FacebookTwitterg+Mail

'ਵੇਖ ਬਰਾਤਾਂ ਚੱਲੀਆਂ' ਨਾਲ ਹੋਰ ਚਮਕੇਗਾ ਬੀਨੂੰ ਢਿੱਲੋਂ ਦਾ 'ਸਿਤਾਰਾ'

vekh baraatan challiyan
28 July, 2017 03:43:37 PM

ਜਲੰਧਰ— ਬੀਨੂੰ ਢਿੱਲੋਂ ਹੁਣ ਪੰਜਾਬੀ ਫ਼ਿਲਮਾਂ ਦਾ ਚਮਕਦਾ ਸਿਤਾਰਾ ਹੈ। ਆਲਮ ਹੈ ਕਿ ਉਸ ਨੂੰ ਕੇਂਦਰ 'ਚ ਰੱਖ ਕੇ ਪੰਜਾਬੀ ਫ਼ਿਲਮਾਂ ਬਣ ਰਹੀਆਂ ਹਨ। ਉਸ ਲਈ ਵੱਖਰੇ ਤੌਰ 'ਤੇ ਕਿਰਦਾਰ ਤੇ ਕਹਾਣੀਆਂ ਲਿਖੀਆਂ ਜਾ ਰਹੀਆਂ ਹਨ। ਉਹ ਅੱਜ ਜਿਸ ਮੁਕਾਮ 'ਤੇ ਹੈ, ਇਹ ਉਸ ਨੇ ਰਾਤੋ-ਰਾਤ ਹਾਸਲ ਨਹੀਂ ਕੀਤਾ। ਇਸ ਪਿੱਛੇ ਸੰਘਰਸ਼ ਦੀ ਇਕ ਲੰਮੀ ਕਹਾਣੀ ਹੈ। ਥੀਏਟਰ, ਥੀਏਟਰ ਤੋਂ ਟੈਲੀਵਿਜ਼ਨ ਤੇ ਫਿਰ ਟੈਲੀਵਿਜ਼ਨ ਤੋਂ ਫ਼ਿਲਮਾਂ। ਇਸ ਦਰਮਿਆਨ ਭੰਗੜਾ ਤੇ ਹੋਰ ਬਹੁਤ ਕੁਝ ਆਇਆ। ਉਹ ਆਪਣੀ ਮਿਹਨਤ, ਕਲਾ ਤੇ ਲਿਆਕਤ ਨਾਲ ਪੌੜੀ ਦਰ ਪੌੜੀ ਅੱਗੇ ਵੱਧਦਾ ਗਿਆ ਤੇ ਅੱਜ ਉਹ ਸਫ਼ਲਤਾ ਦੀ ਉਸ ਟੀਸੀ 'ਤੇ ਹੈ, ਜਿਥੇ ਪਹੁੰਚਣਾ ਹਰ ਕਲਾਕਾਰ ਦੀ ਹਸਰਤ ਹੁੰਦੀ ਹੈ।

Punjabi Bollywood Tadka
ਮੇਹਲ ਮਿੱਤਲ ਸਾਹਬ ਹੁਰਾਂ ਤੋਂ ਬਾਅਦ ਬੀਨੂੰ ਦੂਜਾ ਕਾਮੇਡੀਅਨ ਹੈ, ਜੋ ਫ਼ਿਲਮ ਹੀਰੋ ਦੀ ਮੌਜੂਦਗੀ ਨੂੰ ਵੀ ਫਿੱਕੀ ਪਾ ਦਿੰਦਾ ਹੈ। ਉਸ ਨੂੰ ਕਿਰਦਾਰ 'ਚ ਵੜਨਾ ਤੇ ਉਸ ਨੂੰ ਨਿਭਾਉਣਾ ਬਾਖੂਬੀ ਆਉਂਦਾ ਹੈ। ਥੀਏਟਰ ਦਾ ਚੰਡਿਆਂ ਬੀਨੂੰ ਲਗਾਤਾਰ ਨਵੇਂ ਕੀਰਤੀਮਾਨ ਸਥਾਪਤ ਕਰਦਾ ਜਾ ਰਿਹਾ ਹੈ। ਇਹ ਉਸ ਦੀ ਮਿਹਨਤ, ਸਬਰ ਤੇ ਕਾਬਲੀਅਤ ਦਾ ਹੀ ਸਬੂਤ ਹੈ ਕਿ ਫ਼ਿਲਮਾਂ 'ਚ ਛੋਟੇ ਛੋਟੇ ਕਿਰਦਾਰ ਨਿਭਾਉਂਦਾ ਹੋਇਆ ਅੱਜ ਉਹ ਇਸ ਮੁਕਾਮ 'ਤੇ ਪਹੁੰਚ ਗਿਆ ਹੈ ਕਿ ਪੂਰੀ ਦੀ ਪੂਰੀ ਫ਼ਿਲਮ ਉਸ ਦੁਆਲੇ ਘੁੰਮਦੀ ਹੈ।

Punjabi Bollywood Tadka
ਉਹ ਦੱਸਦਾ ਹੈ ਕਿ ਟੈਲੀਵਿਜ਼ਨ ਤੋਂ ਬਾਅਦ ਜਦੋਂ ਉਹ ਫ਼ਿਲਮਾਂ 'ਚ ਆਇਆ ਤਾਂ ਕਾਮੇਡੀਅਨ ਤੌਰ 'ਤੇ ਕੰਮ ਕਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ। ਨਿਰਦੇਸ਼ਕ ਮਨਮੋਹਨ ਸਿੰਘ ਦੀ ਫ਼ਿਲਮ 'ਮੁੰਡੇ ਯੂ ਕੇ ਦੇ' 'ਚ ਉਸ ਨੇ ਖਲਨਇਕ ਦੇ ਤੌਰ 'ਤੇ ਸ਼ੁਰੂਆਤ ਕੀਤੀ ਸੀ ਪਰ ਉਸ ਦੀ ਖਲਨਾਇਕੀ ਬਹੁਤੀ ਦੇਰ ਰਾਸ ਨਹੀਂ ਆਈ। ਨਿਰਦੇਸ਼ਕ ਨਵਨੀਅਤ ਸਿੰਘ ਦੀ ਫ਼ਿਲਮ 'ਚ ਵੀ ਉਸ ਨੇ ਖਲਨਾਇਕ ਦੀ ਭੂਮਿਕਾ ਨਿਭਾਈ ਪਰ ਦਰਸ਼ਕਾਂ ਨੂੰ ਉਸ ਦੇ ਗੁੱਸੇ ਨਾਲ ਮਜ਼ਾਕ ਜ਼ਿਆਦਾ ਪਸੰਦ ਆਇਆ। ਇਸ ਮਗਰੋਂ ਉਸ ਨੇ ਕਾਮੇਡੀ ਕਿਰਦਾਰ ਕਰਨੇ ਸ਼ੁਰੂ ਕਰ ਦਿੱਤੇ।

Punjabi Bollywood Tadka

ਕਾਮੇਡੀ ਇਸ ਕਦਮ ਰਾਸ ਆਈ ਕਿ ਹੁਣ ਉਹ ਕਾਮੇਡੀ ਦਾ ਸੁਪਰ ਸਟਾਰ ਹੈ। ਨਿਰਦੇਸ਼ਕ ਸਮੀਪ ਕੰਗ ਦੀ ਫ਼ਿਲਮ 'ਕੈਰੀ ਆਨ ਜੱਟਾ' ਤੋਂ ਬਾਅਦ ਉਸ ਦੇ ਕਰੀਅਰ ਨੇ ਐਸੀ ਰਫਤਾਰ ਫੜ ਕਿ ਸਭ ਸਟੇਸ਼ਨ ਪਿੱਛੇ ਰਹਿ ਗਏ। ਕੁਝ ਕੁ ਸਾਲਾਂ ਤੋਂ ਉਹ ਫ਼ਿਲਮਾਂ 'ਚ ਮੁੱਖ ਕਿਰਦਾਰ ਵਾਂਗ ਨਜ਼ਰ ਆਉਂਣ ਲੱਗਾ ਹੈ। 'ਬੰਬੂਕਾਟ' ਦੀ ਸਫ਼ਲਤਾ 'ਚ ਬੀਨੂੰ ਦੀ ਅਹਿਮ ਭੂਮਿਕਾ ਰਹੀ ਤਾਂ ਨੀਰੂ ਬਾਜਵਾ ਨੇ 'ਚੰਨੋ, ਕਮਲੀ ਯਾਰ ਦੀ' 'ਚ ਉਸ ਨੂੰ ਆਪਣੇ ਨਾਲ ਨਾਇਕ ਦੇ ਤੌਰ 'ਤੇ ਪਰਦੇ 'ਤੇ ਪੇਸ਼ ਕੀਤਾ। 'ਦੁੱਲਾ ਭੱਟੀ' 'ਚ ਵੀ ਉਹ ਮੁੱਖ ਭੂਮਿਕਾ 'ਚ ਨਜ਼ਰ ਆਇਆ। 

Punjabi Bollywood Tadka
ਅੱਜ ਯਾਨੀ ਸ਼ੁੱਕਰਵਾਰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ 'ਵੇਖ ਬਰਾਤਾਂ ਚੱਲੀਆਂ' ਦਾ ਵੀ ਉਹ ਨਾਇਕ ਹੈ। ਨਿਰਦੇਸ਼ਕ ਸਿਤਿਜ ਚੌਧਰੀ ਦੀ ਇਹ ਫ਼ਿਲਮ ਉਸ ਦੇ ਕਿਰਦਾਰ ਦੁਆਲੇ ਹੀ ਬੁਣੀ ਗਈ ਹੈ। ਫ਼ਿਲਮ ਦੇ ਟ੍ਰੇਲਰ ਤੋਂ ਇਹ ਸਹਿਜੇ ਹੀ ਅੰਦਾਜ਼ਾ ਲੱਗ ਰਿਹਾ ਹੈ ਕਿ ਭਾਵੇ ਫ਼ਿਲਮ 'ਚ ਰਣਜੀਤ ਬਾਵਾ, ਜਸਵਿੰਦਰ ਭੱਲਾ ਸਮੇਤ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰ ਹਨ, ਪਰ ਫ਼ਿਲਮ ਦਾ ਅਸਲ ਨਾਇਕ ਬੀਨੂੰ ਢਿੱਲੋਂ ਹੀ ਹੈ। ਇਸ ਫ਼ਿਲਮ ਬਾਰੇ ਉਹ ਦੱਸਦਾ ਹੈ ਕਿ ਰਿਦਮ ਬੁਆਏਜ਼ ਇੰਟਰਟੇਨਮੈਂਟ, ਨਦਰ ਫ਼ਿਲਮਜ ਤੇ ਜੇ ਸਟੂਡੀਓ ਦੇ ਬੈਨਰ ਹੇਠ ਬਣੀ ਨਿਰਮਾਤਾ ਕਾਰਜ ਗਿੱਲ, ਅਮੀਕ ਵਿਰਕ ਤੇ ਜਸਪਾਲ ਸੰਧੂ ਹਨ ।

Punjabi Bollywood Tadka

ਨਰੇਸ਼ ਕਥੂਰੀਆ ਦੀ ਲਿਖੀ ਇਹ ਫ਼ਿਲਮ ਪੰਜਾਬ ਅਤੇ ਹਰਿਆਣਾ ਦੇ ਸੱਭਿਆਚਾਰ ਵਿਖਰੇਵੇਂ ਨੂੰ ਪਰਦੇ 'ਤੇ ਪੇਸ਼ ਕਰੇਗੀ। ਉਹ ਇਸ ਫ਼ਿਲਮ 'ਚ ਇਕ ਬੱਸ ਚਾਲਕ ਦੇ ਬੇਟੇ ਦੀ ਭੁਮਿਕਾ ਨਿਭਾ ਰਿਹਾ ਹੈ। ਉਹ ਦੱਸਦਾ ਹੈ ਕਿ ਫ਼ਿਲਮ 'ਚ ਉਸ ਨੂੰ ਹਰਿਆਣਾ ਦੀ ਇਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਜਦੋਂ ਵਿਆਹ ਦੀ ਗੱਲ ਤੁਰਦੀ ਹੈ ਤਾਂ ਪਹਿਲਾਂ ਦੋਵਾਂ ਪਰਿਵਾਰਾਂ ਦਾ ਸੱਭਿਆਚਾਰ, ਪਰਿਵਾਰਕ ਪਿਛੋਕੜ ਤੇ ਭਾਸ਼ਾ ਵੱਡੀ ਸਮੱਸਿਆ ਬਣਦੀ ਹੈ।

Punjabi Bollywood Tadka
ਉਸ ਦਾ ਮੰਨਣਾ ਹੈ ਕਿ ਪੰਜਾਬੀ ਫ਼ਿਲਮਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਇਹ ਪੰਜਾਬੀ ਸਿਨੇਮੇ ਲਈ ਸ਼ੁਭ ਸ਼ਗਨ ਕਿਹਾ ਜਾ ਸਕਦਾ ਹੈ ਪਰ ਮਸਲਾ ਇਸ ਗੱਲ ਦਾ ਵੀ ਹੈ ਕਿ ਗਿਣਤੀ ਨਾਲ ਫ਼ਿਲਮਾਂ ਦਾ ਮਿਆਰ ਵੀ ਹੇਠਾਂ ਆ ਰਿਹਾ ਹੈ। ਉਹ ਹੁਣ ਹਰ ਫ਼ਿਲਮ ਦਾ ਹਿੱਸਾ ਬਣਨ ਨਾਲੋਂ ਸਾਲ ਦੀਆਂ ਦੋ ਤੋਂ ਤਿੰਨ ਫ਼ਿਲਮਾਂ ਹੀ ਕਰ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਆਪਣਾ ਪ੍ਰੋਡਕਸ਼ਨ ਹਾਊਸ ਵੀ ਖੋਲਿਆ ਹੈ, ਜਿਸ ਦੇ ਬੈਨਰ ਹੇਠ ਉਹ ਖੁਦ ਵੀ ਫ਼ਿਲਮਾਂ ਕਰੇਗਾ ਤੇ ਹੋਰਾਂ ਨੂੰ ਵੀ ਮੌਕਾ ਦੇਵੇਗਾ।


Tags: Vekh Baraatan Challiyan Binnu Dhillon Kavita Kaushik Ranjit Bawa Amrinder Gill Karamjit Anmol Jaswinder Bhalla