ਨਵੀਂ ਦਿੱਲੀ(ਬਿਊਰੋ) — ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਫਿਲਮ 'ਉੜੀ : ਦਿ ਸਰਜੀਕਲ ਸਟ੍ਰਾਈਕ' ਦੇ ਅਦਾਕਾਰਾਂ ਅਤੇ ਹੋਰ ਮੈਂਬਰਾਂ ਨਾਲ ਮੁਲਾਕਾਤ ਕੀਤੀ। ਜ਼ਮੀਨੀ ਫੌਜ ਦੇ ਮੁਖੀ ਬਿਪਿਨ ਰਾਵਤ ਦੇ ਨਿਵਾਸ ਵਿਖੇ ਆਯੋਜਿਤ ਇਕ ਸਮਾਰੋਹ ਦੌਰਾਨ ਇਹ ਮੁਲਾਕਾਤ ਹੋਈ. ਫਿਲਮ ਦੇ ਅਭਿਨੇਤਾ ਵਿੱਕੀ ਕੌਸ਼ਲ, ਯਾਮੀ ਗੌਤਮ, ਨਿਰਦੇਸ਼ਕ ਆਦਿਤਿਆ ਅਤੇ ਨਿਰਮਾਤਾ ਰੋਨੀ ਸਕਰੂਵਾਲਾ ਇਸ ਮੌਕੇ 'ਤੇ ਮੌਜੂਦ ਸਨ। ਸੀਤਾਰਮਨ ਨੇ ਟਵਿਟਰ 'ਤੇ ਫਿਲਮ ਦੇ ਸਭ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਅਜੇ ਇਹ ਫਿਲਮ ਨਹੀਂ ਵੇਖੀ ਪਰ ਇਸ ਦੀ ਬਹੁਤ ਸ਼ਲਾਘਾ ਸੁਣੀ ਹੈ।
ਦੱਸ ਦਈਏ ਕਿ ਵਿੱਕੀ ਕੌਸ਼ਲ ਤੇ ਯਾਮੀ ਗੌਤਮ ਸਟਾਰਰ ਫਿਲਮ 'ਉੜੀ ਦਿ ਸਰਜੀਕਲ ਸਟ੍ਰਾਈਕ' ਨੇ ਬਾਕਸ ਆਫਿਸ 'ਤੇ ਧਮਾਕਾ ਕਰ ਦਿੱਤਾ ਹੈ। ਤਕਰੀਬਨ 5 ਦਿਨਾਂ 'ਚ ਹੀ ਫਿਲਮ ਨੇ ਆਪਣੇ ਬਜਟ ਤੋਂ ਦੁਗਣੀ ਕਮਾਈ ਕਰ ਲਈ ਹੈ। ਇਸ ਦੇ ਨਾਲ ਇਹ ਫਿਲਮ ਸਾਲ 2019 ਦੀ ਪਹਿਲੀ ਜ਼ਿਆਦਾ ਹਿੱਟ ਫਿਲਮ ਵੀ ਬਣ ਗਈ ਹੈ। ਹੁਣ ਤੱਕ ਫਿਲਮ ਨੇ 55 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਜਦੋਂ ਕਿ ਫਿਲਮ ਦਾ ਬਜਟ 25 ਕਰੋੜ ਹੀ ਸੀ ਪਰ ਫਿਲਮ ਨੇ ਬਜਟ ਕੱਢਣ ਤੋਂ ਬਾਅਦ ਫਿਲਮਮੇਕਰਸ ਨੂੰ ਦੁਗਣਾ ਮੁਨਾਫਾ ਦੇ ਦਿੱਤਾ ਹੈ।
ਦੱਸ ਦਈਏ ਕਿ ਇਹ ਫਿਲਮ ਭਾਰਤ ਵਲੋਂ ਪਾਕਿਸਤਾਨ 'ਤੇ ਕੀਤੀ ਗਈ ਸਰਜੀਕਲ ਸਟ੍ਰਾਈਕ ਦੀ ਦਾਸਤਾਂ ਅਤੇ ਖੂਬਸੂਰਤੀ ਨਾਲ ਭਾਰਤੀ ਫੌਜ ਦੀ ਬਹਾਦਰੀ ਦੀ ਗਾਥਾ ਬਿਆਨ ਕਰਦੀ ਹੈ। 18 ਸਤੰਬਰ 2016 ਨੂੰ ਉੜੀ ਹਮਲੇ 'ਚ ਭਾਰਤੀ ਫੌਜ ਦੇ 19 ਜਵਾਨ ਸ਼ਹੀਦ ਹੋਏ ਸਨ। ਉਸ ਦੇ ਜਵਾਬ 'ਚ ਭਾਰਤੀ ਫੌਜ ਨੇ ਪਾਕਿਸਤਾਨ 'ਚ ਸਰਜੀਕਲ ਸਟ੍ਰਾਈਕ ਕੀਤੀ ਸੀ। ਫਿਲਮ ਉਸ ਰਾਤ ਦੀ ਕਹਾਣੀ ਨੂੰ ਪਰਦੇ 'ਤੇ ਦਿਖਾਉਂਦੀ ਹੈ।