FacebookTwitterg+Mail

ਦੁਨੀਆ ਭਰ ’ਚ ਕੱਲ ਰਿਲੀਜ਼ ਹੋਵੇਗੀ ਰੋਮਾਂਟਿਕ ਫਿਲਮ ‘ਸੁਫਨਾ’

upcoming punjabi movie sufna
13 February, 2020 09:18:20 AM

ਜਲੰਧਰ (ਰਾਹੁਲ ਸਿੰਘ) — ਪੰਜਾਬੀ ਫਿਲਮ ‘ਸੁਫਨਾ’ ਦੁਨੀਆ ਭਰ ’ਚ 14 ਫਰਵਰੀ ਯਾਨੀ ਕੱਲ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ’ਚ ਐਮੀ ਵਿਰਕ ਤੇ ਤਾਨੀਆ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜਿਨ੍ਹਾਂ ਨਾਲ ਜਗਜੀਤ ਸੰਧੂ, ਸੀਮਾ ਕੌਸ਼ਲ, ਜੈਸਮੀਨ ਬਾਜਵਾ, ਕਾਕਾ ਕੌਟਕੀ, ਮੋਹੀਨੀ ਤੂਰ, ਲੱਖਾ ਲਹਿਰੀ, ਬਲਵਿੰਦਰ ਬੁਲੇਟ, ਰਬਾਬ ਕੌਰ ਤੇ ਮਿੰਟੂ ਕਾਪਾ ਆਪਣੀ ਅਦਾਕਾਰੀ ਵਿਖਾਉਂਦੇ ਨਜ਼ਰ ਆਉਣਗੇ। ਫਿਲਮ ਨੂੰ ਗੁਰਪ੍ਰੀਤ ਸਿੰਘ ਤੇ ਨਵਨੀਤ ਵਿਰਕ ਨੇ ਪ੍ਰੋਡਿਊਸ ਕੀਤਾ ਹੈ, ਜਿਸ ਦੇ ਲੇਖਕ ਅਤੇ ਡਾਇਰੈਕਟਰ ਜਗਦੀਪ ਸਿੱਧੂ ਹਨ।

ਐਮੀ ਵਿਰਕ, ਤਾਨੀਆ ਤੇ ਜਗਦੀਪ ਸਿੱਧੂ ‘ਕਿਸਮਤ’ ਵਰਗੀ ਸੁਪਰਹਿੱਟ ਰੋਮਾਂਟਿਕ ਪੰਜਾਬੀ ਫਿਲਮ 'ਚ ਵੀ ਇਕੱਠੇ ਕੰਮ ਕਰ ਚੁੱਕੇ ਹਨ। ‘ਸੁਫਨਾ’ ਦੀ ਟੀਮ ਨੂੰ ਇਸ ਫਿਲਮ ਤੋਂ ‘ਕਿਸਮਤ’ ਨਾਲੋਂ ਵੱਧ ਹਿੱਟ ਹੋਣ ਦੀਆਂ ਉਮੀਦਾਂ ਹਨ। ਐਮੀ ਵਿਰਕ ਵਲੋਂ ਵੀ ਸਾਡੇ ਨਾਲ ਇੰਟਰਵਿਊ ਦੌਰਾਨ ਇਹ ਗੱਲ ਆਖੀ ਗਈ ਸੀ ਕਿ ‘ਸੁਫਨਾ’ ਉਨ੍ਹਾਂ ਦੀ ਸਭ ਤੋਂ ਸ਼ਾਨਦਾਰ ਤੇ ਵੱਧ ਕਮਾਈ ਕਰਨ ਵਾਲੀ ਫਿਲਮ ਹੋਵੇਗੀ। ਉਨ੍ਹਾਂ ਨੂੰ ਉਮੀਦ ਹੈ ਕਿ ਦਰਸ਼ਕ ਇਸ ਵੈਲੇਨਟਾਈਨ ਡੇਅ ਵਾਲੇ ਦਿਨ 'ਸੁਫਨਾ' ਫਿਲਮ ਦੇਖ ਕੇ ਜ਼ਰੂਰ ਖੁਸ਼ ਹੋਣਗੇ। ਉਥੇ ਫਿਲਮ ਦੇ ਟ੍ਰੇਲਰ ਤੇ ਗੀਤਾਂ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦਾ ਟ੍ਰੇਲਰ ਯੂਟਿਊਬ ’ਤੇ 6.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਫਿਲਮ ਦੇ ਹੁਣ ਤਕ 5 ਗੀਤ ਰਿਲੀਜ਼ ਹੋਏ ਹਨ।

ਸਭ ਤੋਂ ਪਹਿਲਾਂ ‘ਕਬੂਲ ਹੈ’ ਗੀਤ ਰਿਲੀਜ਼ ਹੋਇਆ, ਜਿਸ ਨੂੰ ਯੂਟਿਊਬ ’ਤੇ 11 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਫਿਲਮ ਦਾ ਦੂਜਾ ਗੀਤ ‘ਜਾਨ ਦਿਆਂਗੇ’ ਸੀ, ਜੋ ਯੂਟਿਊਬ ’ਤੇ 8.6 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ। ਫਿਲਮ ਦਾ ਤੀਜਾ ਗੀਤ ‘ਚੰਨਾ ਵੇ’ ਯੂਟਿਊਬ ’ਤੇ 8.6 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ। ਫਿਲਮ ਦਾ ਚੌਥਾ ਗੀਤ 'ਅੰਮੀ' 2.9 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ, ਜਦਕਿ ਪੰਜਵਾਂ ਗੀਤ ‘ਜੰਨਤ’ 3.4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਜਿਸ ਤਰ੍ਹਾਂ ਫਿਲਮ ਦੇ ਟ੍ਰੇਲਰ ਤੇ ਗੀਤਾਂ ਨੂੰ ਦਰਸ਼ਕਾਂ ਵਲੋਂ ਪਿਆਰ ਮਿਲਿਆ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਫਿਲਮ ਉਨ੍ਹਾਂ ਦੀਆਂ ਉਮੀਦਾਂ ’ਤੇ ਜ਼ਰੂਰ ਖਰੀ ਉਤਰੇਗੀ।


Tags: SufnaJagdeep SidhuAmmy VirkTaniaB PraakJaani

About The Author

sunita

sunita is content editor at Punjab Kesari