is content editor at Punjab Kesari