ਮੁੰਬਈ (ਬਿਊਰੋ) — ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਵੀਰਵਾਰ ਨੂੰ ਦਰਦਨਾਕ ਹਾਦਸਾ ਹੋ ਗਿਆ। ਇਥੇ ਐਲ. ਜੀ. ਪਾਲੀਮਾਰ ਇੰਡਸਟਰੀ ਵਿਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1000 ਤੋਂ ਜ਼ਿਆਦਾ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਵੀਰਵਾਰ ਸਵੇਰੇ ਵਾਪਰੀ। ਇਸ ਤੋਂ ਬਾਅਦ ਪੂਰੇ ਸ਼ਹਿਰ ਵਿਚ ਤਨਾਅਪੂਰਨ ਸਥਿਤੀ ਬਣੀ ਹੋਈ ਹੈ।
ਘੰਟਿਆਂ ਬੱਧੀ ਮਿਹਨਤ ਤੋਂ ਬਾਅਦ ਰਿਸਾਅ 'ਤੇ ਕਾਬੂ ਪਾਇਆ ਗਿਆ। ਸਥਾਨਕ ਪ੍ਰਸ਼ਾਸਨ ਅਤੇ ਨੇਵੀ ਨੇ ਫੈਕਟਰੀ ਨੇੜਲੇ ਪਿੰਡਾਂ ਨੂੰ ਖਾਲੀ ਕਰਵਾ ਲਿਆ ਹੈ। ਇਸ ਦਰਦਨਾਕ ਘਟਨਾ 'ਤੇ ਲੋਕਾਂ ਦੀ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਗਈ ਹੈ। ਬਾਲੀਵੁੱਡ ਸਿਤਾਰਿਆਂ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।
ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਜ਼ਹਿਰਲੀ ਗੈਸ ਲੀਕ ਹੋਣ 'ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਵਿਚ ਲਿਖਿਆ ਹੈ, ''ਜ਼ਹਿਰੀਲੀ ਗੈਸ ਲੀਕ 'ਤੇ ਦੁੱਖੀ ਹਾਂ। ਮੇਰੀ ਸੰਵੇਦਨਾਵਾਂ (ਹਮਦਰਦੀ) ਇਸ ਘਟਨਾ ਤੋਂ ਪ੍ਰਭਾਵਿਤ ਹੋਏ ਲੋਕਾਂ ਦੇ ਨਾਲ ਹਨ। ਹਾਲਾਤ ਨੂੰ ਕਾਬੂ ਵਿਚ ਲਿਆਉਣ ਲਈ ਜਲਦ ਹੀ ਕਦਮ ਚੁੱਕੇ ਜਾਣਗੇ।''
ਸਾਊਥ ਸਿਨੇਮਾ ਦੇ ਅਭਿਨੇਤਾ ਰਾਮ ਚਰਣ ਨੇ ਟਵਿੱਟਰ 'ਤੇ ਘਟਨਾ ਦਾ ਦੁੱਖ ਜ਼ਾਹਿਰ ਕਰਦੇ ਹੋਏ ਲਿਖਿਆ, ''ਵਿਜਾਗ ਗੈਸ ਲੀਕ ਘਟਨਾ ਦੇ ਜੁੜੇ ਦ੍ਰਿਸ਼ ਦਿਲ ਦਹਿਲਾ ਦੇਣ ਹਨ। ਇਸ ਘਟਨਾ ਵਿਚ ਮਰਨ ਵਾਲਿਆਂ ਦੇ ਪਰਿਵਾਰ ਵਾਲਿਆਂ ਨਾਲ ਮੇਰੀ ਹਮਦਰਦੀ ਹੈ। ਉਮੀਦ ਹੈ ਕਿ ਇਸ ਘਟਨਾ ਨਾਲ ਪ੍ਰਭਾਵਿਤ ਲੋਕਾਂ ਲਈ ਸਾਰੇ ਜ਼ਰੂਰੀ ਉਪਾਅ ਕੀਤੇ ਜਾ ਰਹੇ ਹੋਣਗੇ। ਮੈਂ ਵਿਜਾਗ ਦੇ ਲੋਕਾਂ ਲਈ ਪ੍ਰਾਥਨਾ ਕਰਦਾ ਹਾਂ।''
ਅਦਾਕਾਰਾ ਤਮੰਨਾ ਭਾਟੀਆ ਨੇ ਲਿਖਿਆ, ''ਜਿਵੇਂ ਹੀ ਮੇਰੀ ਅੱਖ ਖੁੱਲ੍ਹੀ ਵਿਜਾਗ ਗੈਸ ਦੇ ਲੀਕ ਹੋਣ ਦੀ ਘਟਨਾ ਸੁਰਖੀਆਂ ਵਿਚ ਸੀ। ਜਿਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਗੁਆਇਆ ਹੈ, ਉਨ੍ਹਾਂ ਦੇ ਪ੍ਰਤੀ ਹਮਦਰਦੀ ਅਤੇ ਜਿਹੜੇ ਹਸਪਤਾਲ ਵਿਚ ਭਰਤੀ ਹਨ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਦੁਆ ਕਰਦੀ ਹਾਂ।''