FacebookTwitterg+Mail

ਸੁੱਚੀਆਂ ਮੁਹੱਬਤਾਂ ਦਾ 'ਸੁਫਨਾ' ਪੂਰਾ ਕਰੇਗੀ ਐਮੀ ਵਿਰਕ-ਤਾਨੀਆ ਦੀ ਜੋੜੀ

upcoming punjabi movie sufna
30 January, 2020 01:24:48 PM

ਐਮੀ ਵਿਰਕ ਪੰਜਾਬੀ ਸਿਨੇਮੇ ਦਾ ਇਕ ਸਰਗਰਮ ਨਾਇਕ ਹੈ, ਜਿਸ ਨੇ ਗਾਇਕੀ ਤੋਂ ਫ਼ਿਲਮਾਂ ਵੱਲ ਕਦਮ ਵਧਾਉਂਦਿਆਂ ਕਈ ਅਮਿੱਟ ਪੈੜ੍ਹਾਂ ਪਾਈਆਂ। ਐਮੀ ਵਿਰਕ ਉਨ੍ਹਾਂ ਸਫਲ ਗਾਇਕਾਂ 'ਚੋਂ ਇਕ ਹਨ, ਜਿੰਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਫਿਲਮੀ ਪਰਦੇ 'ਤੇ ਵੀ ਕਮਾਲ ਕੀਤਾ ਹੈ। 'ਅੰਗਰੇਜ਼' ਫਿਲਮ ਰਾਹੀਂ ਪਹਿਲੀ ਵਾਰ ਉਹ 'ਹਾਕਮ' ਦੇ ਕਿਰਦਾਰ 'ਚ ਫਿਲਮੀ ਪਰਦੇ 'ਤੇ ਨਜ਼ਰ ਆਏ ਸਨ, ਜਿਸ ਵਿਚ ਉਨ੍ਹਾਂ ਨੇ ਨੈਗੇਟਿਵ ਪੱਖ ਵਾਲੇ ਕਿਰਦਾਰ ਨਾਲ ਨਾਇਕ ਦੇ ਬਰਾਬਰ ਦਾ ਕੱਦ ਕੱਢ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ ਸੀ। ਉਸ ਤੋਂ ਬਾਅਦ ਗਿੱਪੀ ਗਰੇਵਾਲ ਦੀ 'ਅਰਦਾਸ' ਨਾਲ ਉਹ ਅਦਾਕਾਰੀ ਦੇ ਪਿੜ 'ਚ ਦੋ ਕਦਮ ਹੋਰ ਅੱਗੇ ਵਧੇ। ਫਿਲਮ 'ਬੰਬੂਕਾਟ' ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਨਾਇਕ ਬਣਦਿਆ ਉਨ੍ਹਾਂ ਨੇ 'ਸਿੰਮੀ ਚਾਹਲ' ਵਰਗੀ ਨਵੀਂ ਅਦਾਕਾਰਾ ਦੇ ਵੀ ਪੈਰ ਲਾਉਣ 'ਚ ਕੋਈ ਕਸਰ ਬਾਕੀ ਨਾ ਛੱਡੀ। ਐਮੀ ਵਿਰਕ ਦੀ ਇਕ ਖਾਸੀਅਤ ਹੈ ਕਿ ਉਹ ਹਰੇਕ ਕਿਰਦਾਰ 'ਚ ਆਪਣੇ ਆਪ ਨੂੰ ਢਾਲ ਲੈਂਦੇ ਹਨ। ਇਸੇ ਲਈ ਉਨ੍ਹਾਂ ਦੀ ਹਰੇਕ ਫਿਲਮ ਦਰਸ਼ਕਾਂ ਦੀ ਪਸੰਦ ਹੋ ਨਿਬੜਦੀ ਹੈ, ਭਾਵੇਂ ਉਹ ਮੌਤਾਂ ਦੀ ਤਾਣੀ ਸੁਲਝਾਉਂਦੀ ਰਹੱਸਮਈ ਫਿਲਮ 'ਸਹਾਬ ਬਹਾਦਰ' ਹੋਵੇ ਜਾਂ ਫਿਰ ਪਿਆਰ ਮੁਹੱਬਤਾਂ ਦੀ ਕਹਾਣੀ ਦਰਸਾਉਂਦੀ 'ਕਿਸਮਤ' ਹੋਵੇ। ਬਿਨਾਂ ਸ਼ੱਕ 'ਨਿੱਕਾ ਜ਼ੈਲਦਾਰ' ਲੜੀ ਦੀਆਂ ਫਿਲਮਾਂ ਨੇ ਉਨ੍ਹਾਂ ਨੂੰ ਇਕ ਨਵੀਂ ਪਛਾਣ ਦਿੱਤੀ ਹੈ। ਜ਼ਿਆਦਾਤਰ ਫਿਲਮਾਂ 'ਚ ਉਨ੍ਹਾਂ ਦੀ ਨਾਇਕਾ ਸੋਨਮ ਬਾਜਵਾ ਰਹੀ ਹੈ ਪਰ ਇੰਨ੍ਹੀਂ ਦਿਨੀਂ ਆ ਰਹੀ ਇਕ ਬਹੁਚਰਚਿਤ ਫਿਲਮ 'ਸੁਫਨਾ' ਵਿਚ ਉਨ੍ਹਾਂ ਦੀ ਜੋੜੀ ਤਾਨੀਆ ਨਾਲ ਬਣੀ ਹੈ।
ਜ਼ਿਕਰਯੋਗ ਹੈ ਕਿ 'ਸੁਫਨਾ' ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਸੁਪਰ ਹਿੱਟ ਰਹੀ ਲਵ ਸਟੋਰੀ ਫਿਲਮ 'ਕਿਸਮਤ' ਵਾਂਗ ਹੀ ਇੱਕ ਪ੍ਰੇਮ ਕਹਾਣੀ ਅਧਾਰਤ ਹੈ ਪਰ ਇਸ ਦਾ ਕਲਾਈਮੈਕਸ ਦਰਸ਼ਕਾਂ ਨੂੰ ਉਦਾਸ ਨਹੀਂ ਕਰੇਗਾ। ਇਸ ਫਿਲਮ ਦਾ ਲੇਖਕ ਤੇ ਨਿਰਦੇਸ਼ਕ ਜਗਦੀਪ ਸਿੱਧੂ ਹੈ, ਜਿਨ੍ਹਾਂ ਦੀ ਹਰੇਕ ਫਿਲਮ ਹਮੇਸ਼ਾ ਹੀ ਨਵੇਂ ਵਿਸ਼ੇ ਅਧਾਰਤ ਹੁੰਦੀ ਹੈ।

ਇਸ ਫਿਲਮ ਰਾਹੀਂ ਉਨ੍ਹਾਂ ਨੇ ਅਲੱੜ ਦਿਲਾਂ 'ਚ ਉਪਜੇ ਪ੍ਰੇਮ ਸਬੰਧਾਂ ਦੀ ਸੱਚੀ ਦਾਸਤਾਨ ਨੂੰ ਬਿਆਨ ਕੀਤਾ ਹੈ। ਅਦਾਕਾਰਾ ਤਾਨੀਆ ਬਾਰੇ ਦੱਸ ਦੇਈਏ ਕਿ ਜਿੱਥੇ ਰੰਗ ਰੂਪ, ਨਾਜ਼ ਨਖਰਿਆਂ ਦੀ ਪੁਜ ਕੇ ਅਮੀਰ ਹੈ, ਉੱਥੇ ਅਦਾਕਾਰੀ ਵਿਚ ਵੀ ਸੋਲਾਂ ਕਲਾਂ ਸੰਪੂਰਨ ਹੈ। ਇਹ ਉਹੀ ਤਾਨੀਆ ਹੈ, ਜਿਸ ਨੇ 'ਕਿਸਮਤ' ਫਿਲਮ ਵਿਚ ਐਮੀ ਵਿਰਕ ਦੀ ਮੰਗੇਤਰ ਕੁੜੀ 'ਅਮਨ' ਦਾ ਕਿਰਦਾਰ ਨਿਭਾਇਆ ਸੀ ਅਤੇ 'ਗੁੱਡੀਆ ਪਟੋਲੇ' ਫਿਲਮ ਵਿਚ ਸੋਨਮ ਬਾਜਵਾ (ਕੈਸ਼) ਦੀ ਛੋਟੀ ਭੈਣ 'ਨਿਕੋਲ' ਦੇ ਕਿਰਦਾਰ 'ਚ ਨਜ਼ਰ ਆਈ ਸੀ। ਤਾਨੀਆ ਨੇ 'ਸੰਨ ਆਫ ਮਨਜੀਤ ਸਿੰਘ' ਅਤੇ 'ਰੱਬ ਦਾ ਰੇਡੀਓ 2' ਵਿਚ ਵੀ ਕਮਾਲ ਦੀ ਅਦਾਕਾਰੀ ਦਿਖਾਈ। ਅਦਾਕਾਰੀ ਖੇਤਰ ਵਿਚ ਕਦਮ ਕਦਮ ਅੱਗੇ ਵਧਣ ਵਾਲੀ ਇਸ ਅਦਾਕਾਰਾ ਦੀ ਮਿਹਨਤ ਅਤੇ ਲਗਨ ਹੀ ਹੈ ਕਿ ਉਸ ਦੇ ਮੁਖੜੇ 'ਤੇ ਇਕ ਨਿਵੇਕਲਾ ਫਿਲਮੀ ਨਿਖਾਰ ਝਲਕਾਰੇ ਮਾਰ ਰਿਹਾ ਹੈ ਤੇ ਇਸ ਨਵੀਂ ਫਿਲਮ ਨਾਲ ਬਤੌਰ ਨਾਇਕਾ ਆਪਣਾ 'ਸੁਫਨਾ' ਸੱਚ ਕਰ ਰਹੀ ਹੈ।

ਤਾਨੀਆ ਨੇ ਆਪਣੇ ਪਿਛੋਕੜ ਬਾਰੇ ਗੱਲ ਕਰਦਿਆਂ ਕਿਹਾ ਕਿ ਉਸ ਦਾ ਜਨਮ ਤਾਂ ਜਮਸ਼ੇਦਪੁਰ ਦਾ ਹੈ ਪਰ ਉਸ ਦਾ ਪਾਲਣ ਪੋਸ਼ਣ ਤੇ ਮੁੱਢਲੀ ਪੜ੍ਹਾਈ ਅੰਮ੍ਰਿਤਸਰ 'ਚ ਹੋਈ ਤੇ ਕਲਾ ਦਾ ਸ਼ੌਂਕ ਉਸ ਨੂੰ ਬਚਪਨ ਤੋਂ ਹੀ ਸੀ। ਰੰਗਮੰਚ ਕਰਦਿਆਂ ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਲਗਾਤਾਰ 6 ਵਾਰ ਬੈਸਟ ਅਦਾਕਾਰਾ ਦਾ ਐਵਾਰਡ ਵੀ ਜਿੱਤੇ। ਇਸੇ ਦੌਰਾਨ ਉਸ ਨੂੰ ਬਾਲੀਵੁੱਡ ਫਿਲਮ 'ਸਰਬਜੀਤ' ਵੀ ਆਫਰ ਹੋਈ ਪਰ ਉਹ ਆਪਣੇ ਫਾਈਨਲ ਪੇਪਰਾਂ ਕਰਕੇ ਕਰ ਨਾ ਸਕੀ। ਫਿਰ 'ਸੰਨ ਆਫ ਮਨਜੀਤ ਸਿੰਘ' ਫਿਲਮ ਨਾਲ ਉਸ ਨੇ ਪੰਜਾਬੀ ਸਿਨੇਮੇ ਵੱਲ ਕਦਮ ਵਧਾਇਆ।

'ਸੁਫਨਾ' ਫਿਲਮ ਬਾਰੇ ਉਸ ਦਾ ਕਹਿਣਾ ਹੈ ਕਿ ਇਸ ਫਿਲਮ ਰਾਹੀਂ ਦਰਸ਼ਕ ਉਸ ਨੂੰ ਨਵੇਂ ਰੂਪ-ਰੰਗ ਵਿਚ ਦੇਖਣਗੇ। ਉਸ ਦਾ ਕਿਰਦਾਰ ਇਕ ਪਿੰਡ ਦੀ ਦਲੇਰ ਕੁੜੀ ਦਾ ਹੈ, ਜੋ ਆਪਣੇ ਪਿਆਰ ਨੂੰ ਪਾਉਣ ਲਈ ਸਮਾਜ ਨਾਲ ਟਕਰਾਉਣ ਦੀ ਹਿੰਮਤ ਰੱਖਦੀ ਹੈ। ਉਸ ਨੇ ਆਪਣੇ ਕਿਰਦਾਰ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਦੋ ਮਹੀਨੇ ਚੱਲੇ ਸੂਟ ਦੌਰਾਨ ਸਖਤ ਮਿਹਨਤ ਕੀਤੀ ਹੈ ਤੇ ਡਾਈਟ 'ਤੇ ਰਹਿ ਕੇ ਆਪਣਾ ਵਜ਼ਨ ਵੀ ਘਟਾਇਆ। ਜਾਤ-ਪਾਤ, ਧਰਮਾਂ ਤੋਂ ਉੱਪਰ ਉੱਠ ਕੇ ਪਿਆਰ ਦੀ ਭਾਸ਼ਾ ਨੂੰ ਸਮਝਾਉਂਦੀ ਇਹ ਫਿਲਮ 14 ਫਰਵਰੀ (ਵੈਲਨਟਾਇਨ ਡੇ) ਨੂੰ ਰਿਲੀਜ਼ ਹੋਵੇਗੀ। ਪੰਜ ਪਾਣੀ ਫਿਲਮਜ਼ ਦੇ ਬੈਨਰ ਹੇਠ ਨਿਰਮਾਤਾ ਗੁਰਪ੍ਰੀਤ ਸਿੰਘ ਤੇ ਨਵਨੀਤ ਸਿੰਘ ਵਿਰਕ ਦੀ ਇਸ ਫਿਲਮ ਦਾ ਲੇਖਕ ਤੇ ਨਿਰਦੇਸ਼ਕ ਜਗਦੀਪ ਸਿੱਧੂ ਹੈ, ਜਿਸ ਨੇ ਪਿਛਲੇ ਸਾਲ 'ਗੁੱਡੀਆਂ ਪਟੋਲੇ', 'ਸੁਰਖੀ ਬਿੰਦੀ' ਅਤੇ 'ਛੜਾ' ਵਰਗੀਆ ਬਲਾਕ ਬਾਸਟਰ ਫਿਲਮਾਂ ਪੰਜਾਬੀ ਦਰਸ਼ਕਾਂ ਨੂੰ ਦਿੱਤੀਆ ਹਨ। ਇਸ ਫਿਲਮ 'ਸੁਫ਼ਨਾ' ਰਾਹੀਂ ਉਸ ਨੇ ਪਿਆਰ ਕਰਨ ਵਾਲੇ ਦਿਲਾ ਦੀ ਪਿਆਰ ਪ੍ਰਤੀ ਜਨੂੰਨ ਦੀ ਦਾਸਤਾਨ ਬਿਆਨ ਕੀਤੀ ਹੈ। ਜਿੱਥੇ ਇਸ ਫਿਲਮ ਦੀ ਕਹਾਣੀ ਦਰਸ਼ਕਾਂ ਦੇ ਦਿਲਾਂ ਨੂੰ ਝੰਜੋੜੇਗੀ, ਉੱਥੇ ਫਿਲਮ ਦਾ ਗੀਤ ਸੰਗੀਤ ਵੀ ਰੂਹਾਂ ਦੀ ਗੱਲ ਕਰਦਾ ਹੋਇਆ ਮਨਾਂ ਦੀ ਹੂਕ ਬਣੇਗਾ।

ਜਗਦੀਪ ਸਿੱਧੂ ਦਾ ਕਹਿਣਾ ਹੈ ਕਿ ਇਹ ਫਿਲਮ ਅਜੋਕੇ ਦੌਰ ਦੀ ਕਹਾਣੀ ਹੈ, ਜੋ ਜਾਤਾਂ-ਪਾਤਾਂ ਤੋਂ ਉਪਰ ਉੱਠ ਕੇ ਸੱਚੀਆਂ-ਸੁੱਚੀਆਂ ਮੁਹੱਬਤਾਂ ਅਤੇ ਜ਼ਿੰਦਗੀ ਦੇ ਹੁਸੀਨ ਸੁਫਨਿਆਂ ਦੀ ਗੱਲ ਕਰਦੀ ਹੈ। ਇਸ ਫਿਲਮ ਦਾ ਨਾਇਕ ਜ਼ਿਮੀਂਦਾਰ ਪਰਿਵਾਰ ਦਾ ਪੜਾਕੂ ਮੁੰਡਾ ਹੈ ਤੇ ਨਾਇਕਾ ਮੇਹਨਤਕਸ ਪਰਿਵਾਰਾਂ ਦੀ ਉੱਚੇ ਸੁਫਨੇ ਦੇਖਣ ਵਾਲੀ ਖੂਬਸੁਰਤ ਮੁਟਿਆਰ ਹੈ। ਇਸ ਫਿਲਮ ਦੀ ਸਾਰੀ ਸ਼ੂਟਿਗ ਰਾਜਸਥਾਨ ਦੇ ਨਰਮਾ ਪੱਟੀ ਇਲਾਕੇ 'ਚ ਕੀਤੀ ਗਈ ਹੈ, ਜੋ ਉੱਥੋਂ ਦੇ ਕਲਚਰ ਅਤੇ ਰਹਿਣ ਸਹਿਣ ਨੂੰ ਪਹਿਲੀ ਵਾਰ ਪਰਦੇ 'ਤੇ ਦਿਖਾਏਗੀ। ਇਸ ਫਿਲਮ ਵਿਚ ਐਮੀ ਵਿਰਕ ਅਤੇ ਤਾਨੀਆ ਤੋਂ ਇਲਾਵਾ ਜਗਜੀਤ ਸੰਧੂ, ਜੈਸਮੀਨ ਬਾਜਵਾ, ਸੀਮਾ ਕੌਸ਼ਲ, ਕਾਕਾ ਕੌਤਕੀ, ਮੋਹਨੀ ਤੂਰ, ਰਬਾਬ ਕੌਰ, ਮਿੰਟੂ ਕਾਪਾ, ਬਲਵਿੰਦਰ ਬੁਲਟ, ਲੱਖਾ ਲਹਿਰੀ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਗੀਤ-ਸੰਗੀਤ ਬੀ ਪਰਾਕ ਨੇ ਤਿਆਰ ਕੀਤਾ ਹੈ ਤੇ ਗੀਤ ਜਾਨੀ ਨੇ ਲਿਖੇ ਹਨ।


Tags: Ammy VirkTaniaSufnaPunjabi MoviePunjabi Celebrity

About The Author

sunita

sunita is content editor at Punjab Kesari