ਯਾਦ ਗਰੇਵਾਲ
'ਜੋਰਾ' ਦੀ ਸਟਾਰ ਕਾਸਟ ਬਾਰੇ ਬਾਈ ਅਮਰਦੀਪ ਸਿੰਘ ਗਿੱਲ ਦੀ ਜ਼ੁਬਾਨੀ ਜਾਨਣ ਦੀ ਸਿਲਸਿਲੇ ਵਿਚ ਅੱਜ ਅਸੀਂ ਯਾਦ ਗਰੇਵਾਲ ਬਾਰੇ ਗੱਲ ਕਰਾਂਗੇ। ਜੋਰਾ ਦੱਸ ਨੰਬਰੀਆ ਵਿਚ ਯਾਦ ਗਰੇਵਾਲ ਨੇ ਦੀਪੇ ਦਾ ਕਿਰਦਾਰ ਨਿਭਾਇਆ ਹੈ। ਅਮਰਦੀਪ ਸਿੰਘ ਗਿੱਲ ਜੀ ਦਾ ਕਹਿਣਾ ਹੈ ਕਿ ਯਾਦ ਗਰੇਵਾਲ ਬਠਿੰਡੇ ਸ਼ਹਿਰ ਦਾ ਹੀ ਜੰਮਪਲ ਹੈ। ਯਾਦ ਗਰੇਵਾਲ ਉਨ੍ਹਾਂ ਦੇ ਬਹੁਤ ਕਰੀਬ ਹੈ ਅਤੇ ਉਹ ਬਹੁਤ ਪੁਰਾਣਾ ਜਾਣਕਾਰ ਹੈ। ਯਾਦ ਗਰੇਵਾਲ ਦੀ ਦਿੱਖ ਅਤੇ ਪਰਸਨੈਲਿਟੀ ਵਰਗਾ ਕੋਈ ਦੂਜਾ ਪੰਜਾਬੀ ਫਿਲਮ ਇੰਡਸਟਰੀ ਵਿਚ ਨਹੀਂ। ਯਾਦ ਗਰੇਵਾਲ ਨੂੰ ਪੰਜਾਬੀ ਫਿਲਮ ਇੰਡਸਟਰੀ ਦਾ ਇਕ ਬਹੁਤ ਹੀ ਬਿਹਤਰੀਨ ਤੇ ਬਾਕਮਾਲ ਅਦਾਕਾਰ ਹੋਣ ਦੇ ਬਾਵਜੂਦ ਬਹੁਤਾ ਕੰਮ ਨਹੀਂ ਮਿਲਿਆ ਕਿਉਂਕਿ ਮੌਜੂਦਾ ਦੌਰ ਵਿਚ ਪੰਜਾਬੀ ਫਿਲਮ ਇੰਡਸਟਰੀ ਦਾ ਰੁਝਾਨ ਕਾਮੇਡੀ ਫਿਲਮਾਂ ਵੱਲ ਹੈ, ਜੋ ਯਾਦ ਗਰੇਵਾਲ ਦੀ ਪਰਸਨੈਲਿਟੀ ਨੂੰ ਸੂਟ ਨਹੀਂ ਕਰਦੀਆਂ।
ਯਾਦ ਗਰੇਵਾਲ ਨੇ ਮਿੱਟੀ (2010) ਨਾਲ ਸਿਲਵਰ ਸਕ੍ਰੀਨ 'ਤੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ 'ਲਾਇਨ ਆਫ ਪੰਜਾਬ' (2011), 'ਕਬੱਡੀ ਵਨਸ ਅਗੇਨ' (2012), 'ਸਾਡਾ ਹੱਕ' (2013), 'ਵਨਸ ਅਪਨ ਏ ਟਾਈਮ ਇਨ ਮੁੰਬਈ ਦੁਬਾਰਾ' ਵਰਗੀਆਂ ਫਿਲਮਾਂ ਵਿਚ ਕੰਮ ਕੀਤਾ। ਇਨ੍ਹਾਂ ਸਾਰੀਆਂ ਫਿਲਮ ਵਿਚ ਯਾਦ ਗਰੇਵਾਲ ਦਾ ਕਿਰਦਾਰ ਨੇਗਟਿਵ ਹੈ। ਸਰਦਾਰ ਗਿੱਲ ਨੇ ਦੱਸਿਆ ਕਿ ਜਦੋਂ ਉਹ ਜੋਰਾ ਫਿਲਮ ਦੀ ਕਹਾਣੀ ਲਿਖ ਰਹੇ ਸਨ ਤਾਂ ਉਨ੍ਹਾਂ ਪਹਿਲਾਂ ਹੀ ਸੋਚ ਲਿਆ ਸੀ ਕਿ ਯਾਦ ਗਰੇਵਾਲ ਨੂੰ ਫਿਲਮ ਵਿਚ ਰੋਲ ਲਾਜ਼ਮੀ ਦੇਣਾ ਹੈ ਅਤੇ ਉਸ ਕੋਲੋਂ ਨੇਗਟਿਵ ਨਹੀਂ ਸਗੋ ਪੋਜਟਿਵ ਤੇ ਵੱਡਾ ਕਿਰਦਾਰ ਕਰਵਾਉਣਾ ਹੈ। ਯਾਦ ਗਰੇਵਾਲ ਨੂੰ ਪਹਿਲਾਂ ਜੋਰਾ ਫਿਲਮ ਦੇ ਇਕ ਹੋਰ ਕਿਰਦਾਰ ਸ਼ੇਰੇ ਰਾਠੌਰ ਦੇ ਲਈ ਚੁਣਿਆ ਗਿਆ ਸੀ, ਜੋ ਕਿ ਬਾਅਦ ਵਿਚ ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਮੁਕੁਲ ਦੇਵ ਨੇ ਕੀਤਾ।
ਅਮਰਦੀਪ ਸਿੰਘ ਗਿੱਲ ਮੁਤਾਬਿਕ, 'ਜੋਰਾ ਦਿ ਸੈਕਿੰਡ ਚੈਪਟਰ' ਵਿਚ ਵੀ ਦੀਪੇ ਦਾ ਕਿਰਦਾਰ ਬਹੁਤ ਹੀ ਵੱਖਰਾ ਤੇ ਬਹੁਤ ਵੱਡਾ ਹੈ। ਫਿਲਮ ਵਿਚ ਦੀਪੇ ਦੇ ਡਾਇਲਾਗ ਕਿਤੇ ਨਾ ਕਿਤੇ ਜੋਰੇ ਨਾਲੋਂ ਵੀ ਵੱਧ ਅਤੇ ਵੱਡੇ ਹਨ।|ਜੋਰੇ ਦੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਗੱਲਾਂ ਤੋਂ ਦੀਪਾ ਬਚਪਨ ਤੋਂ ਜਾਣੂ ਹੈ। ਦੀਪਾ ਅਤੇ ਜੋਰਾ ਇਕੱਠੇ ਸਕੂਲ ਪੜ੍ਹਨ ਜਾਂਦੇ, ਇਕੱਠੇ ਵੱਡੇ ਹੁੰਦੇ, ਉਸ ਤੋਂ ਬਾਅਦ ਸਾਰੀ ਜ਼ਿੰਦਗੀ ਦੀਪਾ ਜੋਰੇ ਦੇ ਨਾਲ ਉਸ ਦੇ ਪਰਛਾਵੇਂ ਵਾਂਗ ਰਹਿੰਦਾ ਹੈ। ਦੀਪਾ ਕਦੇ ਵੀ ਲੀਡ ਨਹੀਂ ਕਰਦਾ ਪਰ ਦੀਪਾ ਇਕ ਹੁੰਗਾਰੇ ਵਾਂਗ ਜੋਰੇ ਦੇ ਨਾਲ-ਨਾਲ ਰਹਿੰਦਾ ਹੈ। ਦੀਪਾ ਜੋਰੇ ਨੂੰ ਕਦੇ ਵੀ ਕਿਸੇ ਕੰਮ ਤੋਂ ਮਨ੍ਹਾ ਨਹੀਂ ਕਰਦਾ, ਜਦੋਂ ਕਿ ਉਹ ਉਮਰ ਵਿਚ ਜੋਰੇ ਨਾਲੋਂ ਵੱਡਾ ਹੈ ਅਤੇ ਜੋਰਾ ਵੀ ਹਮੇਸ਼ਾ ਦੀਪੇ ਨੂੰ ਸਤਿਕਾਰ ਅਤੇ ਅਦਬ ਨਾਲ ਦੀਪਾ ਬਾਈ ਕਹਿ ਕੇ ਹੀ ਬੁਲਾਉਂਦਾ ਹੈ। ਜੋਰਾ ਦੀਪੇ ਕਰਕੇ ਹੀ ਜੋਰਾ ਹੈ। ਦੀਪੇ ਦੇ ਕਿਰਦਾਰ ਲਈ ਯਾਦ ਗਰੇਵਾਲ ਦੀ ਲੁੱਕ ਦਾ ਖਾਸ ਧਿਆਨ ਰੱਖਿਆ ਗਿਆ ਹੈ। ਉਸ ਦੀਆਂ ਮੁੱਛਾਂ, ਦਾਹੜੀ, ਵਾਲਾਂ ਦਾ ਸਟਾਈਲ, ਕੱਪੜੇ, ਬੋਲਣ, ਤੁਰਨ, ਖੜ੍ਹਨ ਆਦਿ ਦੇ ਢੰਗ ਯਾਦ ਗਰੇਵਾਲ ਦੀਆਂ ਪਹਿਲੀਆਂ ਫਿਲਮਾਂ ਨਾਲੋਂ ਬਿਲਕੁਲ ਵੱਖਰੇ ਤੇ ਸੱਜਰੇ ਹਨ।
ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਯਾਦ ਗਰੇਵਾਲ ਨੂੰ ਦੀਪੇ ਦੇ ਕਿਰਦਾਰ ਲਈ ਚੁਣਿਆ ਅਤੇ ਮਾਣ ਹੈ ਕਿ ਯਾਦ ਗਰੇਵਾਲ ਨੇ ਜਿਵੇਂ ਦੀਪੇ ਦੇ ਕਿਰਦਾਰ ਨੂੰ ਨਿਭਾਇਆ ਉਸ ਨੇ ਇਸ ਕਿਰਦਾਰ ਨੂੰ ਅਮਰ ਕਰ ਦਿੱਤਾ ਹੈ। ਯਾਦ ਗਰੇਵਾਲ ਦਾ 'ਜੋਰਾ ਦਿ ਸੈਕਿੰਡ ਚੈਪਟਰ' ਵਿਚ ਦੀਪੇ ਦਾ ਕਿਰਦਾਰ ਇਕ ਵਾਰ ਫਿਰ ਸਭ ਨੂੰ ਬਹੁਤ ਪਸੰਦ ਆਏਗਾ।